ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਵੱਲੋਂ ਨੋਟਬੰਦੀ ਵਿਰੁੱਧ ਪੰਜਾਬ `ਚ ਰੋਸ ਮੁਜ਼ਾਹਰੇ

ਕਾਂਗਰਸ ਵੱਲੋਂ ਨੋਟਬੰਦੀ ਵਿਰੁੱਧ ਪੰਜਾਬ `ਚ ਰੋਸ ਮੁਜ਼ਾਹਰੇ

--  ਨੋਟਬੰਦੀ ਨਾਲ ਭਾਰਤੀ ਅਰਥ ਵਿਵਸਥਾ ਦਾ ਡਾਢਾ ਨੁਕਸਾਨ ਹੋਇਆ: ਸੁਨੀਲ ਜਾਖੜ

--  ਨੋਟਬੰਦੀ ਇੱਕ ‘ਬਹੁਤ ਸੋਚੀ-ਸਮਝੀ ਡਕੈਤੀ`: ਨਵਜੋਤ ਸਿੱਧੂ

--  ਨੋਟਬੰਦੀ ਦਾ ਲਾਭ ਭਾਜਪਾ ਦੇ ਚਹੇਤਿਆਂ ਨੂੰ ਹੋਇਆ: ਪਵਨ ਬਾਂਸਲ


ਨੋਟਬੰਦੀ ਦੀ ਦੂਜੀ ਵਰ੍ਹੇਗੰਢ ਮੌਕੇ ਕਾਂਗਰਸ ਪਾਰਟੀ ਨੇ ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ `ਚ ਰੋਸ ਮੁਜ਼ਾਹਰੇ ਕੀਤੇ ਤੇ ਦੇਸ਼ ਦੀ ਅਰਥ-ਵਿਵਸਥਾ ਨੂੰ ਕਥਿਤ ਢਾਹ ਲਾਉਣ ਵਾਲੀਆਂ ਨੀਤੀਆਂ ਲਈ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਨਿਖੇਧੀ ਕੀਤੀ।


ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲਜਾਖੜ ਤੇ ਪੰਜਾਬ ਦੇ ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਅੱਜ ਵੱਡੀ ਗਿਣਤੀ `ਚ ਕਾਂਗਰਸੀ ਕਾਰਕੁੰਨਾਂ ਨੇ ਚੰਡੀਗੜ੍ਹ ਦੇ ਸੈਕਟਰ 17 ਸਥਿਤ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਇਮਾਰਤ ਨੇੜੇ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ‘ਦੇਸ਼-ਵਿਰੋਧੀ` ਦੱਸਿਆ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।


ਇਨ੍ਹਾਂ ਰੋਸ ਮੁਜ਼ਾਹਰਿਆਂ ਨੂੰ ਧਿਆਨ `ਚ ਰੱਖਦਿਆਂ ਚੰਡੀਗੜ੍ਹ ਪੁਲਿਸ ਨੇ ਪਹਿਲਾਂ ਤੋਂ ਹੀ ਮਜ਼ਬੂਤ ਸੁਰੱਖਿਆ ਇੰਤਜ਼ਾਮ ਕੀਤੇ ਹੋਏ ਸਨ। ਬਹੁਤ ਥਾਵਾਂ `ਤੇ ਨਾਕੇ ਲਾਏ ਹੋਏ ਸਨ ਅਤੇ ਲੋੜ ਪੈਣ `ਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੇ ਵੀ ਪੂਰੇ ਪ੍ਰਬੰਧ ਸਨ।


ਕਾਂਗਰਸੀ ਕਾਰਕੁੰਨਾਂ ਨੂੰ ਨਾਕਿਆਂ ਤੋਂ ਅੱਗੇ ਭਾਰਤੀ ਰਿਜ਼ਰਵ ਬੈਂਕ ਦੀ ਇਮਾਰਤ ਲਾਗੇ ਨਾ ਜਾਣ ਦਿੱਤਾ ਗਿਆ। ਇਸ ਮੌਕੇ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਨੋਟਬੰਦੀ ਨੇ ਭਾਰਤੀ ਅਰਥ-ਵਿਵਸਥਾ ਨੂੰ ਬਹੁਤ ਭੈੜਾ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ 500 ਰੁਪਏ ਅਤੇ 1,000 ਰੁਪਏ ਦੇ ਨੋਟ ਬੰਦ ਕਰ ਦੇਣ ਨਾਲ ਕਾਰੋਬਾਰ ਖ਼ਤਮ ਹੀ ਹੋ ਕੇ ਰਹਿ ਗਏ ਤੇ ਇਸ ਦਾ ਸਭ ਤੋਂ ਵੱਧ ਅਸਰ ਛੋਟੇ ਤੇ ਦਰਮਿਆਨੇ ਕਾਰੋਬਾਰੀਆਂ ਤੇ ਵਪਾਰੀਆਂ `ਤੇ ਪਿਆ ਹੈ।


ਉੱਧਰ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਵੱਖਰੇ ਤੌਰ `ਤੇ ਸੈਕਟਰ 46 `ਚ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਕਿਹਾ ਕਿ - ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਨੋਟਬੰਦੀ ਕਰਦੇ ਸਮੇਂ ਇਹ ਦਾਅਵਾ ਕੀਤਾ ਸੀ ਕਿ ਇਸ ਨਾਲ ਕਾਲੇ ਧਨ ਨੂੰ ਠੱਲ੍ਹ ਪਵੇਗੀ ਪਰ ਇਸ ਦਾ ਲਾਭ ਸਗੋਂ ਪੂੰਜੀਪਤੀਆਂ ਨੂੰ ਵੱਧ ਹੋਇਆ ਹੈ। ਲੋਕ-ਵਿਰੋਧੀ ਨੀਤੀਆਂ ਕਾਰਨ ਭਾਜਪਾ ਨੂੰ ਇਸ ਦੀ ਸਜ਼ਾ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਜ਼ਰੂਰ ਮਿਲੇਗੀ।`


ਸ੍ਰੀ ਬਾਂਸਲ ਨੇ ਦਾਅਵਾ ਕੀਤਾ ਕਿ ਨੋਟਬੰਦੀ ਦੇ ਦੋ ਵਰ੍ਹਿਆਂ ਬਾਅਦ ਦੇਸ਼ ਦੀ ਆਰਥਿਕ ਬਦ ਤੋਂ ਬਦਤਰ ਹੋ ਕੇ ਰਹਿ ਗਈ ਹੈ। ਆਮ ਜਨਤਾ `ਤੇ ਇਸ ਦਾ ਅਸਰ ਸਭ ਤੋਂ ਵੱਧ ਪਿਆ ਹੈ ਅਤੇ ਛੋਟੇ ਕਾਰੋਬਾਰ ਤਾਂ ਬੰਦ ਹੀ ਹੋ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਨੋਟਬੰਦੀ ਦਾ ਲਾਭ ਭਾਜਪਾ ਸਰਕਾਰ ਦੇ ਚਹੇਤਿਆਂ ਨੂੰ ਵੱਧ ਹੋਇਆ ਹੈ।


ਇਸ ਦੌਰਾਨ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨੋਟਬੰਦੀ ਨੂੰ ਇੱਕ ‘ਬਹੁਤ ਸੋਚੀ-ਸਮਝੀ ਡਕੈਤੀ` ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਨੋਟਬੰਦੀ ਨਾਲ ਸਿਰਫ਼ ਕੁਝ ਕੁ ਲੋਕਾਂ ਨੂੰ ਹੀ ਲਾਭ ਹੋਇਆ ਪਰ ਦੇਸ਼ ਦੇ ਅਰਥਚਾਰੇ ਦਾ ਲੱਕ ਟੁੱਟ ਗਿਆ, ਗ਼ਰੀਬਾਂ ਦਾ ਡਾਢਾ ਨੁਕਸਾਨ ਹੋਇਆ।


ਕਾਂਗਰਸੀ ਕਾਰਕੁੰਨਾਂ ਨੇ ਕਈ ਥਾਵਾਂ `ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਵੀ ਫੂਕੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress protests in Punjab against Demonetisation