ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪਿਛਲੀ ਦਿਨੀਂ ਪਾਰਟੀ ਲਈ ਉੱਦੋਂ ਨਵਾਂ ਪੰਗਾ ਪਾ ਦਿੱਤਾ। ਜਦੋਂ ਸੰਧਵਾਂ ਦੀ ਇੱਕ ਟਿੱਪਣੀ ਨੇ ਪੱਤਰਕਾਰਾਂ ਨੂੰ ਨਾਰਾਜ਼ ਕਰ ਦਿੱਤਾ। ਦਰਅਸਲ ਪ੍ਰੈੱਸ ਕਾਨਫ਼ਰੰਸ ਦੌਰਾਨ ਸੰਧਵਾਂ ਕੁਝ ਅਜਿਹਾ ਬੋਲ ਗਏ ਕਿ ਪੱਤਰਕਾਰਾਂ ਨੇ ਉਸ ਦਾ ਵਿਰੋਧ ਕੀਤਾ । ਉੱਥੇ ਮੌਜੂਦ ਸੀਨੀਅਰ ਪਾਰਟੀ ਨੇਤਾਵਾਂ ਨੇ ਸੰਧਵਾਂ ਦੇ ਵਿਵਹਾਰ ਲਈ ਮੁਆਫੀ ਮੰਗੀ. ਪਰ ਉਹ ਵੀ ਕੰਮ ਨਾ ਆਈ . ਅਸਲ 'ਚ ਰਾਜ ਇਕਾਈ ਦੇ ਸਹਿ-ਮੁਖੀ ਬਲਬੀਰ ਸਿੰਘ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੂੰ 2020 ਸਿੱਖ ਰਾਇਸ਼ੁਮਾਰੀ ਦੇ ਮੁੱਦੇ ਤੇ ਵੱਖਰੇ-ਵੱਖਰੇ ਬਿਆਨਾਂ ਬਾਰੇ ਪੁੱਛਿਆ ਗਿਆ ਤਾਂ ਕੋਟਕਪੂਰਾ ਵਿਧਾਇਕ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਜਿਹੇ ਸਵਾਲ ਨਾ ਪੁੱਛੋ। ਜਿਵੇਂ ਹੀ ਗੁੱਸੇ ਨਾਲ ਭਰੇ ਵਿਧਾਇਕ ਨੇ ਇਹ ਗੱਲ ਕਹੀ । ਪੱਤਰਕਾਰਾਂ ਨੇ ਟਿੱਪਣੀ ਦਾ ਜ਼ੋਰਦਾਰ ਇਤਰਾਜ਼ ਕੀਤਾ।
ਹਾਲਾਂਕਿ ਖਹਿਰਾ ਅਤੇ ਹੋਰ ਪਾਰਟੀ ਨੇਤਾਵਾਂ ਨੇ ਬਾਅਦ 'ਚ ਮੁਆਫੀ ਮੰਗੀ। ਪਰੰਤੂ ਸਾਬਕਾ ਰਾਸ਼ਟਰਪਤੀ ਜ਼ੈਲ ਸਿੰਘ ਦੇ ਭਰਾ ਦੇ ਪੋਤੇ ਸੰਧਵਾਂ ਨੇ ਆਪਣਾ ਪੱਖ ਫਿਰ ਦੁਹਰਾਇਆ ਅਤੇ ਕਾਨਫਰੰਸ ਛੱਡਕੇ ਬਾਹਰ ਚਲੇ ਗਏ। ਪ੍ਰੈਸ ਕਾਨਫਰੰਸ ਨੂੰ ਕੁਝ ਹੀ ਮਿਨਟਾਂ 'ਚ ਖਤਮ ਕਰ ਦਿੱਤਾ ਗਿਆ। ਜਦੋਂ ਸਾਰੇ ਬਾਹਰ ਨਿਕਲੇ ਤਾਂ ਸੰਧਵਾਂ ਨੂੰ ਗਰਮਾ-ਗਰਮ ਪਕੌੜੇ ਖਾਂਦੇ ਹੋਏ ਵੇਖਿਆ ਗਿਆ।
ਆਪਣੇ ਗਰਮ ਸੁਭਾਅ ਲਈ ਜਾਣੇ ਜਾਂਦੇ ਵਿਧਾਇਕ ਨੂੰ ਮਸਾਲੇਦਾਰ ਪਕੌੜੇ ਖਾਂਦੇ ਵੇਖ ਜਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ "ਜੇ ਤੁਹਾਨੂੰ ਪਕੌੜੇ ਖਾਣ ਦੀ ਇੰਨੀ ਹੀ ਕਾਹਲੀ ਸੀ ਅਸੀਂ ਅੰਦਰ ਹੀ ਮੰਗਾ ਲੈਂਦੇ।" ਸੰਧਵਾਂ ਨੇ ਹੱਸ ਕੇ ਜਵਾਬ ਦਿੱਤਾ ਜਿਵੇਂ ਕਿ ਉਨ੍ਹਾਂ ਨੂੰ ਲਾਪਰਵਾਹੀ ਭਰੇ ਵਿਵਹਾਰ ਨਾਲ ਕੋਈ ਫਰਕ ਨਹੀਂ ਪੈਂਦਾ।ਬਾਕੀ ਆਮ ਆਦਮੀ ਪਾਰਟੀ ਦੇ ਵੱਡੇ ਨੇਤਾਵਾਂ ਨੂੰ ਪੂਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।