ਪੰਜਾਬ 'ਚ ਠੰਢ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਸਾਲ ਦਸੰਬਰ ਦੇ ਮਹੀਨੇ ਨੇ ਠੰਢ ਦੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਅਜਿਹੇ ਵਿੱਚ ਜਿੱਥੇ ਪੂਰਾ ਉੱਤਰੀ ਭਾਰਤ ਠੰਢ ਨਾਲ ਸੁੰਗੜ ਰਿਹਾ ਹੈ, ਉੱਥੇ ਹੀ ਸੋਮਵਾਰ ਨੂੰ ਪੰਜਾਬ 'ਚ ਫਰੀਦਕੋਟ ਜ਼ਿਲ੍ਹਾ ਸਭ ਤੋਂ ਠੰਢਾ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ 0.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਅੰਮ੍ਰਿਤਸਰ 'ਚ 1.2 ਡਿਗਰੀ, ਲੁਧਿਆਣਾ 'ਚ 4.6 ਡਿਗਰੀ, ਪਟਿਆਲਾ 'ਚ 4.5 ਅਤੇ ਗੁਰਦਾਸਪੁਰ 'ਚ 4.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਚੰਡੀਗੜ੍ਹ 'ਚ ਵੀ ਕੜਾਕੇ ਦੀ ਠੰਢ ਪੈ ਰਹੀ ਹੈ। ਇੱਥੇ ਤਾਪਮਾਨ 3.5 ਡਿਗਰੀ ਸੈਲਸੀਅਸ ਰਿਹਾ। ਹਰਿਆਣਾ ਦਾ ਰੋਹਤਕ 1.2 ਡਿਗਰੀ ਸੈਲਸੀਅਸ ਦੇ ਨਾਲ ਸੱਭ ਤੋਂ ਠੰਢਾ ਰਿਹਾ। ਅੰਬਾਲਾ 'ਚ 2.7 ਡਿਗਰੀ, ਹਿਸਾਰ 'ਚ 3.6 ਡਿਗਰੀ, ਕਰਨਾਲ 'ਚ 2.8 ਡਿਗਰੀ, ਨਾਰਨੌਲ 'ਚ 1.5 ਡਿਗਰੀ, ਭਿਵਾਨੀ 'ਚ 2.8 ਡਿਗਰੀ ਅਤੇ ਸਿਰਸਾ 'ਚ 2.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਇਨ੍ਹਾਂ ਦੋਵੇਂ ਸੂਬਿਆਂ 'ਚ ਪਿਛਲੇ 15 ਦਿਨਾਂ ਤੋਂ ਤਾਪਮਾਨ ਆਮ ਨਾਲੋਂ ਕਾਫੀ ਘੱਟ ਗਿਆ ਹੈ ਹੈ ਅਤੇ 8 ਤੋਂ 12 ਡਿਗਰੀ ਸੈਲਸੀਅਸ ਵਿਚਕਾਰ ਤਾਪਮਾਨ ਦਰਜ ਕੀਤਾ ਗਿਆ ਹੈ। ਸ੍ਰੀਨਗਰ 'ਚ ਠੰਢ ਲਗਾਤਾਰ ਰਿਕਾਰਡ ਤੋੜ ਰਹੀ ਹੈ, ਜਿੱਥੇ ਸ਼ਹਿਰ 'ਚ ਬੀਤੀ ਰਾਰ ਹੁਣ ਤਕ ਦੀ ਸੱਭ ਤੋਂ ਠੰਢੀ ਰਾਤ ਦਰਜ ਕੀਤੀ ਗਈ, ਉੱਥੇ ਹੀ ਸੋਮਵਾਰ ਨੂੰ ਘੱਟੋ-ਘੱਟ ਤਾਪਮਾਨ -6.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਵਿਚਕਾਰ ਮੌਸਮ ਵਿਭਾਗ ਨੇ ਨਵੇਂ ਸਾਲ ਤੋਂ ਪਹਿਲਾਂ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਪ੍ਰਗਟਾਈ ਹੈ।
ਉੱਤਰ ਕਸ਼ਮੀਰ ਦੇ ਗੁਲਮਰਗ 'ਚ ਐਤਵਾਰ ਰਾਤ ਨੂੰ ਤਾਪਮਾਨ -7.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਹਿਲਗਾਓਂ 'ਚ ਐਤਵਾਰ ਰਾਤ ਦਾ ਤਾਪਮਾਨ -10.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਰਾਸ 'ਚ ਪਾਰਾ -28.8 ਡਿਗਰੀ ਸੈਲਸੀਅਸ ਤੋਂ ਹੇਠਾਂ ਚਲਾ ਗਿਆ ਹੈ।