ਦਯਾਨੰਦ ਮੈਡੀਕਲ ਕਾਲਜ (ਡੀਐੱਮਸੀ) ਅਤੇ ਹਸਪਤਾਲ ਦੇ ਮੁੱਖ ਗੇਟ ਨੇੜੇ ਇੱਕ ਨੌਜਵਾਨ ਨੇ ਇੱਕ ਪੁਲਿਸ ਕਾਂਸਟੇਬਲ ਨੂੰ ਗੋਲੀ ਮਾਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਕਾਂਸਟੇਬਲ ਦਵਿੰਦਰ ਸਿੰਘ ਨੇ ਡੀਐੱਮਸੀ ਨੇੜੇ ਲੱਗੇ ਨਾਕੇ `ਤੇ ਦੋ ਮੋਟਰਸਾਇਕਲ ਸਵਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਉਨ੍ਹਾਂ ਦੋਵਾਂ ਨੂੰ ਵਾਹਨ ਦੇ ਦਸਤਾਵੇਜ਼ ਚੈੱਕ ਕਰਵਾਉਣ ਲਈ ਕਿਹਾ ਗਿਆ। ਇਸ ਤੋਂ ਬਾਅਦ ਉਨ੍ਹਾਂ ਦੋਵੇਂ ਨੌਜਵਾਨਾਂ ਤੇ ਦਵਿੰਦਰ ਸਿੰਘ ਵਿਚਾਲੇ ਬਹਿਸ ਸ਼ੁਰੂ ਹੋ ਗਈ।
ਉਸ ਤੋਂ ਬਾਅਦ ਦੋਵੇਂ ਨੌਜਵਾਨ ਆਪਣਾ ਮੋਟਰਸਾਇਕਲ ਉੱਥੇ ਹੀ ਛੱਡ ਕੇ ਉੱਥੋਂ ਨੱਸਣ ਲੱਗੇ। ਦਵਿੰਦਰ ਸਿੰਘ ਨੇ ਉਨ੍ਹਾਂ ਦਾ ਪਿੱਛਾ ਕੀਤਾ। ਤਦ ਉਨ੍ਹਾਂ ਭੱਜੇ ਜਾਂਦੇ ਦੋ ਨੌਜਵਾਨਾਂ ਵਿੱਚੋਂ ਇੱਕ ਨੇ ਗੋਲੀ ਚਲਾ ਦਿੱਤੀ। ਫਿਰ ਵੀ ਦਵਿੰਦਰ ਸਿੰਘ ਨੇ ਇੱਕ ਜਣੇ ਨੂੰ ਫੜ ਲਿਆ, ਜਦ ਕਿ ਦੂਜਾ ਉੱਥੋਂ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਿਆ।
ਜ਼ਖ਼ਮੀ ਕਾਂਸਟੇਬਲ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਇਸ ਮਾਮਲੇ `ਚ ਜਾਂਚ ਸ਼ੁਰੂ ਕਰ ਦਿੱਤੀ ਹੈ।