ਪੰਜਾਬ 'ਚ ਲਗਾਤਾਰ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ ਅਤੇ ਹੁਣ ਤੱਕ ਪੰਜਾਬ 'ਚੋਂ ਕੁਲ 45 ਪਾਜੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਕੋਰੋਨਾ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਨੂੰ ਵੇਖਦਿਆਂ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 14 ਅਪ੍ਰੈਲ ਤੱਕ ਪੂਰਾ ਦੇਸ਼ ਲੌਕਡਾਊਨ ਕੀਤਾ ਗਿਆ ਹੈ, ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਕਰਫ਼ਿਊ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਵੱਲੋਂ ਜ਼ਿਲ੍ਹਿਆਂ ਦੇ ਡੀ.ਸੀਜ਼. ਨੂੰ ਸਖ਼ਤ ਹਦਾਇਤਾਂ ਦੇਣ ਦੇ ਨਾਲ-ਨਾਲ ਲੋਕਾਂ ਨੂੰ ਹਰ ਸੰਭਵ ਸਹਾਇਤਾ ਘਰਾਂ 'ਚ ਹੀ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਕੋਰੋਨਾ ਦੇ ਕਹਿਰ ਨੂੰ ਵੇਖਦੇ ਹੋਏ ਚੱਲ ਰਹੇ ਲੌਕਡਾਊਨ ਦੌਰਾਨ ਬਠਿੰਡਾ ਜ਼ਿਲ੍ਹਾ ਪੂਰੀ ਤਰ੍ਹਾਂ ਬੰਦ ਹੈ ਅਤੇ ਲੋਕ ਆਪਣੇ ਘਰਾਂ 'ਚ ਬੈਠੇ ਹਨ। ਦੂਜੇ ਪਾਸੇ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਲਗਾਤਾਰ ਯਤਨਸ਼ੀਲ ਹੈ। ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਸ਼ਹਿਰ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਖਾਣ-ਪੀਣ ਦਾ ਸਮਾਨ ਵੀ ਵੰਡਿਆ ਜਾ ਰਿਹਾ ਹੈ। ਇਸੇ ਤਹਿਤ ਬਠਿੰਡਾ 'ਚ ਸਵੀਗੀ ਵੱਲੋਂ ਵੀ ਹੋਮ ਡਿਲਿਵਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲੋਕ ਸਵੀਗੀ ਦੇ ਜ਼ਰੀਏ ਜ਼ਰੂਰੀ ਵਸਤਾਂ ਦੀ ਹੋਮ ਡਿਲਿਵਰੀ ਕਰਵਾ ਸਕਦੇ ਹਨ।

ਤਸਵੀਰਾਂ : ਸੰਜੀਵ ਕੁਮਾਰ
ਇਸ ਦੇ ਲਈ 25 ਡਿਲੀਵਰੀ ਬੁਆਏ ਦੀ ਡਿਊਟੀ ਲਗਾਈ ਗਈ ਹੈ। ਇਹ ਵੱਖ-ਵੱਖ ਕਰਿਆਨੇ ਦੀਆਂ ਦੁਕਾਨਾਂ ਤੋਂ ਸਮਾਨ ਲਿਆ ਕੇ ਲੋਕਾਂ ਦੇ ਘਰ ਤਕ ਪਹੁੰਚਾਉਣਗੇ। ਇਸ ਦੇ ਲਈ ਲੋਕਾਂ ਨੂੰ ਸਵੀਗੀ ਮੋਬਾਈਲ ਐਪ 'ਤੇ ਸਮਾਨ ਦਾ ਆਰਡਰ ਦੇਣਾ ਪਵੇਗਾ। ਇਸ ਦੌਰਾਨ ਸ਼ਹਿਰ 'ਚ ਪੁਲਿਸ ਵੱਲੋਂ ਫ਼ਲੈਗ ਮਾਰਚ ਵੀ ਕੱਢਿਆ ਗਿਆ।