ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਵੱਲੋਂ ਮਤਾ ਪਾਸ ਕਰਕੇ ਪਦਮ ਸ੍ਰੀ ਅਤੇ ਉੱਘੀ ਪੰਜਾਬੀ ਲੇਖਿਕਾ ਡਾ. ਦਲੀਪ ਕੌਰ ਟਿਵਾਣਾ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਡਾ. ਦਲੀਪ ਕੌਰ ਟਿਵਾਣਾ ਸੰਖੇਪ ਬਿਮਾਰੀ ਤੋਂ ਬਾਅਦ ਚੱਲ ਵਸੇ ਜ਼ਿਨਾਂ ਨੇ ਇੱਥੇ ਸ਼ੁੱਕਰਵਾਰ ਨੂੰ ਮੋਹਾਲੀ ਵਿਖੇ ਆਖਰੀ ਸਾਹ ਲਿਆ।
ਉੱਘੀ ਪੰਜਾਬੀ ਲੇਖਿਕਾ, ਵਿਦਵਾਨ ਅਤੇ ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ: ਦਲੀਪ ਕੌਰ ਟਿਵਾਣਾ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕਰਦਿਆਂ ਮੰਤਰੀ ਮੰਡਲ ਨੇ ਉਨਾਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪ੍ਰਤੱਖ ਮੂਰਤ ਦੱਸਿਆ, ਜਿਨਾਂ ਨੇ ਆਪਣੀਆਂ ਮੁੱਲਵਾਨ ਲਿਖਤਾਂ ਨਾਲ ਪੰਜਾਬੀ ਭਾਸ਼ਾ, ਕਲਾ ਅਤੇ ਸਾਹਿਤ ਦੇ ਪ੍ਰਚਾਰ ਲਈ ਵੱਡਾ ਯੋਗਦਾਨ ਪਾਇਆ ਜੋ ਨਵੇਂ ਉੱਭਰਦੇ ਲੇਖਕਾਂ ਅਤੇ ਉਨਾਂ ਦੇ ਲੱਖਾਂ ਪਾਠਕਾ ਲਈ ਹਮੇਸ਼ਾ ਪੇ੍ਰਰਨਾ ਦਾ ਸ੍ਰੋਤ ਰਹੇਗਾ।
ਡਾ. ਟਿਵਾਣਾ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਉਨਾਂ ਵੱਲੋਂ ਦਿੱਤੀਆਂ ਬੇਮਿਸਾਲ ਸੇਵਾਵਾਂ ਲਈ ਯਾਦ ਕਰਦਿਆਂ ਮੰਤਰੀ ਮੰਡਲ ਨੇ ਪਾਇਆ ਕਿ ਉਨਾਂ ਦੀ ਮੌਤ ਨਾਲ ਸਾਹਿਤ ਦੇ ਖੇਤਰ ਵਿੱਚ ਇੱਕ ਵੱਡਾ ਖਲਾਅ ਪੈਦਾ ਹੋ ਗਿਆ ਹੈ ਜਿਸਨੂੰ ਭਰਨਾ ਮੁਸ਼ਕਲ ਹੈ।
ਦੁਖੀ ਪਰਿਵਾਰ ਨਾਲ ਦਿਲੀਂ ਹਮਦਰਦੀ ਜ਼ਾਹਰ ਕਰਦਿਆਂ ਮੰਤਰੀ ਮੰਡਲ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਅਕਾਲ ਪੁਰਖ ਅੱਗੇ ਅਰਦਾਸ ਕੀਤੀ।