ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ-ਦਿਨ ਤੇਜ਼ੀ ਨਾਲ ਵੱਧ ਰਹੇ ਹਨ, ਜਿਸ ਨਾਲ ਹਾਲਾਤ ਗੰਭੀਰ ਬਣਦੇ ਜਾ ਰਹੇ ਹਨ। ਸੂਬੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 31 ਮਾਰਚ ਤਕ ਲਾਕਡਾਊਨ ਲਗਾਇਆ ਹੋਇਆ ਹੈ। ਇਸ ਤੋਂ ਇਲਾਵਾ ਬੀਤੇ ਦਿਨੀਂ ਪੀਐਮ ਨਰਿੰਦਰ ਮੋਦੀ ਦੀ ਅਪੀਲ 'ਤੇ 'ਜਨਤਾ ਕਰਫ਼ਿਊ' ਨੂੰ ਪੰਜਾਬ ਦੇ ਲੋਕਾਂ ਦਾ ਪੂਰਾ ਸਮਰਥਨ ਮਿਲਿਆ ਸੀ। ਪਰ ਅੱਜ ਸੋਮਵਾਰ ਜਿਵੇਂ ਹੀ ਸੂਰਜ ਚੜ੍ਹਿਆ, ਵੱਡੀ ਗਿਣਤੀ 'ਚ ਲੋਕ ਸੜਕਾਂ 'ਤੇ ਉੱਤਰ ਆਏ।
ਸਰਕਾਰ ਵੱਲੋਂ ਲੋਕਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਅਗਲੇ 10 ਦਿਨ ਘਰਾਂ ਅੰਦਰ ਰਹਿਣ, ਪਰ ਲੋਕ ਸਰਕਾਰ ਦੀ ਅਪੀਲ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਅਤੇ ਸੜਕਾਂ, ਗਲੀਆਂ, ਬਾਜ਼ਾਰਾਂ 'ਚ ਬੇਫਿਕਰ ਘੁੰਮ ਰਹੇ ਹਨ। ਇਸੇ ਨੂੰ ਵੇਖਦਿਆਂ ਅੱਜ ਮੁੱਖ ਮੰਤਰੀ ਨੇ ਸੂਬੇ 'ਚ ਕਰਫ਼ਿਊ ਦਾ ਐਲਾਨ ਕਰ ਦਿੱਤਾ ਹੈ। ਅੱਜ ਦੁਪਹਿਰ 1 ਵਜੇ ਤੋਂ ਬਾਅਦ ਜਿਵੇਂ ਹੀ ਸੂਬੇ 'ਚ ਕਰਫਿਊ ਲਗਾਇਆ ਗਿਆ ਤਾਂ ਪੰਜਾਬ ਪੁਲਿਸ ਵੀ ਐਕਸ਼ਨ 'ਚ ਆ ਗਈ।
ਪੁਲਿਸ ਵੱਲੋਂ ਸਵੇਰ ਤੋਂ ਲੋਕਾਂ ਨੂੰ ਹੱਥ ਜੋੜ ਕੇ ਸਮਝਾਇਆ ਜਾ ਰਿਹਾ ਸੀ ਕਿ ਸੂਬੇ 'ਚ ਲਾਕਡਾਊਨ ਲੱਗਿਆ ਹੋਇਆ ਹੈ ਅਤੇ ਉਹ ਆਪਣੀਆਂ ਗੱਡੀਆਂ, ਮੋਟਰਸਾਈਕਲਾਂ ਆਦਿ ਲੈ ਕੇ ਇੱਧਰ-ਉੱਧਰ ਨਾ ਜਾਣ। ਕਰਫਿਊ ਦੇ ਐਲਾਨ ਤੋਂ ਬਾਅਦ ਪੁਲਿਸ ਨੇ ਸਖਤੀ ਵਿਖਾਉਂਦਿਆਂ ਪੰਜਾਬ ਦੀਆਂ ਸਾਰੇ ਜ਼ਿਲ੍ਹਿਆਂ ਦੀਆਂ ਹੱਦਾਂ ਨੂੰ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ।
ਕਈ ਥਾਵਾਂ 'ਤੇ ਪੁਲਿਸ ਨੇ ਲੋਕਾਂ ਨੂੰ ਜਦੋਂ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਹ ਬਾਹਰ ਨਿੱਕਲ ਦਾ ਕੋਈ ਵਾਜ਼ਿਬ ਕਾਰਨ ਨਾ ਦੱਸ ਸਕੇ। ਅਜਿਹੇ ਲੋਕਾਂ ਦੀ ਪੁਲਿਸ ਨੇ ਡੰਡਾ ਪਰੇਡ ਕਰਦਿਆਂ ਚਲਾਨ ਕੱਟੇ। ਇਸ ਤੋਂ ਇਲਾਵਾ ਕਈ ਥਾਵਾਂ 'ਤੇ ਮੋਟਰਸਾਈਕਲਾਂ 'ਤੇ ਘੁੰਮ ਰਹੇ ਹੁੱਲੜਬਾਜ਼ਾਂ ਨੂੰ ਮੁਰਗੇ ਬਣਾ ਕੇ ਸਜ਼ਾ ਦਿੱਤੀ ਗਈ।
ਦੱਸ ਦੇਈਏ ਕਿ ਕਰਫ਼ਿਊ ਦੌਰਾਨ ਲੋਕਾਂ ਨੂੰ ਘਰ 'ਚੋਂ ਬਾਹਰ ਆਉਣ, ਗਲੀ, ਰੋਡ ਜਾਂ ਕਿਸੇ ਜਨਤਕ ਥਾਵਾਂ ਆਦਿ 'ਤੇ ਆਉਣ ਦੀ ਸਖਤ ਮਨਾਹੀ ਹੈ। ਇਹ ਹੁਕਮ ਵਰਦੀਧਾਰੀ ਪੁਲਿਸ ਮੁਲਾਜ਼ਮਾਂ, ਵਰਦੀਧਾਰੀ ਸੈਨਿਕ ਤੇ ਅਰਧ ਸੈਨਿਕ ਬਲਾਂ, ਹੋਮ ਗਾਰਡ ਜਵਾਨਾਂ, ਮੈਡੀਕਲ ਸਟਾਫ, ਡਿਪਟੀ ਕਮਿਸ਼ਨਰ, ਉਪ ਮੰਡਲ ਮੈਜਿਸਟ੍ਰੇਟ, ਤਹਿਸੀਲ ਦਫ਼ਤਰ ਦੀ ਡਿਊਟੀ 'ਤੇ ਚੱਲ ਰਹੇ ਕਰਮਚਾਰੀਆਂ, ਹਸਪਤਾਲ/ਨਰਸਿੰਗ ਹੋਮ, ਪੈਟਰੋਲ/ਡੀਜ਼ਲ ਪੰਪ, ਡਿਪਟੀ ਕਮਿਸ਼ਨਰ ਦੇ ਹੁਕਮਾਂ ਨਾਲ ਫ਼ੀਲਡ 'ਚ ਕੋਰੋਨਾ ਵਾਇਰਸ ਰੋਕਥਾਮ/ਸਰਵੇਖਣ ਡਿਊਟੀ ਤੇ ਤਾਇਨਾਤ ਸਟਾਫ਼ ਅਤੇ ਜ਼ਿਲ੍ਹਾ ਮੈਜਿਸਟਰੇਟ/ਵਧੀਕ ਜ਼ਿਲ੍ਹਾ ਮੈਜਿਸਟਰੇਟ/ਉਪ ਮੰਡਲ ਮੈਜਿਸਟ੍ਰੇਟ ਵਲੋਂ ਜਾਰੀ ਪਰਮਿਟ ਧਾਰਕਾਂ 'ਤੇ ਲਾਗੂ ਨਹੀਂ ਹੋਣਗੇ।
ਜ਼ਿਕਰਯੋਗ ਹੈ ਕਿ ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 21 ਹੋ ਗਈ ਹੈ। 4 ਜ਼ਿਲ੍ਹਿਆਂ ਦੇ 14 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ। ਨਵਾਂਸ਼ਹਿਰ 'ਚ ਸਭ ਤੋਂ ਜ਼ਿਆਦਾ 14 ਲੋਕ ਪੀੜਤ ਹਨ। ਮੋਹਾਲੀ ਤੋਂ 4 ਮਾਮਲੇ ਸਾਹਮਣੇ ਆਏ। ਅੰਮ੍ਰਿਤਸਰ ਤੋਂ 2 ਤੇ ਹੁਸ਼ਿਆਰਪੁਰ 'ਚ 1 ਪਾਜ਼ੀਟਿਵ ਕੇਸ ਪਾਇਆ ਗਿਆ। ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ 7 ਮਰੀਜ਼ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ਤੋਂ ਇਲਾਵਾ 203 ਲੋਕਾਂ ਤੋਂ ਵੱਧ ਨੂੰ ਆਈਸੋਲੇਟ ਕੀਤਾ ਗਿਆ ਹੈ।