ਪੰਜਾਬ ਸਰਕਾਰ ਨੇ ਅੱਜ ਤਾਜ਼ਾ ਹਦਾਇਤਾਂ ਜਾਰੀ ਕਰਦਿਆਂ ਕੋਵਿਡ-19 (ਕੋਰੋਨਾਵਾਇਰਸ) ਦੀ ਰਿਪੋਟਿੰਗ ਤੇ ਮੈਨੇਜਮੈਂਟ ਕਰ ਰਹੇ ਸਟਾਫ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਦੱਸਿਆ ਕਿ ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਹੋਏ ਕੋਰੋਨਾਵਾਇਰਸ ਮਾਮਲਿਆਂ ਦੀ ਨਿਗਰਾਨੀ ਤਹਿਤ ਰਿਪੋਟਿੰਗ ਤੇ ਮੈਨੇਜਮੈਂਟ ਕਰ ਰਹੇ ਸਾਰੇ ਅਫਸਰਾਂ ਤੇ ਮੁਲਾਜਮਾਂ ਦੀ ਛੁੱਟੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਹੁਣ ਕਿਸੇ ਵੀ ਤਰ੍ਹਾਂ ਦੀ ਛੁੱਟੀ ਕੇਵਲ ਡਾਇਰੈਕਟੋਰੇਟ ਸਿਹਤ ਸੇਵਾਵਾਂ ਤੋਂ ਮਨਜੂਰੀ ਮਿਲਣ ਉਪਰੰਤ ਹੀ ਦਿੱਤੀ ਜਾਵੇਗੀ ਤਾਂ ਜੋ ਸ਼ੱਕੀ ਯਾਤਰੀਆਂ ਦੀ ਜਾਂਚ ਤੇ ਟੈਸਟ ਪ੍ਰਕਿਰਿਆ ਤੇ ਕਿਸੇ ਵੀ ਤਰ੍ਹਾਂ ਦਾ ਪ੍ਰਭਾਵ ਨਾ ਪਵੇ। ਆਈਡੀਐਸਪੀ ਦਾ ਰਾਜ ਚੌਕਸੀ ਯੂਨਿਟ ਸੂਬੇ ਵਿੱਚ ਕੋਰੋਨਾਵਾਇਰਸ ਦੀ ਸਥਿਤੀ ਅਤੇ ਸਾਰੀਆਂ ਗਤੀਵਿਧੀਆਂ ਦੀ ਨਿਗਰਾਨੀ ਰੱਖ ਰਿਹਾ ਹੈ।
ਕੈਬਨਿਟ ਮੰਤਰੀ ਨੇ ਅਤਿ ਸੰਵੇਦਨਸ਼ੀਲ ਇਲਾਕਿਆਂ ਵਿਖੇ ਹੋ ਰਹੀ ਸਕਰੀਨਿੰਗ ਬਾਰੇ ਖੁਲਾਸਾ ਕਰਦਿਆਂ ਦੱਸਿਆ ਕਿ ਹੁਣ ਤੱਕ ਅੰਮ੍ਰਿਤਸਰ ਅਤੇ ਮੁਹਾਲੀ ਦੇ ਹਵਾਈ ਅੱਡਿਆਂ ਵਿਖੇ 22,236 ਯਾਤਰੀਆਂ ਦੀ ਜਾਂਚ ਕੀਤੀ ਹੈ। ਅਟਾਰੀ-ਵਾਹਗਾ ਬਾਰਡਰ ਵਿਖੇ 16,549 ਯਾਤਰੀ ਅਤੇ ਡੇਰਾ ਬਾਬਾ ਨਾਨਕ ਗੁਰਦਾਸਪੁਰ ਵਿਖੇ 5,687 ਯਾਤਰੀਆਂ ਦੀ ਜਾਂਚ ਕੀਤੀ ਗਈ।