ਪੰਜਾਬ ’ਚ ਕੋਰੋਨਾ ਵਾਇਰਸ ਤੋਂ ਪੀੜਤ (ਪਾਜ਼ਿਟਿਵ) ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 23 ਹੋ ਗਈ ਹੈ। ਦਰਅਸਲ, ਕੱਲ੍ਹ ਨਵਾਂਸ਼ਹਿਰ ਜ਼ਿਲ੍ਹੇ ’ਚ ਬੰਗਾ ਲਾਗਲੇ ਪਿੰਡ ਪਠਲਾਵਾ ਦੇ ਦੋ ਸਾਲਾ ਇੱਕ ਬੱਚੇ ਦੇ ਵੀ ਇਸ ਵਾਇਰਸ ਦੀ ਲਪੇਟ ’ਚ ਆਉਣ ਦੀ ਜਾਣਕਾਰੀ ਮਿਲੀ ਸੀ। ਇਹ ਬੱਚਾ ਉਸ 70 ਸਾਲਾ ਵਿਅਕਤੀ ਦਾ ਪੋਤਰਾ ਹੈ; ਜਿਸ ਦੀ ਬੀਤੇ ਦਿਨੀਂ ਕੋਵਿਡ–19 ਕਾਰਨ ਮੌਤ ਹੋ ਗਈ ਸੀ।
ਇਸ ਤੋਂ ਇਲਾਵਾ ਕੱਲ੍ਹ ਹੀ ਮੋਹਾਲੀ ਦੀ 80 ਸਾਲਾ ਇੱਕ ਔਰਤ ਦੇ ਵੀ ਕੋਰੋਨਾ–ਪਾਜ਼ਿਟਿਵ ਹੋਣ ਦੀ ਸ਼ਨਾਖ਼ਤ ਹੋਈ ਸੀ। ਇੰਝ ਕੱਲ੍ਹ ਸੋਮਵਾਰ ਨੂੰ ਦੋ ਹੋਰ ਮਰੀਜ਼ ਨਾਲ ਪੰਜਾਬ ’ਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਕੁੱਲ ਗਿਣਤੀ ਹੁਣ 23 ਹੋ ਗਈ ਹੈ।
ਪੰਜਾਬ ਦੇ ਸਿਹਤ ਵਿਭਾਗ ਮੁਤਾਬਕ ਸਾਰੇ 22 ਮਰੀਜ਼ਾਂ ਦੀ ਹਾਲਤ ਇਸ ਵੇਲੇ ਸਥਿਰ ਬਣੀ ਹੋਈ ਹੈ ਤੇ ਉਹ ਵੱਖੋ–ਵੱਖਰੇ ਸਰਕਾਰੀ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। ਉਨ੍ਹਾਂ ਸਭਨਾਂ ਦੇ ਨੇੜੇ ਰਹੇ ਰਿਸ਼ਤੇਦਾਰਾਂ ਤੇ ਜਾਣਕਾਰਾਂ ਦੇ ਸੈਂਪਲ ਵੀ ਜਾਂਚ ਲਈ ਲੈਬਜ਼ ’ਚ ਭੇਜੇ ਗਏ ਹਨ।
ਇਕੱਲੇ ਨਵਾਂਸ਼ਹਿਰ ਜ਼ਿਲ੍ਹੇ ’ਚ 15 ਕੋਰੋਨਾ–ਪਾਜ਼ਿਟਿਵ ਕੇਸ ਹਨ। ਦਰਅਸਲ, ਬੰਗਾ ਲਾਗਲੇ ਪਿੰਡ ਪਠਲਾਵਾ ਦੇ ਜਿਹੜੇ ਵਿਅਕਤੀ ਦੀ ਪਿਛਲੇ ਹਫ਼ਤੇ ਕੋਰੋਨਾ ਕਰਕੇ ਮੌਤ ਹੋਈ ਹੈ, ਉਹ ਬਰਾਸਤਾ ਇਟਲੀ ਹੁੰਦਾ ਹੋਇਆ ਜਰਮਨੀ ਤੋਂ ਭਾਰਤ ਪਰਤਿਆ ਸੀ।
ਨਵਾਂਸ਼ਹਿਰ ਜ਼ਿਲ੍ਹੇ ਦੇ ਬਾਕੀ 14 ਕੋਰੋਨਾ–ਪਾਜ਼ਿਟਿਵ ਮਰੀਜ਼ਾਂ ’ਚੋਂ 11 ਤਾਂ ਪਠਲਾਵਾ ਦੇ ਉਸੇ ਮ੍ਰਿਤਕ ਐੱਨਆਰਆਈ ਦੇ ਹੀ ਰਿਸ਼ਤੇਦਾਰ ਹਨ। ਦੋ ਹੋਰ ਵਿਅਕਤੀ ਉਸ ਦੇ ਨਾਲ ਹੀ ਜਰਮਨੀ ਤੋਂ ਪਰਤੇ ਹਨ ਤੇ ਪਠਲਾਵਾ ਪਿੰਡ ਦਾ ਸਰਪੰਚ ਵੀ ਪਾਜ਼ਿਟਿਵ ਹੋ ਗਿਆ ਹੈ।
ਕੱਲ੍ਹ ਸ਼ਾਮ ਤੱਕ ਪੰਜਾਬ ’ਚੋਂ 251 ਸੈਂਪਲ ਲਏ ਜਾ ਚੁੱਕੇ ਸਨ; ਉਨ੍ਹਾਂ ਵਿੱਚੋਂ ਹੀ 23 ਪਾਜ਼ਿਟਿਵ ਪਾਏ ਗਏ ਹਨ ਅਤੇ 183 ਨੈਗੇਟਿਵ ਹਨ। 45 ਸੌਂਪਲਾਂ ਦੀ ਹਾਲੇ ਰਿਪੋਰਟ ਨਹੀਂ ਆਈ।