ਪਿਛਲੇ ਸਾਲ ਵਾਲ ਕੱਟ ਕੇ ਤੇ ਮੂੰਹ ਕਾਲਾ ਕਰਕੇ ਪਿੰਡ 'ਚ ਵੀ ਘੁੰਮਾ ਚੁੱਕੈ ਪਤੀ
ਦੂਜੀ ਘਰਵਾਲੀ ਲਿਆਉਣ ਦਾ ਕਰਦੀ ਹੈ ਵਿਰੋਧ
ਆਜ਼ਾਦੀ ਦੇ ਇੰਨੇ ਸਾਲ ਬੀਤਣ ਤੋਂ ਬਾਅਦ ਵੀ ਸਮਾਜ ਵਿੱਚ ਅੱਜ ਔਰਤਾਂ ਦੀ ਹਾਲਤ ਤਰਸਯੋਗ ਹੈ, ਜਿਸ ਦੀ ਇੱਕ ਉਦਾਹਰਣ ਮੋਗਾ ਤੋਂ ਸਾਹਮਣੇ ਆ ਰਹੀ ਹੈ ਜਿਥੇ ਇੱਕ ਕਾਂਸਟੇਬਲ ਪਤੀ ਵੱਲੋਂ ਆਪਣੀ ਪਤਨੀ ਉੱਤੇ ਕਈ ਸਾਲਾਂ ਤੋਂ ਤਸ਼ਦੱਦ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਜਦੋਂ ਪਤਨੀ ਨੇ ਕਿਸੇ ਨੇੜਲੀ ਰਿਸ਼ਤੇਦਾਰ ਜਵਾਨ ਲੜਕੀ ਨੂੰ ਘਰ ਲਿਆਉਣ 'ਤੇ ਇਤਰਾਜ਼ ਪ੍ਰਗਟਾਇਆ ਤਾਂ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਨੇ ਉਸ ਨਾਲ ਜਾਨਵਰਾਂ ਦੀ ਤਰ੍ਹਾਂ ਸਲੂਕ ਕੀਤਾ। ਇਕ ਜਾਂ ਦੋ ਸਾਲ ਨਹੀਂ, ਬਲਕਿ ਪਿਛਲੇ 13 ਸਾਲਾਂ ਤੋਂ ਉਹ ਆਪਣੀ ਪਤਨੀ 'ਤੇ ਤਸ਼ੱਦਦ ਢਾਹ ਰਿਹਾ ਹੈ। ਜੇ ਇਸ ਨਾਲ ਉਸ ਦਾ ਮਨ ਨਹੀਂ ਭਰਿਆ, ਤਾਂ ਉਸ ਨੇ ਪਤਨੀ ਦਾ ਮੂੰਹ ਕਾਲਾ ਕਰਕੇ ਉਸ ਦੇ ਵਾਲ ਕੱਟ ਦਿੱਤੇ ਅਤੇ ਪਿੰਡ ਵਿੱਚ ਘੁੰਮਿਆ।
ਦੋਸ਼ ਹੈ ਕਿ ਸ਼ਿਕਾਇਤ 'ਤੇ ਥਾਣਾ ਸਦਰ ਦੀ ਪੁਲਿਸ ਨੇ ਦੋਸ਼ੀ ਕਾਂਸਟੇਬਲ ਪਤੀ ਖਿਲਾਫ ਕਾਰਵਾਈ ਕਰਨ ਦੀ ਬਜਾਏ ਸਮਝੌਤਾ ਕਰਵਾ ਦਿੱਤਾ। ਹੁਣ ਪੀੜਤ ਲੜਕੀ ਐਸਐਸਪੀ ਅਮਰਜੀਤ ਸਿੰਘ ਬਾਜਵਾ ਕੋਲ ਪਹੁੰਚੀ। ਐਸਐਸਪੀ ਨੇ ਪੂਰੇ ਮਾਮਲੇ ਦੀ ਜਾਂਚ ਡੀਐਸਪੀ (ਸਿਟੀ) ਨੂੰ ਸੌਂਪੀ ਹੈ।
ਇਹ ਘਟਨਾ ਪਿੰਡ ਝੰਡੇਆਣਾ ਗਰਬੀ ਦੀ ਹੈ। ਵਸਨੀਕ ਨੇ ਦੱਸਿਆ ਕਿ ਉਸ ਦਾ ਵਿਆਹ 15 ਸਾਲ ਪਹਿਲਾਂ ਕਾਂਸਟੇਬਲ ਇੰਦਰਜੀਤ ਸਿੰਘ ਨਾਲ ਹੋਇਆ ਸੀ। ਦੋ ਸਾਲਾਂ ਤੋਂ ਸਭ ਠੀਕ ਰਿਹਾ। ਫਿਰ ਪਤੀ ਦਾ ਅੱਤਿਆਚਾਰ ਸ਼ੁਰੂ ਹੋ ਗਿਆ।
ਉਸ ਨੇ ਦੋਸ਼ ਲਾਇਆ ਕਿ ਪਤੀ ਦਾ ਕਿਸੇ ਨੇੜਲੇ ਰਿਸ਼ਤੇਦਾਰ ਨਾਲ ਨਾਜਾਇਜ਼ ਸਬੰਧ ਸੀ। ਉਸ ਦਾ ਪਤੀ ਖ਼ੁਦ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ। ਵਿਆਹ ਦਾ ਵਿਰੋਧ ਕਰਨ ਉੱਤੇ ਪਤੀ ਪਿਛਲੇ 13 ਸਾਲਾਂ ਤੋਂ ਉਸ ਉੱਤੇ ਤਸ਼ੱਦਦ ਕਰ ਰਿਹਾ ਹੈ।
ਪੀੜਤਾ ਦਾ ਕਹਿਣਾ ਹੈ ਕਿ ਦੁਖੀ ਹੋ ਕੇ ਉਸ ਨੇ 26 ਦਸੰਬਰ, 2014 ਨੂੰ ਆਪਣੇ ਪਤੀ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ, ਪਰ ਕਾਂਸਟੇਬਲ ਪਤੀ ਨੇ ਮਾਮਲਾ ਰਫਾ ਦਫਾ ਕਰਵਾ ਦਿੱਤਾ।
ਪਿਛਲੇ ਸਾਲ 29 ਨਵੰਬਰ ਨੂੰ ਉਸ ਦੇ ਪਤੀ ਨੇ ਉਸ ਦੇ ਵਾਲ ਕੱਟੇ ਅਤੇ ਉਸ ਦਾ ਮੂੰਹ ਕਾਲਾ ਕਰ ਪਿੰਡ ਵਿੱਚ ਘੁਮਾਇਆ। ਕੁਝ ਲੋਕਾਂ ਨੇ ਇਸ ਦੀ ਵੀਡੀਓ ਵੀ ਬਣਾਈ। ਜਦੋਂ ਮਾਮਲਾ ਥਾਣੇ ਪਹੁੰਚਿਆ ਤਾਂ ਪਿੰਡ ਦੇ ਹੀ ਇਕ ਵਿਅਕਤੀ ਨੇ ਸਮਝੌਤਾ ਕਰਵਾ ਕੇ ਮਾਮਲਾ ਦਬਾਅ ਦਿੱਤਾ।