ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਮਿਸ਼ਨ ਰਿਪੋਰਟ ਨੇ ਅਕਾਲੀਆਂ ਨੂੰ ਬੰਨ੍ਹਿਆ, ਕੈਪਟਨ ਵੀ ਤੱਥ ਪੇਸ਼ ਕਰਦਿਆਂ ਉਲਝੇ

ਕਮਿਸ਼ਨ ਰਿਪੋਰਟ ਨੇ ਅਕਾਲੀਆਂ ਨੂੰ ਬੰਨ੍ਹਿਆ, ਕੈਪਟਨ ਵੀ ਤੱਥ ਪੇਸ਼ ਕਰਦਿਆਂ ਉਲਝੇ

ਪੰਜਾਬ `ਚ ਸਾਲ 2015 ਦੌਰਾਨ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਸ ਤੋਂ ਬਾਅਦ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਵਾਲੇ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਰਿਪੋਰਟ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਥਾਂ `ਤੇ ਬੰਨ੍ਹ ਕੇ ਰੱਖ ਦਿੱਤਾ ਹੈ - ਕਿਉਂਕਿ ਇਹ ਪਾਰਟੀ ਇੱਕ ਪਾਸੇ ਜਿੱਥੇ ਇਸ ਰਿਪੋਰਟ ਨੁੰ ਮੁੱਢੋਂ ਰੱਦ ਕਰ ਰਹੀ ਹੈ, ਉੱਥੇ ਦੂਜੇ ਪਾਸੇ ਕਾਂਗਰਸੀ ਆਗੂਆਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਤੋਂ ਬਚਣ ਲਈ ਵੀ ਅਕਾਲੀ ਦਲ ਵੱਲੋਂ ਇਸੇ ਰਿਪੋਰਟ ਦਾ ਹੀ ਸਹਾਰਾ ਲਿਆ ਜਾ ਰਿਹਾ ਹੈ।


ਅਕਾਲੀ ਆਗੂ ਲਗਾਤਾਰ ਇਸ ਇੱਕ-ਮੈਂਬਰੀ ਕਮਿਸ਼ਨ ਨੂੰ ‘ਕਾਂਗਰਸੀ ਬੁਲਾਰਾ` ਦੱਸ ਰਹੇ ਹਨ। ਇਸ ਕਮਿਸ਼ਨ ਨੇ ਜਦੋਂ ਵੀ ਕਦੇ ਪੁੱਛ-ਪੜਤਾਲ ਲਈ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੱਦਿਆ ਸੀ, ਉਹ ਦੋਵੇਂ ਕਦੇ ਵੀ ਉਸ ਸਾਹਵੇਂ ਪੇਸ਼ ਨਹੀਂ ਹੋਏ।


ਜਿਸ ਦਿਨ ਇਹ ਜਾਂਚ-ਰਿਪੋਰਟ ਪੰਜਾਬ ਵਿਧਾਨ ਸਭਾ `ਚ ਪੇਸ਼ ਹੋਈ ਸੀ, ਉਸ ਦਿਨ ਅਕਾਲੀਆਂ ਨੇ ਇਸ ਨੂੰ ‘ਫਿ਼ਜ਼ੂਲ ਦਾ ਦਸਤਾਵੇਜ਼` ਵੀ ਆਖਿਆ ਸੀ ਤੇ ਸਦਨ ਦੇ ਬਾਹਰ ਜਾ ਕੇ ਇਸ ਦੀਆਂ ਕਾਪੀਆਂ ਸੁੱਟ ਦਿੱਤੀਆਂ ਸਨ।


ਅਗਲੇ ਦਿਨ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਸਾਥੀ ਵਿਧਾਇਕਾਂ ਨੇ ਵਿਧਾਨ ਸਭਾ `ਚ ਕਮਿਸ਼ਨ ਦੀ ਰਿਪੋਰਟ `ਤੇ ਹੋਈ ਬਹਿਸ ਵਿੱਚ ਭਾਗ ਨਹੀਂ ਲਿਆ ਸੀ। ਉਨ੍ਹਾਂ ਇਸ ਰਿਪੋਰਟ ਨੂੰ ਪੱਖਪਾਤੀ ਦੱਸਿਆ ਸੀ।


ਉਸੇ ਦਿਨ ਪ੍ਰੈੱਸ ਕਾਨਫ਼ਰੰਸ ਦੌਰਾਨ ਸੁਖਬੀਰ ਬਾਦਲ ਹੁਰਾਂ ਦਾਅਵਾ ਕੀਤਾ ਸੀ ਕਿ ਇਸ ਰਿਪੋਰਟ `ਚ ਕਿਤੇ ਵੀ ਵੱਡੇ ਬਾਦਲ ਜਾਂ ਹੋਰ ਕਿਸੇ ਅਕਾਲੀ ਆਗੂ ਨੂੰ ਦੋਸ਼ੀ ਨਹੀਂ ਦੱਸਿਆ ਗਿਆ ਹੈ। ਵਿਧਾਨ ਸਭਾ ਦੇ ਬਾਹਰ ਆਪਣੇ ਇੱਕ ਝੂਠ-ਮੂਠ ਦੇ ਸੈਸ਼ਨ ਦੌਰਾਨ ਅਕਾਲੀ ਆਗੂ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਇਸ ਰਿਪੋਰਟ ਨੂੰ ਰੱਦੀ ਨੂੰ ਫਿ਼ਜ਼ੂਲ ਦੱਸੱਦਿਆਂ ਰੱਦ ਕਰ ਦਿੱਤਾ ਸੀ।


ਕਾਂਗਰਸੀ ਆਗੂਆਂ ਦੇ ਲਗਾਤਾਰ ਹਮਲਿਆਂ ਨੇ ਅਕਾਲੀਆਂ ਨੂੰ ਕੁਝ ਭੰਬਲ਼ਭੂਸੇ ਵਿੱਚ ਵੀ ਪਾ ਦਿੱਤਾ ਸੀ। ਸੈਸ਼ਨ ਖ਼ਤਮ ਹੋਣ ਦੇ ਇੱਕ ਦਿਨ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੁਖਬੀਰ ਬਾਦਲ ਹੁਰਾਂ ਵਿਰੁੱਧ ਆਪਣੀ ‘ਖ਼ੁਦ ਦੀ ਇੱਕ ਚਾਰਜਸ਼ੀਟ` ਪੇਸ਼ ਕਰਦਿਆਂ ‘ਸੁਖਬੀਰ ਬਾਦਲ ਨੂੰ ਬਹਿਬਲ ਕਲਾਂ ਦਾ ਜਨਰਲ ਡਾਇਰ` ਆਖਿਆ ਸੀ।  14 ਅਕਤੂਬਰ, 2015 ਨੂੰ ਪੁਲਿਸ ਗੋਲੀਬਾਰੀ ਦੌਰਾਨ ਦੋ ਰੋਸ ਮੁਜ਼ਾਹਰਾਕਾਰੀ ਮਾਰੇ ਗਏ ਸਨ।


ਅਕਾਲੀਆਂ ਨੇ ਤਦ ਫਿਰ ਸ੍ਰੀ ਜਾਖੜ ਨੂੰ ਚੇਤੇ ਕਰਵਾਇਆ ਸੀ ਕਿ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਸੁਖਬੀਰ ਬਾਦਲ ਦੀ ਕਿਤੇ ਵੀ ਬਹਿਬਲ ਕਲਾਂ ਪੁਲਿਸ ਗੋਲ਼ੀਕਾਂਡ ਵਿੱਚ ਕੋਈ ਭੂਮਿਕਾ ਬਿਆਨ ਨਹੀਂ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਤਦ ਆਖਿਆ ਸੀ ਕਿ ਜਾਂ ਤਾਂ ਸ੍ਰੀ ਜਾਖੜ ਨੇ ਇਹ ਰਿਪੋਰਟ ਰੱਦ ਕਰ ਦਿੱਤੀ ਹੈ ਤੇ ਜਾਂ ਉਸ ਨੂੰ ਪੜ੍ਹਿਆ ਨਹੀਂ ਹੈ।


ਇਸ ਮਾਮਲੇ ਦਾ ਦਿਲਚਸਪ ਪੱਖ ਇਹ ਹੈ ਕਿ ਨਾ ਤਾਂ ਕਮਿਸ਼ਨ ਦੀ ਰਿਪੋਰਟ `ਚ ਕਿਤੇ ਅਤੇ ਨਾ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਕਰਾਰ ਦਿੱਤਾ ਹੈ। ਪਰ ਕਾਂਗਰਸ ਦੇ ਕੁਝ ਹੋਰ ਆਗੂਆਂ ਨੇ ਗੋਲੀਕਾਂਡ ਲਈ ਵੱਡੇ ਬਾਦਲ ਦੀ ਥਾਂ ਛੋਟੇ ਬਾਦਲ ਨੂੰ ਜਿ਼ੰਮਵਾਰ ਦੱਸਣਾ ਸ਼ੁਰੂ ਕਰ ਦਿੱਤਾ ਹੈ।


ਸ੍ਰੀ ਜਾਖੜ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਆਖਿਆ ਸੀ,‘ਸੁਖਬੀਰ ਬਾਦਲ ਦਾ ਨਾਂਅ ਰਿਪੋਰਟ `ਚ ਤਿੰਨ ਵਾਰ ਆਇਆ ਹੈ - ਇੱਕ ਤਾਂ ਡੇਰਾ ਸੱਚਾ ਸੋਦਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਕਥਿਤ ਮੁਲਾਕਾਤ ਵੇਲੇ, ਸਾਲ 2007 ਦੇ ਈਸ਼-ਨਿੰਦਾ ਮਾਮਲੇ `ਚ ਡੇਰਾ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਦਿਵਾਉਣ ਵੇਲੇ ਅਤੇ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਵਿਦੇਸ਼ੀ ਹੱਥ ਹੋਣ ਬਾਰੇ ਇੱਕ ਯਾਦ-ਪੱਤਰ ਪੰਜਾਬ ਦੇ ਰਾਜਪਾਲ ਨੂੰ ਸੌਂਪਣ ਦੇ ਜਿ਼ਕਰ ਸਮੇਂ।`


ਗੋਲੀਬਾਰੀ ਲਈ ਵੱਡੇ ਬਾਦਲ ਦੀ ਆਲੋਚਨਾ ਕਰਦਿਆਂ ਕਮਿਸ਼ਨ ਰਿਪੋਰਟ ਵਿੱਚ ਪੰਜਾਬ ਦੇ ਗ੍ਰਹਿ ਵਿਭਾਗ ਦੇ ਇਸ ਮਾਮਲੇ `ਚ ਗੰਭੀਰ ਨਾ ਹੋਣ ਦੀ ਗੱਲ ਆਖੀ ਗਈ ਹੈ। ਉਸ ਵੇਲੇ ਗ੍ਰਹਿ ਵਿਭਾਗ ਸੁਖਬੀਰ ਬਾਦਲ ਕੋਲ ਸੀ।


ਉੱਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਬੇਅਦਬੀ ਕਾਂਡ ਨਾਲ ਸਬੰਧਤ ਸਾਰੇ ਦੋਸ਼ੀਆਂ ਖਿ਼ਲਾਫ਼ ਸਖ਼ਤੀ ਕਰਨ ਦੀ ਗੱਲ ਕਈ ਵਾਰ ਆਖ ਚੁੱਕੇ ਹਨ। ਪਿਛਲੇ ਹਫ਼ਤੇ ਇੱਕ ਇੰਟਰਵਿਊ ਦੌਰਾਲ ਕੈਪਟਨ ਅਮਰਿੰਦਰ ਸਿੰਘ ਨੇ ਹਿਹ ਵੀ ਆਖਿਆ ਸੀ ਕਿ - ‘ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਕਮਿਸ਼ਨ ਨੂੰ ਦੱਸਿਆ ਸੀ ਕਿ ਬਾਦਲ ਨੇ ਉਸ (ਡੀਜੀਪੀ) ਨੂੰ ਧਰਨਾ ਜ਼ਬਰਦਸਤੀ ਚੁਕਵਾਉਣ ਲਈ ਕਿਹਾ ਸੀ` ਪਰ ਰਿਪੋਰਟ `ਚ ਅਜਿਹਾ ਜਿ਼ਕਰ ਕਿਤੇ ਵੀ ਨਹੀਂ ਹੈ। ਰਿਪੋਰਟ ਵਿੱਚ ਇਹ ਲਿਖਿਆ ਹੈ ਕਿ ਸੁਮੇਧ ਸੈਣੀ ਨੇ ਧਰਨਾ ਜ਼ਬਰਦਸਤੀ ਉਠਵਾਉਣ ਦੀ ਇੱਛਾ ਪ੍ਰਗਟਾਈ ਸੀ ਤੇ ਬਾਦਲ ਨੂੰ ਇਸ ਬਾਰੇ ਸਾਰੀ ਜਾਣਕਾਰੀ ਲਗਾਤਾਰ ਦਿੱਤੀ ਜਾ ਰਹੀ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Commission Report binds Akalis Captain slips on facts