ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਕਿਓਰਿਟੀ ਵਿੱਚ ਤਾਇਨਾਤ ਇੱਕ ਪੁਲਿਸ ਕਾਂਸਟੇਬਲ ਸੁਖਵਿੰਦਰ ਸਿੰਘ ਦਾ ਸਨਿੱਚਰਵਾਰ ਦੇਰ ਰਾਤੀਂ ਮੋਹਾਲੀ ’ਚ ਕਤਲ ਹੋ ਗਿਆ ਹੈ।
ਇਹ ਘਟਨਾ ਮੋਹਾਲੀ ਦੇ ਫ਼ੇਸ 11 ਸਥਿਤ ਇੱਕ ਨਾਈਟ ਕਲੱਬ ‘ਵਾਕਿੰਗ ਸਟ੍ਰੀਟ ਐਂਡ ਕੈਫ਼ੇ’ ’ਚ ਵਾਪਰੀ। ਰਾਤ ਨੂੰ ਉੱਥੇ ਅੰਮ੍ਰਿਤਸਰ ਦੇ ਕਿਸੇ ਸਾਹਿਲ ਨਾਂਅ ਦੇ ਵਿਅਕਤੀ ਨਾਲ ਉਸ ਦੀ ਕਿਸੇ ਗੱਲੋਂ ਬਹਿਸ ਹੋ ਗਈ।
ਉਹ ਦੋਵੇਂ ਜਦੋਂ ਉੱਚੀ–ਉੱਚੀ ਝਗੜਨ ਲੱਗੇ, ਤਾਂ ਕਲੱਬ ਦੇ ਮਾਲਕ ਨੇ ਉਨ੍ਹਾਂ ਦੋਵਾਂ ਨੂੰ ਬਾਹਰ ਚਲੇ ਜਾਣ ਲਈ ਆਖਿਆ।
ਬਾਹਰ ਜਾਂਦੇ ਸਮੇਂ ਸਾਹਿਲ ਨੇ ਆਪਣਾ ਰਿਵਾਲਵਰ ਕੱਢ ਕੇ ਸੁਖਵਿੰਦਰ ਸਿੰਘ ਦੇ ਗੋਲੀ ਮਾਰੀ ਤੇ ਸੁਖਵਿੰਦਰ ਸਿੰਘ ਹੁਰਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਹਿਲ ਉੱਥੋਂ ਫ਼ਰਾਰ ਹੋ ਗਿਆ। ਉਸ ਦੀ ਭਾਲ਼ ਲਈ ਪੁਲਿਸ ਥਾਂ–ਥਾਂ ਉੱਤੇ ਛਾਪੇਮਾਰੀ ਕਰ ਰਹੀ ਹੈ।
ਮ੍ਰਿਤਕ ਪੁਲਿਸ ਕਾਂਸਟੇਬਲ ਮੂਲ ਰੂਪ ਵਿੱਚ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਰੋੜਾਂਵਾਲੀ ਦਾ ਵਸਨੀਕ ਸੀ। ਉਸ ਦੀ ਮ੍ਰਿਤਕ ਦੇਹ ਹਾਲੇ ਮੋਹਾਲੀ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਪਈ ਹੈ।