ਅਗਲੀ ਕਹਾਣੀ

ਜਲੰਧਰ ’ਚ ਲੜਕੀਆਂ ਲਈ ਬਣੇਗਾ ਡਿਗਰੀ ਕਾਲਜ, ਕੈਪਟਨ ਨੇ ਰਖਿਆ ਨੀਂਹ ਪੱਥਰ

------ਕਿਹਾ, ਅਗਲੇ ਤਿੰਨ ਸਾਲਾਂ ਵਿੱਚ ਸੂਬੇ 'ਚ ਸਥਾਪਤ ਕੀਤੇ ਜਾਣਗੇ 50 ਕਾਲਜ------


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ੁੱਕਰਵਾਰ ਨੂੰ ਜਲੰਧਰ ਦੇ ਸਥਾਨਕ ਬੂਟਾ ਮੰਡੀ ਵਿਖੇ ਲੜਕੀਆਂ ਵਾਸਤੇ ਡਿਗਰੀ ਕਾਲਜ ਦਾ ਨੀਂਹ ਪੱਥਰ ਰਖਿਆ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਅਗਲੇ ਤਿੰਨ ਸਾਲਾਂ ਵਿੱਚ ਉਨ੍ਹਾਂ ਦੀ ਸਰਕਾਰ ਵੱਲੋਂ ਸੂਬੇ ਚ 50 ਕਾਲਜ ਸਥਾਪਿਤ ਕਰਨ ਦਾ ਟੀਚਾ ਪੂਰਾ ਕਰਨ ਦਾ ਵੀ ਐਲਾਨ ਕੀਤਾ।

 

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਿਰਫ਼ ਦੋ ਸਾਲਾਂ ਵਿੱਚ 17 ਕਾਲਜ ਸਥਾਪਿਤ ਕਰਨ ਦੀ ਪ੍ਰਕਿਰਿਆ ਆਰੰਭ ਕੀਤੀ ਹੈ ਜਦਕਿ ਪਿਛਲੀ ਸਰਕਾਰ ਨੇ ਆਪਣੇ ਇੱਕ ਦਹਾਕੇ ਦੇ ਸ਼ਾਸਨ ਦੌਰਾਨ ਕੇਵਲ 30 ਕਾਲਜ ਸਥਾਪਿਤ ਕੀਤੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ–ਭਾਜਪਾ ਸਰਕਾਰ ਨੇ ਸਾਲ 2008 ਵਿੱਚ ਏਥੇ ਕਾਲਜ ਬਨਾਉਣ ਦਾ ਐਲਾਨ ਕੀਤਾ ਸੀ ਪਰ ਇਸ ਸਬੰਧ ਵਿੱਚ ਕੋਈ ਵੀ ਪ੍ਰਗਤੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ਦਾ ਕੇਵਲ ਨਾਂ ਦੀ ਖਾਤਰ ਐਲਾਨ ਕੀਤਾ ਸੀ ਪਰ ਇਸ ਨੂੰ ਪੂਰਾ ਨਹੀਂ ਕੀਤਾ।

 

 

ਬੂਟਾ ਮੰਡੀ ਵਿਖੇ ਉਸਾਰੇ ਜਾ ਰਹੇ ਡਿਗਰੀ ਕਾਲਜ ਬਾਰੇ ਗੱਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਇਸ ਖਿੱਤੇ ਦੀ ਇਕ ਬਹੁਤ ਪੁਰਾਣੀ ਮੰਗ ਸੀ ਜਿਸ ਨੂੰ ਪਹਿਲੀ ਵਾਰ 1992 ਵਿੱਚ ਉਠਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਕਾਲਜ 3 ਏਕੜ ਰਕਬੇ 'ਤੇ 13 ਕਰੋੜ ਰੁਪਏ ਦੀ ਲਾਗਤ ਨਾਲ ਡੇਢ ਸਾਲ ਵਿੱਚ ਬਣ ਕੇ ਤਿਆਰ ਹੋ ਜਾਵੇਗਾ। ਇਹ ਜ਼ਮੀਨ ਮੰਡੀ ਬੋਰਡ ਵੱਲੋਂ ਉੱਚ ਸਿੱਖਿਆ ਵਿਭਾਗ ਨੂੰ ਤਬਦੀਲ ਕੀਤੀ ਗਈ ਹੈ।

 

ਮੁੱਖ ਮੰਤਰੀ ਨੇ ਕਿਹਾ ਕਿ ਬਰਾਬਰਤਾ ਦੇ ਸਿਧਾਂਤਾਂ 'ਤੇ ਸਮਾਜ ਦੇ ਨਿਰਮਾਣ ਅਤੇ ਸਮਾਜਿਕ ਨਿਆਂ ਦੇ ਵਾਸਤੇ ਸਿੱਖਿਆ ਸਭ ਤੋਂ ਸ਼ਕਤੀਸ਼ਾਲੀ ਸਾਧਨ ਹੈ ਅਤੇ ਉੱਚ ਸਿੱਖਿਆ ਦਾ ਪਸਾਰ ਸਮੱਸਿਆ ਦੀ ਹਰ ਮਰਜ਼ ਦੀ ਦਵਾ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਤੌਰ 'ਤੇ ਬੂਟਾ ਮੰਡੀ ਸਮਾਜਿਕ ਅਤੇ ਆਰਥਿਕ ਤੌਰ 'ਤੇ ਹਾਸ਼ੀਏ 'ਤੇ ਪਹੁੰਚੇ ਵਰਗਾਂ ਦਾ ਖੇਤਰ ਸੀ ਜਿਨ੍ਹਾਂ ਨੂੰ ਲੰਮਾਂ ਸਮਾਂ ਉੱਚ ਸਿੱਖਿਆ ਦੇ ਮੌਕਿਆਂ ਤੋਂ ਵਾਂਝੇ ਰੱਖਿਆ ਗਿਆ। ਕਾਲਜ ਦੀ ਇਸ ਇਮਾਰਤ ਵਿੱਚ ਪ੍ਰਬੰਧਕੀ ਬਲਾਕ, ਆਰਟਸ ਤੇ ਸਾਇੰਸ ਬਲਾਕ, ਜ਼ੂਆਲੋਜੀ/ਬੋਟਨੀ ਲੈਬ ਅਤੇ ਵੱਖ-ਵੱਖ ਸੱਭਿਆਚਾਰਕ/ਵਿਦਿਅਕ ਸਰਗਰਮੀਆਂ ਲਈ ਬਹੁਮੰਤਵੀ ਹਾਲ ਹੋਵੇਗਾ।

 

ਕੈਪਟਨ ਅਮਰਿੰਦਰ ਸਿੰਘ ਨੇ ਦੁਹਰਾਇਆ ਕਿ ਕਾਂਗਰਸ ਸਰਕਾਰ ਉਨ੍ਹਾਂ ਵਿਧਾਨ ਸਭਾ ਹਲਕਿਆਂ ਵਿੱਚ ਨਵੇਂ ਡਿਗਰੀ ਕਾਲਜ ਖੋਲ੍ਹੇਗੀ ਜਿਨ੍ਹਾਂ ਵਿੱਚ ਡਿਗਰੀ ਕਾਲਜ ਨਹੀਂ ਹਨ। ਇਸ ਦਾ ਉਦੇਸ਼ ਪੰਜਾਬ ਦੇ ਸਾਰੇ ਜ਼ਰੂਰਤਮੰਦ ਵਰਗਾਂ ਨੂੰ ਮਿਆਰੀ ਸਿੱਖਿਆ ਮੁਹਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਨੂੰ ਦੋ ਡਿਗਰੀ ਕਾਲਜ ਮਿਲਣਗੇ ਜਿਨ੍ਹਾਂ ਵਿੱਚ ਇੱਕ ਬੂਟਾ ਮੰਡੀ ਅਤੇ ਦੂਜਾ ਸ਼ਾਹਕੋਟ ਵਿਖੇ ਹੋਵੇਗਾ।

 

 

ਇਸ ਤੋਂ ਪਹਿਲਾਂ ਮੁੱਖ ਮੰਤਰੀ ਦਾ ਸਵਾਗਤ ਕਰਦੇ ਹੋਏ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਲਈ ਅੱਜ ਦਾ ਦਿਨ ਬਹੁਤ ਇਤਿਹਾਸਕ ਹੈ ਜਦੋਂ ਕਾਂਗਰਸ ਸਰਕਾਰ ਨੇ ਲੜਕੀਆਂ ਦੇ ਡਿਗਰੀ ਕਾਲਜ ਸਬੰਧੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕੀਤਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਜਲੰਧਰ ਪੱਛਮੀ ਹਲਕੇ ਦੇ ਲੋਕਾਂ ਨੇ ਕਾਲਜ ਸਥਾਪਿਤ ਕਰਨ ਬਾਰੇ ਇਸ ਮੰਗ ਲਈ 107 ਦਿਨ ਲੰਮਾ ਵਿਰੋਧ ਕੀਤਾ।

 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਯਤਨ ਇਸ ਖਿਤੇ ਵਿੱਚ ਹੋਰ ਪਸਾਰ ਕਰੇਗਾ। ਉਨ੍ਹਾਂ ਨੇ ਇਸ ਖਿੱਤੇ ਲਈ ਮੈਡੀਕਲ ਕਾਲਜ ਦੀ ਵੀ ਮੰਗ ਕੀਤੀ ਤਾਂ ਜੋ ਦੋਆਬਾ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹਈਆ ਕਰਵਾਈਆਂ ਜਾ ਸਕਣ। ਰਿੰਕੂ ਨੇ ਮੁੱਖ ਮੰਤਰੀ ਨੂੰ 85ਵੀਂ ਸਵਿਧਾਨਕ ਸੋਧ ਇਸ ਦੀ ਅਸਲ ਭਾਵਨਾ ਅਨੁਸਾਰ ਲਾਗੂ ਕਰਨ ਦੀ ਅਪੀਲ ਕੀਤੀ।


ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਥੋੜੇ ਸਮੇਂ ਵਿੱਚ ਹੀ ਕਾਲਜ ਦੀ ਲੰਮੇ ਸਮਾਂ ਤੋਂ ਲੰਬਿਤ ਪਈ ਮੰਗ ਨੂੰ ਪ੍ਰਵਾਨ ਕਰ ਲਿਆ ਹੈ ਜਿਸ ਦਾ ਐਲਾਨ ਜਲੰਧਰ ਵਿਖੇ ਪਿਛਲੇ ਸਾਲ ਡਾ. ਬੀ.ਆਰ.ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਕੀਤਾ ਗਿਆ ਸੀ। ਸੰਸਦ ਮੈਂਬਰ ਨੇ ਜਲੰਧਰ ਵਿਖੇ ਟਾਟਾ ਗਰੁੱਪ ਵੱਲੋਂ 112 ਕਰੋੜ ਦੇ ਨਾਲ ਸ਼ੁਰੂ ਕੀਤੇ ਜਾ ਰਹੇ ਹੁਨਰ ਵਿਕਾਸ ਪ੍ਰੋਜੈਕਟ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।

 

ਇਸ ਸਬੰਧੀ ਸਹਿਮਤੀ ਪੱਤਰ 'ਤੇ ਪਹਿਲਾਂ ਹੀ ਹਸਤਾਖਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਜਲੰਧਰ ਵਿਖੇ ਅਤਿਆਧੁਨਿਕ ਸੁਪਰ ਸਪੈਸ਼ਿਲਟੀ ਹਸਪਤਾਲ ਅਤੇ ਮੈਡੀਕਲ ਕਾਲਜ ਦੀ ਵੀ ਮੰਗ ਕੀਤੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:College will be set up for girls in Jalandhar