ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿਹਾਤੀ ਚੋਣਾਂ `ਚ ਕਾਂਗਰਸ ਤੇ ਅਕਾਲੀਆਂ ਦੀ ਅੱਖ ਪੰਥਕ ਵੋਟਾਂ `ਤੇ

ਦਿਹਾਤੀ ਚੋਣਾਂ `ਚ ਕਾਂਗਰਸ ਤੇ ਅਕਾਲੀਆਂ ਦੀ ਅੱਖ ਪੰਥਕ ਵੋਟਾਂ `ਤੇ

ਪੰਜਾਬ `ਚ ਆਉਂਦੀ 19 ਸਤੰਬਰ ਨੂੰ ਬਲਾਕ ਸੰਮਤੀ ਤੇ ਜਿ਼ਲ੍ਹਾ ਪ੍ਰੀਸ਼ਦ ਚੋਣਾਂ ਹੋਣ ਜਾ ਰਹੀਆਂ ਹਨ; ਜਿਨ੍ਹਾਂ ਲਈ ਕ੍ਰਮਵਾਰ 9,691 ਅਤੇ 1,392 ਉਮੀਦਵਾਰ ਚੋਣ ਮੈਦਾਨ `ਚ ਹਨ। ਐਤਕੀਂ ਕਾਂਗਰਸ ਬਹੁਤੀਆਂ ਦਿਹਾਤੀ ਇਕਾਈਆਂ `ਤੇ ਆਪਣਾ ਕਬਜ਼ਾ ਜਮਾਉਣਾ ਚਾਹੁੰਦੀ ਹੈ। ਸਾਲ 2007 ਤੋਂ ਇਨ੍ਹਾਂ ਇਕਾਈਆਂ `ਤੇ ਜਿ਼ਆਦਾਤਰ ਅਕਾਲੀ-ਭਾਜਪਾ ਦਾ ਹੀ ਕਬਜ਼ਾ ਬਣਿਆ ਹੋਇਆ ਹੈ।


ਬੁਨਿਆਦੀ ਧਾਰਾ ਦੀਆਂ ਇਨ੍ਹਾਂ ਚੋਣਾਂ ਰਾਹੀਂ ਇੱਕ ਤਾਂ ਪੰਜਾਬ ਦੇ ਸਿਆਸੀ ਰੌਂਅ ਦਾ ਪਤਾ ਲੱਗੇਗਾ ਤੇ ਇਸ ਦੇ ਨਾਲ ਹੀ ਅਗਲੇ ਵਰ੍ਹੇ 2019 `ਚ ਹੋਣ ਵਾਲੀਆਂ ਆਮ ਚੋਣਾਂ ਦੀ ਕੁਝ ਨਾ ਕੁਝ ਸੁਰ ਵੀ ਜ਼ਰੂਰ ਫੜੀ ਜਾਵੇਗੀ। ‘ਹਿੰਦੁਸਤਾਨ ਟਾਈਮਜ਼` ਇਨ੍ਹਾਂ ਚੋਣਾਂ ਦਾ ਚਹੁੰ-ਮੁਖੀ ਜਾਇਜ਼ਾ ਲਿਆ ਹੈ।


ਪੰਜਾਬ 13,278 ਸਰਪੰਚਾਂ, 150 ਬਲਾਕ ਸੰਮਤੀਆਂ ਦੇ 2,900 ਮੈਂਬਰਾਂ ਅਤੇ 22 ਜਿ਼ਲ੍ਹਾ ਪ੍ਰੀਸ਼ਦਾਂ ਦੇ 354 ਮੈਂਬਰਾਂ ਦੀ ਚੋਣ ਕਰੇਗਾ। ਇਨ੍ਹਾਂ ਬੁਨਿਆਦੀ ਚੋਣਾਂ `ਚ ਉਹੀ ਪਾਰਟੀ ਜਿੱਤਦੀ ਹੈ, ਜਿਸ ਕੋਲ ਊਰਜਾ ਨਾਲ ਭਰਪੂਰ ਕਾਰਕੁੰਨਾਂ ਦਾ ਪੂਰਾ ਆਧਾਰ ਹੁੰਦਾ ਹੈ। ਇਨ੍ਹਾਂ ਚੋਣ ਨਤੀਜਿਆਂ ਤੋਂ 2019 ਦੀਆਂ ਚੋਣਾਂ ਦੀ ਸੁਰ ਬਾਰੇ ਕੁਝ ਨਾ ਕੁਝ ਜਾਣਕਾਰੀ ਤਾਂ ਜ਼ਰੂਰ ਮਿਲ ਜਾਵੇਗੀ। ਇਨ੍ਹਾਂ ਚੋਣਾਂ ਨੂੰ ਸੂਬੇ `ਚ ਸੱਤਾਧਾਰੀ ਕਾਂਗਰਸ, ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਗੱਠਜੋੜ ਅਤੇ ਆਮ ਆਦਮੀ ਪਾਰਟੀ ਲਈ ਇੱਕ ਬੈਰੋਮੀਟਰ ਸਮਝਿਆ ਜਾ ਰਿਹਾ ਹੈ, ਜਿਸ ਤੋਂ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਦੇ ਕਾਡਰਾਂ `ਚ ਕਿੰਨੀ ਕੁ ਤਾਕਤ ਹੈ।


ਸੱਤਾਧਾਰੀ ਕਾਂਗਰਸ ਨੇ ਇਨ੍ਹਾਂ ਦਿਹਾਤੀ ਚੋਣਾਂ ਨੂੰ ਜਿੱਤਣ ਲਈ ਪੂਰਾ ਤਾਣ ਲਾਇਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਗੱਠਜੋੜ ਅਤੇ ਆਮ ਆਦਮੀ ਪਾਰਟੀ ਵੱਲੋਂ ਬਹੁਤ ਥਾਈਂ ਇਹ ਦੋਸ਼ ਵੀ ਲਾਏ ਜਾ ਰਹੇ ਹਨ ਕਿ ਉਨ੍ਹਾਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਤੋ ਵਰਜਿਆ ਜਾ ਰਿਹਾ ਹੈ।


ਇਨ੍ਹਾਂ ਦਿਹਾਤੀ ਚੋਣਾਂ ਦੇ ਪ੍ਰਚਾਰ ਦੌਰਾਨ ਹੁਣ ਤੱਕ ਗੁਰੂ ਹਰਸਹਾਏ, ਜ਼ੀਰਾ, ਮੱਖੂ, ਡੇਰਾ ਬਾਬਾ ਨਾਨਕ, ਕਰਤਾਰਪੁਰ ਤੇ ਧਰਮਕੋਟ `ਚ ਹਿੰਸਕ ਘਟਨਾਵਾਂ ਵਾਪਰ ਚੁੱਕੀਆਂ ਹਨ। ਪੱਟੀ `ਚ ਗੋਲੀ ਵੀ ਚੱਲ ਚੁੱਕੀ ਹੈ।


ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਤੇ ਆਮ ਆਦਮੀ ਪਾਰਟੀ ਦੇ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਕਾਂਗਰਸ `ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾ ਚੁੱਕੇ ਹਨ ਪਰ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਆਖਿਆ ਹੈ ਕਿ ਇਹ ਚੋਣਾਂ ਬਿਲਕੁਲ ਸਾਫ਼-ਸੁਥਰੇ ਢੰਗ ਨਾਲ ਹੋਣਗੀਆਂ।


ਤਿੰਨੇ ਮੁੱਖ ਪਾਰਟੀਆਂ ਨੇ ਆਪਣੀ ਮੁੱਖ ਟੇਕ ਵਿਕਾਸ `ਤੇ ਹੀ ਰੱਖੀ ਹੈ। ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੁੰ ਆਪਣੇ ਚੋਣ ਵਾਅਦੇ ਪੂਰੇ ਕਰਨੇ ਚਾਹੀਦੇ ਹਨ। ਉੱਧਰ ਡਾ. ਬਲਬੀਰ ਸਿੰਘ ਨੇ ਆਪਣੀਆਂ ਚੋਣ ਮੁਹਿੰਮਾਂ ਦੌਰਾਨ ਬੁਨਿਆਦੀ ਸਹੂਲਤਾਂ, ਸਿਹਤ ਤੇ ਸਿੱਖਿਆ `ਤੇ ਕੇਂਦ੍ਰਿਤ ਕੀਤਾ ਹੈ। ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਹੁਣ ਪਿਛਲੇ 10 ਵਰ੍ਹਿਆਂ ਤੋਂ ਦਿਹਾਤੀ ਇਕਾਈਆਂ `ਤੇ ਚੱਲਿਆ ਆ ਰਿਹਾ ਜੱਥੇਦਾਰਾਂ ਦਾ ਰਾਜ ਖ਼ਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਜੱਥੇਦਾਰਾਂ ਨੇ ਵਿਕਾਸ ਦੇ ਰਾਹ `ਚ ਗੜਬੜੀਆਂ ਪੈਦਾ ਕੀਤੀਆਂ ਹਨ।


ਜਿ਼ਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਆਮ ਤੌਰ `ਤੇ ਪਾਰਟੀਆਂ ਆਪਣੇ ਚੋਣ ਨਿਸ਼ਾਨਾਂ `ਤੇ ਹੀ ਲੜਦੀਆਂ ਹਨ ਕਿਉਂਕਿ ਇਨ੍ਹਾਂ ਚੋਣਾਂ ਦੇ ਘੇਰੇ `ਚ ਵੱਡਾ ਖੇਤਰ ਆ ਜਾਂਦਾ ਹੈ।


ਪਿੰਡਾਂ `ਚ ਅੱਜ-ਕੱਲ੍ਹ ਬੇਅਦਬੀ ਕਾਂਡ ਦੀ ਜਾਂਚ ਕਰ ਚੁੱਕੇ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੀ ਡਾਢੀ ਚਰਚਾ ਹੈ। ਕਾਂਗਰਸ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਉਹ ਧਾਰਮਿਕ ਪੱਤਾ ਖੇਡ ਕੇ ਪੰਥਕ ਵੋਟਾਂ ਲੈ ਜਾਵੇ। ਇਹ ਚੋਣਾਂ ਇੱਕ ਤਰ੍ਹਾਂ ਨਾਲ ਕਾਂਗਰਸ ਲਈ ਵਧੀਆ ਮੌਕਾ ਹੈ ਕਿਉਂਕਿ ਹੁਣ ਉਸ ਨੂੰ ਪਤਾ ਲੱਗ ਜਾਵੇਗਾ ਕਿ ਸਾਲ 2019 ਦੀਆਂ ਆਮ ਚੋਣਾਂ `ਚ ਇਸ ਜਾਂਚ-ਰਿਪੋਰਟ ਦਾ ਕਿੰਨਾ ਕੁ ਲਾਹਾ ਲਿਆ ਜਾ ਸਕਦਾ ਹੈ।


ਉੱਧਰ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਬੇਅਦਬੀ ਕਾਂਡ ਦੇ ਮੁੱਦੇ `ਤੇ ਕਾਂਗਰਸ ਅਸਲ `ਚ ਅਕਾਲੀਆਂ ਨੂੰ ਬਚਾਉਣਾ ਚਾਹੁੰਦੀ ਹੈ ਤੇ ਉਹ ਇਨ੍ਹਾਂ ਦੋਵਾਂ ਦਾ ਪਰਦਾਫ਼ਾਸ਼ ਕਰ ਕੇ ਰਹੇਗੀ।


ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਮਾਰਚ 2017 `ਚ ਸੱਤਾ ਵਿੱਚ ਆਉਣ ਤੋਂ ਬਾਅਦ ਕਾਂਗਰਸ ਆਪਣੀਆਂ ਕਮੀਆਂ ਲੁਕਾਉਣ ਲਈ ਪੰਥਕ ਪੱਤਾ ਖੇਡ ਰਹੀ ਹੈ।      

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress and SAD eye upon Panthic Votes in Village Polls