ਪੰਜਾਬ ਸਮੇਤ ਪੂਰੇ ਦੇਸ਼ 'ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਪੰਜਾਬ 'ਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਹੁਣ ਤਕ 21 ਹੋ ਚੁੱਕੀ ਹੈ, ਜਿਸ ਦੇ ਮੱਦੇਨਜ਼ਰ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 31 ਮਾਰਚ ਤਕ ਪੰਜਾਬ 'ਚ ਲਾਕਡਾਊਨ ਦਾ ਆਦੇਸ਼ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ 31 ਮਾਰਚ ਤਕ ਲਾਕਡਾਊਨ ਦਾ ਫ਼ੈਸਲਾ ਲਿਆ ਹੈ।
ਅੱਜ ਐਤਵਾਰ ਸਵੇਰੇ ਚੰਡੀਗੜ੍ਹ 'ਚ ਇੱਕ ਨੌਜਵਾਨ ਕੋਰੋਨਾ ਪਾਜੀਟਿਵ ਪਾਇਆ ਗਿਆ ਹੈ। ਇੰਝ ਸਿਟੀ ਬਿਊਟੀਫ਼ੁਲ 'ਚ ਇਸ ਵਾਇਰਸ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵੱਧ ਕੇ 6 ਹੋ ਗਈ ਹੈ। ਪਿਛਲੇ 5 ਦਿਨਾਂ ’ਚ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਉੱਤੇ ਆਧਾਰਤ ਟ੍ਰਾਈਸਿਟੀ 'ਚ ਕੋਰੋਨਾ ਦੀ ਲਾਗ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 11 ਹੋ ਗਈ ਹੈ।
ਇਸ ਲਾਕਡਾਊਨ ਦੌਰਾਨ ਸਿਰਫ਼ ਫਲ ਤੇ ਸਬਜ਼ੀਆਂ, ਪੀਣ ਵਾਲੇ ਪਾਣੀ ਦੀ ਸਪਲਾਈ, ਪੈਟਰੋਲ, ਡੀਜ਼ਲ, ਸੀ.ਐਨ.ਜੀ. ਪੰਪ, ਡੇਅਰੀ ਯੂਨਿਟਸ, ਐਲ.ਪੀ.ਜੀ. ਦੀ ਸਪਲਾਈ (ਘਰੇਲੂ ਤੇ ਵਪਾਰਕ), ਦਵਾਈਆਂ, ਹੋਰ ਫ਼ਾਰਮਾਸਿਊਟਕਲਜ਼, ਕੈਮਿਸਟਾਂ ਦੀਆਂ ਦੁਕਾਨਾਂ, ਸਿਹਤ ਸੇਵਾਵਾਂ, ਬੈਂਕ ਤੇ ਏ.ਟੀ.ਐਮ. ਆਦਿ ਖੁੱਲ੍ਹੇ ਰਹਿਣਗੇ।
ਚੰਡੀਗੜ੍ਹ 'ਚ 31 ਮਾਰਚ ਤਕ ਦਫ਼ਤਰ, ਸਕੂਲ, ਕਾਲਜ, ਫੈਕਟਰੀਆਂ ਅਤੇ ਹੋਰ ਵਪਾਰਕ ਅਦਾਰੇ ਬੰਦ ਰਹਿਣਗੇ।