ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਮਿਸ਼ਨ ਰਿਪੋਰਟ: ਵਿਧਾਨ ਸਭਾ `ਚ ਇਹ ਹੋਵੇਗੀ ਪੰਜਾਬ ਸਰਕਾਰ ਦੀ ਨੀਤੀ

ਕਮਿਸ਼ਨ ਰਿਪੋਰਟ: ਵਿਧਾਨ ਸਭਾ `ਚ ਇਹ ਹੋਵੇਗੀ ਪੰਜਾਬ ਸਰਕਾਰ ਦੀ ਨੀਤੀ

ਸਾਲ 2015 ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਕਈ ਘਟਨਾਵਾਂ ਵਾਪਰੀਆਂ ਸਨ। ਉਨ੍ਹਾਂ ਸਾਰੇ ਮਾਮਲਿਆਂ ਤੇ ਉਸ ਤੋਂ ਬਾਅਦ ਬਹਿਬਲ ਕਲਾਂ ਤੇ ਕੋਟਕਪੂਰਾ ਵਿਖੇ ਹੋਏ ਗੋਲ਼ੀਕਾਂਡਾਂ ਦੀ ਜਾਂਚ ਲਈ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ। ਉਸ ਰਿਪੋਰਟ `ਚ ਬੇਅਦਬੀ ਦੀਆਂ ਘਟਨਾਵਾਂ ਲਈ ਸ਼੍ਰੋਮਣੀ ਅਕਾਲੀ ਦਲ ਤੇ ਉਦੋਂ ਪੰਜਾਬ `ਚ ਕਾਇਮ ਉਸ ਦੀ ਸਰਕਾਰ ਨੂੰ ਜਿ਼ੰਮੇਵਾਰ ਕਰਾਰ ਦਿੱਤਾ ਗਿਆ ਹੈ। ਇੰਝ ਇਹ ਰਿਪੋਰਟ ਅਕਾਲੀ ਦਲ ਦੀ ਪੰਥਕ ਸਿਆਸਤ ਦੀਆਂ ਜੜ੍ਹਾਂ ਹਿਲਾ ਸਕਦੀ ਹੈ - ਅਜਿਹਾ ਕਾਂਗਰਸੀ ਕੈਂਪ ਵਿੱਚ ਮੰਨਿਆ ਜਾ ਰਿਹਾ ਹੈ।


ਉਂਝ ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਐਲਾਨ ਕਰ ਚੁੱਕੇ ਹਨ ਕਿ ਕਿਸੇ ਨਾਲ ਵੀ ਸਿਆਸੀ ਬਦਲਾਖੋਰੀ ਵਾਲੀ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਪਰ ਉਹ ਇਸ ਰਿਪੋਰਟ ਦੇ ਆਧਾਰ `ਤੇ ਅਕਾਲੀ ਦਲ ਉੱਪਰ ਸਿੱਧੇ ਹਮਲੇ ਕਰਨ ਦੀਆਂ ਤਿਆਰੀਆਂ ਵਿੱਚ ਹਨ।


ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਰਿਪੋਰਟ ਵਿੱਚ ਇਹ ਵੀ ਕਿਹਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ `ਚ ਡੇਰਾ ਸ਼ਰਧਾਲੂਆਂ ਦੀ ਸ਼ਮੂਲੀਅਤ ਦੇ ਕਾਫ਼ੀ ਸੁਰਾਗ਼ ਮਿਲੇ ਸਨ ਪਰ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਖ਼ਤਮ ਹੋਣ ਤੋਂ ਬਾਅਦ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਹਨ।


ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕੋਟਕਪੂਰਾ `ਚ ਰੋਸ ਮੁਜ਼ਾਹਰਾਕਾਰੀਆਂ `ਤੇ ਗੋਲੀਬਾਰੀ ਲਈ ਜਿ਼ੰਮੇਵਾਰ ਕਰਾਰ ਦਿੱਤਾ ਗਿਆ ਹੈ। ਰਿਪੋਰਟ ਇਹ ਆਖਦੀ ਹੈ ਕਿ ‘ਜਾਂ ਤਾਂ ਮੁੱਖ ਮੰਤਰੀ ਬਾਦਲ ਨੇ ਪੰਜਾਬ ਪੁਲਿਸ ਦੇ ਉਦੋਂ ਦੇ ਮੁਖੀ ਸੁਮੇਧ ਸਿੰਘ ਸੈਨੀ ਨੂੰ ਮੁਜ਼ਾਹਰਾਕਾਰੀਆਂ `ਤੇ ਗੋਲੀਆਂ ਚਲਾਉਣ ਦੀ ਇਜਾਜ਼ਤ ਦਿੱਤੀ ਸੀ ਤੇ ਜਾਂ ਉਹ ਇਹ ਇੰਨੇ ਮਜਬੂਰ ਹੋ ਚੁੱਕੇ ਸਨ ਕਿ ਉਹ ਉਨ੍ਹਾਂ ਨੂੰ ਇੰਝ ਕਰਨ ਤੋਂ ਰੋਕ ਨਹੀਂ ਸਕੇ।`


ਅਕਾਲੀ ਦਲ ਨੂੰ ਨਿਸ਼ਾਨੇ `ਤੇ ਲੈਣ ਲਈ ਹੀ ਕੈਪਟਨ ਅਮਰਿੰਦਰ ਸਿੰਘ ਨੇ ਐਤਕੀਂ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦਾ ਟੀਵੀ `ਤੇ ਸਿੱਧਾ ਪ੍ਰਸਾਰਣ ਕਰਨ ਦਾ ਫ਼ੈਸਲਾ ਲਿਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਅਕਾਲੀ ਦਲ ਦੇ ਵਿਧਾਇਕ ਇਸ ਮਾਮਲੇ `ਤੇ ਬਹਿਸ `ਚ ਭਾਗ ਲੈਂਦੇ ਹਨ ਜਾਂ ਸੈਸ਼ਨ ਦਾ ਬਾਈਕਾਟ ਕਰਦੇ ਹਨ।


ਕਾਂਗਰਸੀ ਵਿਧਾਇਕਾਂ ਨੇ ਇਸ ਬਹਿਸ `ਚ ਡਟਵੇਂ ਢੰਗ ਨਾਲ ਭਾਗ ਲੈਣ ਦਾ ਫ਼ੈਸਲਾ ਕਰ ਲਿਆ ਹੈ। ਫ਼ਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਨੇ ਕਿਹਾ ਕਿ ‘ਹੁਣ ਬਾਦਲਾਂ ਦੀ ਪੂਰੀ ਪੋਲ ਖੋਲ੍ਹੀ ਜਾਵੇਗੀ ਕਿ ਉਨ੍ਹਾਂ ਕਿਵੇਂ ਧਰਮ ਦੇ ਨਾਂਅ `ਤੇ ਸਿਆਸਤ ਖੇਡੀ। ਹੁਣ ਉਹ ਉਨ੍ਹਾਂ ਸਾਰੇ ਗਵਾਹਾਂ ਨੂੰ ਰਿਸ਼ਵਤਾਂ ਦੇ ਰਹੇ ਹਨ ਤੇ ਡਰਾ-ਧਮਕਾ ਰਹੇ ਹਨ; ਜਿਨ੍ਹਾਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਗਵਾਹੀਆਂ ਦਿੱਤੀਆਂ ਸਨ। ਜਦੋਂ 2007 ਦੀਆਂ ਚੋਣਾਂ ਦੌਰਾਨ ਡੇਰਾ ਸਿਰਸਾ ਦੇ ਸ਼ਰਧਾਲੂ ਅਕਾਲੀ ਦਲ ਨੂੰ ਵੋਟਾਂ ਨਹੀਂ ਪਾ ਰਹੇ ਸਨ, ਤਦ ਉਸ ਡੇਰੇ ਦੇ ਮੁਖੀ ਖਿ਼ਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਵਾ ਦਿੱਤਾ ਗਿਆ ਸੀ ਤੇ ਜਦੋਂ ਉਨ੍ਹਾਂ ਨੂੰ ਡੇਰੇ ਦੀਆਂ ਵੋਟਾਂ ਚਾਹੀਦੀਆਂ ਸਨ, ਤਦ ਉਸ ਨੂੰ ਮੁਆਫ਼ੀ ਦਿਵਾ ਦਿੱਤੀ ਗਈ।`


ਸ੍ਰੀ ਢਿਲੋਂ ਨੇ ਇਹ ਵੀ ਕਿਹਾ,‘ਪਿਛਲੀ ਸਰਕਾਰ ਨੇ ਗੋਲੀਬਾਰੀ ਦੀ ਇਜਾਜ਼ਤ ਦਿੱਤੀ ਸੀ ਤੇ ਦੋ ਰੋਸ ਮੁਜ਼ਾਹਰਾਕਾਰੀ ਮਾਰੇ ਗਏ ਸਨ। ਫਿਰ ਵੀ ਕਿਸੇ ਖਿ਼ਲਾਫ਼ ਕੋਈ ਕਾਰਵਾਈ ਨਹੀਂ ਹੋਈ। ਡੀਜੀ ਸੈਨੀ ਨੂੰ ਸਿਰਫ਼ ਤਬਦੀਲ ਕੀਤਾ ਗਿਆ। ਉਸ ਖਿ਼ਲਾਫ਼ ਕਿਹੜੀ ਕਾਰਵਾਈ ਹੋਈ? ਕੀ ਉਸ ਨੇ ਬਾਦਲ ਦੀ ਇਜਾਜ਼ਤ ਦੇ ਬਗ਼ੈਰ ਗੋਲੀਬਾਰੀ ਦੇ ਹੁਕਮ ਜਾਰੀ ਕੀਤੇ ਸਨ ਕਿ ਜਾਂ ਅਜਿਹੇ ਕੋਈ ਹੁਕਮ ਉੱਪਰੋਂ ਜਾਰੀ ਹੋਏ ਸਨ। ਇਹ ਕੋਈ ਸਿਆਸੀ ਬਦਲਾਖੋਰੀ ਨਹੀਂ ਹੈ। ਅਸੀਂ ਸਾਰੇ ਆਮ ਜਨਤਾ ਨੂੰ ਜਵਾਬਦੇਹ ਹਾਂ।`


ਸਰਕਾਰੀ ਸੂਤਰਾਂ ਨੇ ਦੱਸਿਆ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਤੇ ਉਸ `ਤੇ ਕਾਰਵਾਈ ਰਿਪੋਰਟ ਸੋਮਵਾਰ ਨੂੰ ਸਦਨ `ਚ ਪੇਸ਼ ਕੀਤੀ ਜਾਵੇਗੀ। ਸਾਰੀ ਬਹਿਸ ਤੋਂ ਬਾਅਦ ਜਦੋਂ ਆਖ਼ਰ `ਚ ਕੈਪਟਨ ਅਮਰਿੰਦਰ ਸਿੰਘ ਭਾਸ਼ਣ ਦੇਣਗੇ, ਤਦ ਉਹ ਅਕਾਲੀਆਂ ਦੀ ਸਾਰੀ ਪੋਲ ਖੋਲ੍ਹਣਗੇ।


ਕੈਪਟਨ ਅਮਰਿੰਦਰ ਸਿੰਘ ਦਾ ਅਕਸ ਪੰਥਕ ਮਾਮਲਿਆਂ `ਚ ਬਹੁਤ ਵਧੀਆ ਹੈ। ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਉਨ੍ਹਾਂ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Commission Report know the stragegy of Pb Govt in Assembly