ਕੋਰੋਨਾ ਵਾਇਰਸ ਕਾਰਨ ਸਮੁੱਚਾ ਭਾਰਤ ਇਸ ਵੇਲੇ ਲੌਕਡਾਊਨ ਹੈ। ਇਸ ਗੱਲ ਨੂੰ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਦੇਸ਼ਬੰਦੀ ਕਾਰਨ ਸਭ ਆਪੋ–ਆਪਣੇ ਘਰਾਂ ’ਚ ਬੰਦ ਹਨ। ਪੰਜਾਬ ’ਚ ਤਾਂ ਇਸ ਦੇਸ਼ਬੰਦੀ ਤੋਂ ਪਹਿਲਾਂ ਹੀ ਕਰਫ਼ਿਊ ਲਾ ਦਿੱਤਾ ਗਿਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੇ ਇਹ ਫ਼ੈਸਲਾ ਸਮੂਹ ਸੂਬਾ ਵਾਸੀਆਂ ਨੂੰ ਘਾਤਕ ਕਿਸਮ ਦੇ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਉਣ ਲਈ ਲਿਆ ਹੈ।
ਲੌਕਡਾਊਨ ਨੇ ਸਭ ਤੋਂ ਪਹਿਲਾਂ ਕਿਰਤੀ ਤੇ ਕਾਮਾ ਵਰਗ ਦਾ ਲੱਕ ਤੋੜਿਆ ਹੈ ਕਿਉਂਕਿ ਉਨ੍ਹਾਂ ਦੀਆਂ ਦਿਹਾੜੀਆਂ ਟੁੱਟ ਗਈਆਂ ਹਨ। ਬਹੁਤ ਸਾਰੇ ਖੇਤ ਮਜ਼ਦੂਰਾਂ ਤੇ ਆਮ ਕਾਮਿਆਂ ਦੇ ਘਰਾਂ ’ਚੋਂ ਰਾਸ਼ਨ ਦੇ ਪੀਪੇ ਖਾਲੀ ਹੋ ਗਏ ਹਨ।
ਅਜਿਹੇ ਵੇਲੇ ਸਮਾਜ ਦੇ ਸਾਰੇ ਹੀ ਵਰਗਾਂ ਨੇ ਗ਼ਰੀਬਾਂ ਤੇ ਹੋਰ ਲੋੜਵੰਦਾਂ ਲਈ ਰੋਜ਼ਾਨਾ ਲੰਗਰ ਲਾਉਣੇ ਸ਼ੁਰੂ ਕਰ ਦਿੱਤੇ ਹਨ। ਦਿਲਚਸਪ ਗੱਲ ਇਹ ਹੈ ਕਿ ਅਜਿਹੇ ਵੇਲੇ ਜਦੋਂ ਕੁਝ ਖਾਸ ਸਿਆਸੀ ਆਗੂ ਧਰਮ–ਆਧਾਰਤ ਸਿਆਸਤ ਦੀ ਖੇਡ ’ਚ ਲੋਕਾਂ ਨੂੰ ਹਿੰਦੂ, ਮੁਸਲਿਮ, ਸਿੱਖ ਤੇ ਈਸਾਈ ਵੱਖੋ–ਵੱਖਰੇ ਗੁੱਟਾਂ ’ਚ ਵੰਡਣਾ ਚਾਹ ਰਹੇ ਸਨ – ਕੋਰੋਨਾ ਵਾਇਰਸ ਨੇ ਉਨ੍ਹਾਂ ਦੇ ਮੂੰਹ ਉੱਤੇ ਕਰਾਰੀ ਚਪੇੜ ਮਾਰੀ ਹੈ।
ਵੱਡੇ–ਵੱਡੇ ਮੰਦਰਾਂ, ਗੁਰਦੁਆਰਾ ਸਾਹਿਬਾਨ, ਮਸਜਿਦਾਂ ਤੇ ਗਿਰਜਾਘਰਾਂ (ਚਰਚਾਂ) ਵੱਲੋਂ ਇਸ ਮੌਕੇ ਲੱਖਾਂ ਲੋਕਾਂ ਲਈ ਰੋਜ਼ਾਨਾ ਖਾਣ–ਪੀਣ ਮੁਫ਼ਤ ਵਰਤਾਇਆ ਜਾ ਰਿਹਾ ਹੈ।
‘ਹਿੰਦੁਸਤਾਨ ਟਾਈਮਜ਼ ਪੰਜਾਬੀ’ ਕੋਲ ਅੰਮ੍ਰਿਤਸਰ ਤੋਂ ਲੈ ਕੇ ਜਾਖਲ਼ ਤੇ ਚੰਡੀਗੜ੍ਹ ਤੱਕ ਪੰਜਾਬ ਦੇ ਕੋਣੇ–ਕੋਣੇ ਦੀਆਂ ਤਸਵੀਰਾਂ ਪੁੱਜ ਰਹੀਆਂ ਹਨ। ਹਿੰਦੂ ਮੰਦਰਾਂ ਤੇ ਸਿੱਖ ਗੁਰਦੁਆਰਾ ਸਾਹਿਬਾਨ ਵੱਲੋਂ ਲਾਏ ਲੰਗਰਾਂ ਤੋਂ ਤਾਂ ਸਾਰੇ ਜਾਣੂ ਹਨ ਪਰ ਮੁਸਲਿਮ ਤੇ ਈਸਾਈ ਭਾਈਚਾਰਿਆਂ ਵੱਲੋਂ ਕੀਤੀ ਜਾਣ ਵਾਲੀ ਅਜਿਹੀ ਸੇਵਾ ਬਾਰੇ ਨਾ ਕਦੇ ਕੋਈ ਖ਼ਬਰ ਪ੍ਰਕਾਸ਼ਿਤ ਤੇ ਪ੍ਰਸਾਰਿਤ ਹੁੰਦੀ ਹੈ ਤੇ ਨਾ ਹੀ ਕੋਈ ਉਸ ਦਾ ਜ਼ਿਕਰ ਹੀ ਕਰਦਾ ਹੈ।
ਮਾਲੇਰਕੋਟਲਾ ’ਚ ਸਮਰੱਥ ਮੁਸਲਿਮ ਭਾਈਚਾਰੇ ਵੱਲੋਂ ਸ਼ਹਿਰ ਵਿੱਚ ਕਈ ਥਾਵਾਂ ਉੱਤੇ ਮੁਫ਼ਤ ਲੰਗਰ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਵਿਧਾਇਕਾ ਤੇ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਵੱਲੋਂ ਵੀ ਅਨਾਜ ਮੁਫ਼ਤ ਵੰਡਿਆ ਜਾ ਰਿਹਾ ਹੈ। ਅੰਮ੍ਰਿਤਸਰ ਤੇ ਕਾਦੀਆਂ ਤੋਂ ਵੀ ਮੁਸਲਿਮ ਭਾਈਚਾਰੇ ਵੱਲੋਂ ਲੰਗਰ ਲਾਏ ਜਾ ਰਹੇ ਹਨ।
ਉੱਧਰ ‘ਪੰਜਾਬ ਕ੍ਰਿਸਚੀਅਨ ਯੂਨਾਈਟਿਡ ਫ਼ਰੰਟ’ ਦੇ ਪ੍ਰਧਾਨ ਜਾਰਜ ਸੋਨੀ ਅਤੇ ਪੰਜਾਬ ਦੇ ਉੱਘੇ ਪੱਤਰਕਾਰ ਪਤਰਸ ਮਸੀਹ ਪੀਟਰ ਨੇ ਦੱਸਿਆ ਕਿ ਪਾਸਟਰ ਅੰਕੁਰ ਨਰੂਲਾ ਦੇ ਚਰਚ ਵੱਲੋਂ ਜਲੰਧਰ ’ਚ ਰੋਜ਼ਾਨਾ ਹਜ਼ਾਰਾਂ ਲੋਕਾਂ ਨੂੰ ਮੁਫ਼ਤ ਖਾਣ–ਪੀਣ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇੰਝ ਹੀ ਖੋਜੇਵਾਲ, ਬਟਾਲਾ ਤੇ ਧਾਰੀਵਾਲ ’ਚ ਵੀ ਮਸੀਹੀ ਭਾਈਚਾਰੇ ਵੱਲੋਂ ਜਗ੍ਹਾ–ਜਗ੍ਹਾ ਲੰਗਰ ਲਾਏ ਜਾ ਰਹੇ ਹਨ।
ਪਾਸਟਰ ਅੰਕੁਰ ਨਰੂਲਾ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਲੰਗਰ ਸਾਰੇ ਧਰਮਾਂ ਲਈ ਖੁੱਲ੍ਹਾ ਹੈ। ਉਨ੍ਹਾਂ ਦੱਸਿਆ ਕਿ ਇਹ ਲੰਗਰ ਕਰਫ਼ਿਊ ਦੌਰਾਨ ਲੋੜਵੰਦ ਲੋਕਾਂ ਨੂੰ ਉਨ੍ਹਾਂ ਦੇ ਘਰੋਂ–ਘਰੀਂ ਪਹੁੰਚਾਇਆ ਜਾ ਰਿਹਾ ਹੈ।
ਭਾਰਤੀ ਸਮਾਜ ਨੂੰ ਹਿੰਦੂ–ਮੁਸਲਿਮ ਦੇ ਨਾਂਅ ’ਤੇ ਵੰਡਣ ਵਾਲੇ ਸਾਰੇ ਆਗੂ ਹੁਣ ਕੋਰੋਨਾ ਵਾਇਰਸ ਨੇ ਚੁੱਪ ਕਰਵਾ ਦਿੱਤੇ ਹਨ ਤੇ ਉਨ੍ਹਾਂ ਵਿੱਚੋਂ ਕੋਈ ਆਮ ਲੋੜਵੰਦਾਂ ਦੀ ਮਦਦ ਕਰਨ ਲਈ ਬਹੁੜਦਾ ਵੀ ਨਹੀਂ ਦਿਸ ਰਿਹਾ।
ਹਿੰਦੂ–ਮੁਸਲਿਮ–ਸਿੱਖ–ਈਸਾਈ ਇਸ ਕੋਰੋਨਾ–ਸੰਕਟ ਦੀ ਘੜੀ ’ਚ ਪੂਰੀ ਤਰ੍ਹਾਂ ਇੱਕਜੁਟ ਹਨ; ਇਹੋ ਹੈ ਅਸਲ ਭਾਰਤ।