ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਸਮੁੱਚੇ ਉੱਤਰੀ ਭਾਰਤ ਹੱਡ–ਚੀਰਵੀਂ ਠੰਢ ਇਸ ਵੇਲੇ ਪੂਰੇ ਜ਼ੋਰਾਂ ’ਤੇ ਹੈ। ਕੱਲ੍ਹ ਦੇ ਮੁਕਾਬਲੇ ਠੰਢ ਅੱਜ ਕੁਝ ਘੱਟ ਹੈ ਪਰ ਧੁੰਦ ਬਹੁਤ ਸੰਘਣੀ ਹੈ। ਇਸੇ ਕਾਰਨ ਸੜਕ ਤੇ ਰੇਲ ਆਵਾਜਾਈ ਮੱਠੀ ਰਫ਼ਤਾਰ ਨਾਲ ਚੱਲ ਰਹੀ ਹੈ। ਕੁਝ ਹਵਾਈ ਉਡਾਣਾਂ ਵੀ ਡਾਇਵਰਟ ਕੀਤੀਆਂ ਜਾ ਰਹੀਆਂ ਹਨ।
ਅੱਜ ਸਵੇਰੇ 11 ਵਜੇ ਚੰਡੀਗੜ੍ਹ ਦਾ ਤਾਪਮਾਨ 9 ਡਿਗਰੀ ਸੈਲਸੀਅਸ ਸੀ; ਜਦ ਕਿ ਲੁਧਿਆਣਾ ਸਮੇਤ ਬਹੁਤ ਇਲਾਕਿਆਂ ਦਾ ਤਾਪਮਾਨ 6 ਡਿਗਰੀ ਸੀ ਅਤੇ ਅੰਮ੍ਰਿਤਸਰ ’ਚ ਪਾਰਾ 5 ਡਿਗਰੀ ’ਤੇ ਸੀ।
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ’ਚ ਅੱਜ ਤਾਪਮਾਨ 3 ਡਿਗਰੀ ਤੇ ਸ੍ਰੀਨਗਰ (ਜੰਮੂ ਕਸ਼ਮੀਰ) ’ਚ ਤਾਪਮਾਨ ਮਨਫ਼ੀ 1 ਡਿਗਰੀ ਸੈਲਸੀਅਸ ਸੀ।
ਚੰਡੀਗੜ੍ਹ ਦਾ ਤਾਪਮਾਨ ਸਵੇਰ ਵੇਲੇ 3.5 ਡਿਗਰੀ ਸੈਲਸੀਅਸ ਸੀ; ਜੋ ਕੱਲ੍ਹ ਦੇ ਮੁਕਾਬਲੇ 0.6 ਡਿਗਰੀ ਵੱਧ ਸੀ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ’ਚ ਦਸੰਬਰ ਦੀਆਂ ਇਨ੍ਹਾਂ ਤਰੀਕਾਂ ਦੌਰਾਨ ਪਹਿਲਾਂ ਕਦੇ ਵੀ ਪਾਰਾ ਇੰਨਾ ਜ਼ਿਆਦਾ ਨਹੀਂ ਡਿੱਗਾ।
ਚੰਡੀਗੜ੍ਹ ’ਚ 31 ਦਸੰਬਰ ਨੂੰ ਬੱਦਲ ਛਾਏ ਰਹਿ ਸਕਦੇ ਹਨ ਤੇ ਨਵੇਂ ਸਾਲ 2020 ਦੀ ਪਹਿਲੀ ਜਨਵਰੀ ਨੂੰ ਥੋੜ੍ਹਾ ਮੀਂਹ ਪੈ ਸਕਦਾ ਹੈ ਤੇ 2 ਜਨਵਰੀ ਨੂੰ ਇਸ ਮੀਂਹ ਵਿੱਚ ਕੁਝ ਤੇਜ਼ੀ ਆਉਣ ਦੀ ਸੰਭਾਵਨਾ ਹੈ ਤੇ ਨਾਲ ਗੜੇ ਵੀ ਪੈ ਸਕਦੇ ਹਨ। ਸੰਘਣੀ ਧੁੰਦ ਇੰਝ ਹੀ ਕਾਇਮ ਰਹੇਗੀ।
ਅਗਲੇ ਕੁਝ ਦਿਨ ਚੰਡੀਗੜ੍ਹ ਦਾ ਤਾਪਮਾਨ ਘੱਟ ਤੋਂ ਘੱਟ 4 ਤੋਂ 6 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ 11 ਤੋਂ 12 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ।
ਉੱਧਰ ਦਿੱਲੀ ’ਚ ਵੀ ਸੰਘਣੀ ਧੁੰਦ ਛਾਈ ਹੋਈ ਹੈ। ਘੱਟੋ–ਘੱਟ 30 ਰੇਲਾਂ ਦੇਰੀ ਨਾਲ ਚੱਲ ਰਹੀਆਂ ਹਨ। ਦਿੱਲੀ ਹਵਾਈ ਅੱਡੇ ਤੋਂ ਤਿੰਨ ਉਡਾਣਾਂ ਡਾਇਵਰਟ ਕੀਤੀਆਂ ਗਈਆਂ ਹਨ।