ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਗੈਰਕਾਨੂੰਨੀ ਰੇਤ ਮਾਈਨਿੰਗ ਤੇ 2 ਮੌਤਾਂ ਲਈ ਕਾਂਗਰਸ ਸਰਕਾਰ ਜ਼ਿੰਮੇਵਾਰ: ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸਰਕਾਰੀ ਸ੍ਰਪਰਸਤੀ ਹੇਠ ਲਗਾਤਾਰ ਸੂਬੇ ਦੇ ਕੀਮਤੀ ਸਰੋਤਾਂ ਨੂੰ ਲੁੱਟ ਰਹੇ ਰੇਤ ਮਾਫੀਆ ਨੇ ਕੱਲ੍ਹ ਸ਼ਾਮੀ ਸੂਬੇ ਅੰਦਰ ਦੋ ਨੌਜਵਾਨਾਂ ਦੀ ਜਾਨ ਲੈ ਲਈ ਹੈ।


ਇਹ ਟਿੱਪਣੀ ਕਰਦਿਆਂ ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੂਬੇ ਦੇ ਕੁਦਰਤੀ ਸਰੋਤਾਂ ਦੀ ਸ਼ਰੇਆਮ ਹੋ ਰਹੀ ਲੁੱਟ ਲਈ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ ਜਿਸ ਕਾਰਨ ਸੂਬੇ ਅੰਦਰ ਰੇਤ ਮਾਫੀਆ ਵੱਲੋਂ ਬੇਰੋਕ ਕੀਤੀ ਜਾ ਰਹੀ ਗੈਰਕਾਨੂੰਨੀ ਰੇਤ ਮਾਈਨਿੰਗ ਸਦਕਾ ਦੋ ਕੀਮਤੀ ਜਾਨਾਂ ਚਲੀਆਂ ਗਈਆਂ ਹਨ।

 

ਸੂਬੇ ਦੇ ਸਰੋਤਾਂ ਨੂੰ ਲੁੱਟਣ ਲਈ ਸੂਬਾ ਸਰਕਾਰ ਉੱਤੇ ਵਰ੍ਹਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਹ ਕੋਈ ਪਹਿਲੀ ਮੰਦਭਾਗੀ ਘਟਨਾ ਨਹੀਂ ਹੈ। ਪਿਛਲੇ ਕਈ ਮਹੀਨਿਆਂ ਦੌਰਾਨ ਇਸ ਇਲਾਕੇ ਦੇ ਕਈ ਨਾਗਰਿਕ ਰੇਤ ਮਾਫੀਆ ਦੀ ਹਿੰਸਾ ਦਾ ਸ਼ਿਕਾਰ ਹੋ ਚੁੱਕੇ ਹਨ। 

 

ਉਹਨਾਂ ਕਿਹਾ ਕਿ ਸਾਡੀ ਪਾਰਟੀ ਨੇ ਇਸ ਇਲਾਕੇ ਦੇ ਮਾਈਨਿੰਗ ਠੇਕੇਦਾਰ ਅਤੇ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਖ਼ਿਲਾਫ ਧਾਰਾ 302 ਹੇਠ ਕੇਸ ਦਰਜ ਕਰਨ ਲਈ ਆਖਿਆ ਹੈ, ਜਿਹੜੇ ਕਿ ਰੇਤ ਮਾਫੀਆ ਨਾਲ ਪੂਰੀ ਤਰ੍ਹਾਂ ਮਿਲੇ ਹੋਏ ਹਨ। 

 

ਉਹਨਾਂ ਕਿਹਾ ਕਿ ਉਹਨਾਂ ਲੋਕਾਂ ਦੇ ਖਿਲਾਫ ਕੇਸ ਕਿਉਂ ਨਹੀਂ ਦਰਜ ਕੀਤਾ ਜਾਣਾ ਚਾਹੀਦਾ, ਜਿਹੜੇ ਸੂਬੇ ਅੰਦਰ ਹਕੂਮਤ ਕਰ ਰਹੇ  ਹਨ ਅਤੇ ਰੇਤ ਮਾਫੀਆ ਦੀ ਪੁਸ਼ਤਪਨਾਹੀ ਕਰ ਰਹੇ ਹਨ।

 

ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਨੂੰ ਅਦਾਇਗੀ ਕਰਨ ਤੋਂ ਬਚਣ ਲਈ ਰੇਤ ਮਾਫੀਆ ਵਾਤਾਵਰਣ ਸੰਬੰਧੀ ਲੋੜੀਂਦੀਆਂ ਪ੍ਰਵਾਨਗੀਆਂ ਲਏ ਬਿਨਾਂ ਵੱਡੀ ਮਾਤਰਾ ਰੇਤ ਦੀ ਮਾਈਨਿੰਗ ਕਰ ਰਿਹਾ ਹੈ।  ਇਸ ਤਰੀਕੇ ਨਾਲ ਸਰਕਾਰ ਨੂੰ 150 ਕਰੋੜ ਰੁਪਏ ਦਾ ਚੂਨਾ ਲਾਇਆ ਜਾ ਚੁੱਕਾ ਹੈ ਅਤੇ ਵਿੱਤ ਮੰਤਰੀ ਇਹ ਰੋਣਾ ਰੋ ਰਿਹਾ ਹੈ ਕਿ ਸਰਕਾਰੀ ਖਜ਼ਾਨਾ ਖਾਲੀ ਹੈ। 

 

ਉਹਨਾਂ ਕਿਹਾ ਕਿ ਇਸ ਸ਼ਰੇਆਮ ਹੋ ਰਹੀ ਲੁੱਟ ਨੂੰ ਰੋਕਣ ਲਈ ਤੁਰੰਤ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਹੈ?

 

ਅਕਾਲੀ ਆਗੂ ਨੇ ਕਿਹਾ ਕਿ ਗੈਰਕਾਨੂੰਨੀ ਰੇਤ ਮਾਫੀਆ ਖ਼ਿਲਾਫ ਕਾਰਵਾਈ ਨਾ ਕਰਕੇ ਕਾਂਗਰਸ ਸਰਕਾਰ ਵੱਲੋਂ ਪਹਿਲਾਂ ਹੀ ਵਿੱਤ ਸੰਕਟ ਦਾ ਸਾਹਮਣਾ ਕਰ ਰਹੇ ਸੂਬੇ ਨੂੰ ਹੋਰ ਡੂੰਘੇ ਆਰਥਿਕ ਸੰਕਟ ਵੱਲ ਧੱਕਿਆ ਜਾ ਰਿਹਾ ਹੈ। 

 

ਉਹਨਾਂ ਕਿਹਾ ਕਿ ਅਸੀਂ ਰੇਤੇ ਦੀ ਹੋ ਰਹੀ ਇਸ ਲੁੱਟ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕਰਦੇ ਹਾਂ। ਪੰਜ ਦਰਿਆਵਾਂ ਦੀ ਇਸ ਖੂਬਸੂਰਤ ਧਰਤੀ ਦੇ ਜਲਵਾਯੂ ਨੂੰ ਤਬਾਹ ਕੀਤਾ ਜਾ ਰਿਹਾ ਹੈ।  ਕਾਂਗਰਸ ਪਾਰਟੀ ਲੁਟੇਰਿਆਂ ਵਾਲੀ ਮਾਨਸਿਕਤਾ ਰੱਖਣ ਵਾਲੀ ਪਾਰਟੀ ਹੈ, ਜਿਸਦਾ ਲਾਲਚ ਸਾਡੀ ਧਰਤੀ ਨੂੰ ਤਬਾਹ ਕਰ ਰਿਹਾ ਹੈ।

 

ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਇਹ ਕਰੋ ਜਾਂ ਮਰੋ ਵਾਲਾ ਸਮਾਂ ਹੈ। ਇਸ ਕਰੋੜਾਂ ਰੁਪਏ ਦੀ ਹੋ ਰਹੀ ਲੁੱਟ ਦੇ ਧੰਦੇ ਦੀ ਸੀਬੀਆਈ ਰਾਹੀਂ ਜਾਂਚ ਕਰਵਾ ਕੇ ਉਸ ਰੇਤ ਮਾਫੀਆ ਨੂੰ ਕਾਨੂੰਨ ਦੇ ਕਟਹਿਰੇ ਵਿਚ ਲਿਆਂਦਾ ਜਾ ਸਕਦਾ ਹੈ, ਜਿਸ ਨੂੰ ਸਿਆਸੀ ਮਾਫੀਆ ਚਲਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress government responsible for 2 deaths and illegal sand mining: SAD