ਬੀਤੇ ਦਿਨ ਨਾਭਾ ਦੇ ਜੇਲ੍ਹ ਵਿਚ ਕਤਲ ਕੀਤੇ ਗਏ ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰੇਮੀ ਮਹਿੰਦਰ ਪਾਲ ਬਿੱਟੂ ਦਾ ਅੰਤਿਮ ਸਸਕਾਰ ਕਰਨ ਨੂੰ ਲੈ ਕੇ ਅਜੇ ਤੱਕ ਭੰਬਲਭੁਸਾ ਬਣਿਆ ਹੋਇਆ। ਕੋਟਕਪੂਰਾ ਵਿਚ ਇਕੱਠੇ ਹੋਏ ਡੇਰਾ ਪ੍ਰੇਮੀਆਂ ਨੂੰ ਸੰਬੋਧਨ ਕਰਦੇ ਹੋਏ ਇਕ ਪ੍ਰੇਮੀ ਨੇ ਸੰਬੋਧਨ ਕਰਦਿਆਂ ਬੋਲਿਆਂ ਕਿ ਉਦੋਂ ਤੱਕ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਇਨਸਾਫ ਨਹੀਂ ਮਿਲਦਾ।
ਦੂਜੇ ਪਾਸੇ ਕੁਝ ਡੇਰਾ ਨਾਲ ਸਬੰਧਤ ਲੋਕਾਂ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਨਹੀਂ ਪੁੱਜੇ ਜਿਸ ਕਾਰਨ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਦੋਂ ਸਾਰੇ ਪਰਿਵਾਰਕ ਮੈਂਬਰ ਪੁੱਜ ਜਾਣਗੇ ਤਾਂ ਇਸ ਸਬੰਧੀ ਫੈਸਲਾ ਕੀਤਾ ਜਾਵੇ।
ਪ੍ਰੰਤੂ ਇਸ ਸਬੰਧੀ ਅਜੇ ਤੱਕ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਕੋਈ ਪੁਸ਼ਟੀ ਨਹੀਂ ਕੀਤੀ ਅਤੇ ਨਾ ਹੀ ਡੇਰੇ ਨਾਲ ਸਬੰਧਤ ਕਮੇਟੀ ਮੈਂਬਰ ਨੇ ਅਧਿਕਾਰਤ ਤੌਰ ਉਤੇ ਪੁਸ਼ਟੀ ਕੀਤੀ ਹੈ। ਇਸ ਤਰ੍ਹਾਂ ਅੰਤਿਮ ਸਸਕਾਰ ਨੂੰ ਲੈ ਕੇ ਅਜੇ ਤੱਕ ਭੰਬਲਭੂਸਾ ਬਣਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਸਾਲ 2015 ਵਿਚ ਫਰੀਦਕੋਟ ਜ਼ਿਲ੍ਹੇ ਦੇ ਬਰਗਾੜੀ ਵਿਖੇ ਵਾਪਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਮਹਿੰਦਰ ਸਿੰਘ ਬਿੱਟੂ ਨੂੰ ਮੁਲਜ਼ਮ ਬਣਾਇਆ ਗਿਆ ਸੀ। ਮਹਿੰਦਰਪਾਲ ਨੂੰ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ। ਮਹਿੰਦਰਪਾਲ ਬਿੱਟੂ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਨਾਭਾ ਜੇਲ੍ਹ ਵਿਚ ਰੱਖਿਆ ਗਿਆ ਸੀ, ਜਿਸਦਾ ਬੀਤੇ ਕੱਲ੍ਹ ਜੇਲ੍ਹ ਵਿਚ ਕਤਲ ਕਰ ਦਿੱਤਾ ਗਿਆ।