ਛੱਤਬੀੜ ਚਿੜੀਆਘਰ ਦੇ ਸ਼ੇਰਾਂ ਨੇ ਅੱਜ ਇੱਕ ਵਿਅਕਤੀ ਦੀ ਜਾਨ ਲੈ ਲਈ ਹੈ। ਇਹ ਘਟਨਾ ਅੱਜ ਐਤਵਾਰ ਬਾਅਦ ਦੁਪਹਿਰ 2:30 ਕੁ ਵਜੇ ਦੀ ਹੈ; ਜਦੋਂ ਉਹ ਅਣਪਛਾਤਾ ਵਿਅਕਤੀ ਘੱਗਰ ਦਰਿਆ ਵਾਲੇ ਪਾਸਿਓਂ 30 ਫ਼ੁੱਟ ਤਾਰਾਂ ਵਾਲ਼ੀ ਵਾੜ ਪਤਾ ਨਹੀਂ ਕਿਵੇਂ ਟੱਪ ਕੇ ਸ਼ੇਰਾਂ ਦੀ ਸਫ਼ਾਰੀ ਅੰਦਰ ਵੜ ਗਿਆ।
ਸ਼ੇਰਾਂ ਨੇ ਉਸ ਨੂੰ ਬੁਰੀ ਤਰ੍ਹਾਂ ਮਧੋਲ਼ ਦਿੱਤਾ। ਉਸ ਦੀ ਲਾਸ਼ ਦੀਆਂ ਤਸਵੀਰਾਂ ‘ਹਿੰਦੁਸਤਾਨ ਟਾਈਮਜ਼’ ਦੇ ਦਫ਼ਤਰ ਪੁੱਜੀਆਂ ਹਨ ਪਰ ਉਨ੍ਹਾਂ ਨੂੰ ਨਸ਼ਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਸ਼ੇਰਾਂ ਨੇ ਉਸ ਵਿਅਕਤੀ ਦਾ ਬਹੁਤ ਬੁਰਾ ਹਾਲ ਕੀਤਾ ਹੋਇਆ ਹੈ। ਉਸ ਦੀ ਸੱਜੀ ਅੱਖ ਅੱਧੀ ਖਾਧੀ ਹੋਈ ਹੈ। ਲਾਸ਼ ਦੀਆਂ ਅੱਖਾਂ ਪੂਰੀ ਤਰ੍ਹਾਂ ਖੁੱਲ੍ਹੀਆਂ ਹਨ। ਉਸ ਦੀਆਂ ਮਰੀਆਂ ਹੋਈਆਂ ਅੱਖਾਂ ਵਿੱਚੋਂ ਵੀ ਡਰ ਸਹਿਜੇ ਹੀ ਵੇਖਿਆ ਜਾ ਸਕਦਾ ਹੈ।
ਜਦੋਂ ਸ਼ੇਰ ਉਸ ਵਿਅਕਤੀ ਦੀ ਖਿੱਚ–ਧੂਹ ਕਰ ਹੀ ਰਹੇ ਸਨ, ਤਾਂ ਚਿੜੀਆਘਰ ਦੇ ਕਰਮਚਾਰੀਆਂ ਨੇ ਇਹ ਸਭ ਵੇਖ ਲਿਆ ਅਤੇ ਤੁਰੰਤ ਉਸ ਨੂੰ ਬਚਾਉਣ ਲਈ ਪੁੱਜੇ। ਕੁਝ ਅਪੁਸ਼ਟ ਖ਼ਬਰਾਂ ਅਨੁਸਾਰ ਇੱਕੋ ਸ਼ੇਰ ਨੇ ਉਸ ਵਿਅਕਤੀ ਨੂੰ ਮਧੋਲ਼ਿਆ ਤੇ ਕੁਝ ਹੋਰ ਖ਼ਬਰਾਂ ਮੁਤਾਬਕ ਇੱਕ ਤੋਂ ਵੱਧ ਸ਼ੇਰਾਂ ਨੇ ਉਸ ਵਿਅਕਤੀ ਉੱਤੇ ਹਮਲਾ ਕੀਤਾ। ਹੋਰ ਵੇਰਵਿਆਂ ਦੀ ਉਡੀਕ ਹੈ।
ਕਰਮਚਾਰੀਆਂ ਵੱਲੋਂ ਉਸ ਵਿਅਕਤੀ ਨੂੰ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿੱਚ ਡੇਰਾਬੱਸੀ ਦੇ ਸਿਵਲ ਹਸਪਤਾਲ ਲਿਜਾਂਦਾ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜ਼ੀਰਕਪੁਰ ਪੁਲਿਸ ਥਾਣੇ ਵੱਲੋਂ ਅੱਜ ਸ਼ਾਮੀਂ ਮੀਡੀਆ ਲਈ ਇੱਕ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਆਮ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਜੇ ਕੋਈ ਇਸ ਵਿਅਕਤੀ ਨੂੰ ਜਾਣਦਾ ਹੋਵੇ, ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਤੁਰੰਤ ਸੂਚਿਤ ਕਰੇ। ਲਾਸ਼ ਡੇਰਾ ਬੱਸੀ ਦੇ ਹਸਪਤਾਲ ਦੇ ਮੁਰਦਾਖਾਨੇ ਵਿੱਚ ਪਈ ਹੈ।
ਇਸ ਘਟਨਾ ਤੋਂ ਬਾਅਦ ਛੱਤਬੀੜ ਚਿੜੀਆਘਰ ਵਿੱਚ ਸ਼ੇਰਾਂ ਦੀ ਸਫ਼ਾਰੀ ਆਮ ਲੋਕਾਂ ਲਈ ਬੰਦ ਕਰ ਦਿੱਤੀ ਗਈ। ਇਸ ਵਾਰਦਾਤ ਦੇ ਤੁਰੰਤ ਬਾਅਦ ਪਹਿਲਾਂ ਖ਼ਬਰ ਆਈ ਕਿ ਸ਼ੇਰਾਂ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ ਹੈ ਤੇ ਫਿਰ ਇਹ ਖ਼ਬਰ ਆਈ ਕਿ ਉਸ ਨੂੰ ਬਚਾ ਲਿਆ ਗਿਆ ਹੈ। ਫਿਰ ਦੋਬਾਰਾ ਉਸ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ ਗਈ। ਇੰਝ ਕਾਫ਼ੀ ਚਿਰ ਮੀਡੀਆ ’ਚ ਇਸ ਮਾਮਲੇ ਨੂੰ ਲੈ ਕੇ ਕੁਝ ਭੰਬਲ਼ਭੂਸਾ ਜਿਹਾ ਉੱਸਰਿਆ ਰਿਹਾ।