ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੰਟਰੈਕਟ ਅਧਿਆਪਕਾਂ ਕੋਲ ਸਰਕਾਰ ਦੀ ਗੱਲ ਮੰਨਣ ਲਈ ਸਿਰਫ਼ 5 ਦਿਨ ਬਾਕੀ

ਕੰਟਰੈਕਟ ਅਧਿਆਪਕਾਂ ਕੋਲ ਸਰਕਾਰ ਦੀ ਗੱਲ ਮੰਨਣ ਲਈ ਸਿਰਫ਼ 5 ਦਿਨ ਬਾਕੀ

ਸਰਵ ਸਿ਼ਖਸ਼ਾ ਅਭਿਆਨ (ਐੱਸੈੱਸਏ) ਅਤੇ ਰਾਸ਼ਟਰੀ ਮਾਧਿਅਮਕ ਸਿ਼ਖ਼ਸ਼ਾ ਅਭਿਆਨ (ਰਮਸਾ) ਅਧੀਨ ਭਰਤੀ ਹੋਏ 8,886 ਅਧਿਆਪਕ ਪਿਛਲੇ ਕਾਫ਼ੀ ਸਮੇਂ ਤੋਂ ਆਪਣੀਆਂ ਤਨਖ਼ਾਹਾਂ ਘਟਾਏ ਜਾਣ ਦੇ ਵਿਰੋਧ `ਚ ਪਟਿਆਲਾ `ਚ ਰੋਸ ਧਰਨੇ `ਤੇ ਬੈਠੇ ਹਨ। ਸਰਕਾਰ ਨੇ ਉਨ੍ਹਾਂ ਦੀਆਂ ਸੇਵਾਵਾਂ ਨਿਯਮਤ ਕਰਨ ਦਾ ਵਾਅਦਾ ਤਾਂ ਕਰ ਲਿਆ ਪਰ ਨਾਲ ਹੀ ਇਹ ਸ਼ਰਤ ਵੀ ਰੱਖ ਦਿੱਤੀ ਕਿ ਉਨ੍ਹਾਂ ਨੂੰ ਤਿੰਨ ਸਾਲਾਂ ਤੱਕ ਸਿਰਫ਼ 15,300 ਰੁਪਏ ਪ੍ਰਤੀ ਮਹੀਨਾ ਤਨਖ਼ਾਹ `ਤੇ ਗੁਜ਼ਾਰਾ ਕਰਨਾ ਪਵੇਗਾ। ਹੁਣ ਜਿਨ੍ਹਾਂ ਦੀਆਂ ਤਨਖ਼ਾਹਾਂ 40,000 ਰੁਪਏ ਤੋਂ ਵੀ ਉਤਾਂਹ ਚਲੀਆਂ ਗਈਆਂ ਸਨ, ਉਨ੍ਹਾਂ ਨੂੰ ਹੁਣ ਸਰਕਾਰ ਦੀ ਇਹ ਪੇਸ਼ਕਸ਼ ਮੰਨਣ ਵਿੱਚ ਬਹੁਤ ਔਕੜ ਪੇਸ਼ ਆ ਰਹੀ ਹੈ।


ਸਰਕਾਰ ਆਪਣੇ ਇਸ ਸਟੈਂਡ ਤੋਂ ਬਿਲਕੁਲ ਵੀ ਟੱਸ ਤੋਂ ਮੱਸ ਨਹੀਂ ਹੋ ਰਹੀ। ਹੁਣ ਸਿੱਖਿਆ ਵਿਭਾਗ ਨੇ ਆਪਣੀ ਵੈੱਬਸਾਈਟ `ਤੇ ਨੋਟਿਸ ਅਪਲੋਡ ਕੀਤਾ ਹੈ ਕਿ ਕੰਟਰੈਕਟ ਆਧਾਰਤ ਅਧਿਆਪਕਾਂ ਕੋਲ ਸਿਰਫ਼ 30 ਨਵੰਬਰ ਰਾਤੀਂ 12:00 ਵਜੇ ਤੱਕ ਦਾ ਸਮਾਂ ਹੈ, ਉਸ ਤੋਂ ਬਾਅਦ ਉਨ੍ਹਾਂ ਲਈ ਇਹ ਪੇਸ਼ਕਸ਼ ਵੀ ਖ਼ਤਮ ਹੋ ਜਾਵੇਗੀ। ਹੁਣ ਉਨ੍ਹਾਂ ਨੂੰ ਪੰਜ ਦਿਨਾਂ ਦਾ ਆਖ਼ਰੀ ਮੌਕਾ ਦਿੱਤਾ ਗਿਆ ਹੈ।


ਚੇਤੇ ਰਹੇ ਕਿ ਕਾਂਗਰਸ ਪਾਰਟੀ ਨੇ ਆਪਣੇ ਚੋਣ-ਮੈਨੀਫ਼ੈਸਟੋ `ਚ ਇਹ ਵਾਅਦਾ ਕੀਤਾ ਸੀ ਕਿ ਕੰਟਰੈਕਟ ਅਧਿਆਪਕਾਂ ਨੂੰ ਨਿਯਮਤ ਭਾਵ ਰੈਗੂਲਰ ਕੀਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਤਨਖ਼ਾਹਾਂ ਵਿਚਲੀਆਂ ਸਾਰੀਆਂ ਤਰੁਟੀਆਂ ਦੂਰ ਕਰ ਦਿੱਤੀਆਂ ਜਾਣਗੀਆਂ। ਪਰ ਸਰਕਾਰ ਦੇ ਫ਼ੈਸਲੇ ਨੇ ਅਧਿਆਪਕਾਂ ਨੂੰ ਨਿਰਾਸ਼ ਕਰ ਦਿੱਤਾ ਹੈ।


ਇਸ ਦੇ ਬਾਵਜੂਦ 3,800 ਅਧਿਆਪਕ ਅਜਿਹੇ ਵੀ ਹਨ, ਜਿਨ੍ਹਾਂ ਨੇ ਸਰਕਾਰ ਦੀ ਪੇਸ਼ਕਸ਼ ਨੂੰ ਮਨਜ਼ੂਰ ਵੀ ਕਰ ਲਿਆ ਹੈ ਅਤੇ ਉਨ੍ਹਾਂ `ਚੋਂ 1,200 ਨੇ ਤਾਂ 15,300 ਰੁਪਏ ਪ੍ਰਤੀ ਮਹੀਨਾ ਦੀ ਤਨਖ਼ਾਹ `ਤੇ ਨੌਕਰੀਆਂ ਜੁਆਇਨ ਵੀ ਕਰ ਲਈਆਂ ਹਨ।


ਸਾਂਝਾ ਅਧਿਆਪਕ ਮੋਰਚਾ ਹਾਲੇ ਤੱਕ ਆਪਣੀਆਂ ਮੰਗਾਂ ਨੂੰ ਲੈ ਕੇ ਡਟਿਆ ਹੋਇਆ ਹੈ। ਮੰਗਾਂ ਨਾ ਮੰਨੇ ਜਾਣ ਦੀ ਹਾਲਤ `ਚ ਆਉਂਦੀ 2 ਦਸੰਬਰ ਨੂੰ ਪਟਿਆਲਾ ਜਾਮ ਕਰਨ ਦਾ ਐਲਾਨ ਵੀ ਇਸ ਮੋਰਚੇ ਨੇ ਕੀਤਾ ਹੋਇਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Contract Teachers have 5 days to opt for Govt proposal