ਸਿਖਲਾਈ ਲੈਣ ਤੋਂ ਬਾਅਦ ਕਰਜ਼ਾ ਕੇਸ ਤੇ 33 ਫ਼ੀਸਦੀ ਸਬਸਿਡੀ ਦੀ ਸੁਵਿਧਾ
ਪੰਜਾਬ ਸਰਕਾਰ ਵੱਲੋ ਸੂਬੇ ਵਿੱਚ ਖੇਤੀ ਵਿਭਿੰਨਤਾ ਲਿਆਉਣ ਅਤੇ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਖੇਤੀਬਾੜੀ ਦੇ ਨਾਲ ਹੋਰ ਸਹਾਇਕ ਧੰਦਿਆਂ ਵੱਲ ਆਕਰਸ਼ਿਤ ਕਰਨ ਅਤੇ ਸਵੈ ਰੁਜ਼ਗਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸਕੀਮ ਫ਼ਾਰ ਪ੍ਰੋਮੋਸਨ ਆਫ਼ ਡੇਅਰੀ ਫਾਰਮਿੰਗ ਐਜ ਲਿਵਲੀਹੁਡ ਫਾਰ ਐਸ.ਸੀ. ਬੈਨੀਫਿਸਰੀਜ ਨੂੰ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਰਵੈਰ ਸਿੰਘ ਬਰਾੜ, ਡਿਪਟੀ ਡਾਇਰੈਕਟਰ ਡੇਅਰੀ, ਫ਼ਾਜ਼ਿਲਕਾ ਨੇ ਦੱਸਿਆ ਕਿ ਇਸ ਸਕੀਮ ਅਧੀਨ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਦੋ ਹਫਤੇ ਦੀ ਮੁਫ਼ਤ ਡੇਅਰੀ ਸਿਖਲਾਈ ਵੱਖ-2 ਡੇਅਰੀ ਸਿਖਲਾਈ ਸੈਟਰਾਂ ਤੇ ਕਰਵਾ ਕੇ ਡੇਅਰੀ ਯੂਨਿਟ ਸਥਾਪਤ ਕਰਨ ਦੀ ਯੋਜਨਾ ਹੈ।
ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਅਨੁਸੂਚਿਤ ਜਾਤੀਆਂ ਦੇ ਲਾਭਪਾਰੀਆਂ ਨੂੰ ਮੁਫਤ ਡੇਅਰੀ ਸਿਖਲਾਈ ਦੇਣ ਦੇ ਨਾਲ-ਨਾਲ ਵਜੀਫਾ ਵੀ ਦਿੱਤਾ ਜਾਵੇਗਾ। ਇਸ ਮੌਕੇ ਮਨਪ੍ਰੀਤ ਸਿੰਘ, ਡੇਅਰੀ ਵਿਕਾਸ ਇੰਸਪੈਕਟਰ ਨੇ ਕਿਹਾ ਕਿ ਜ਼ਿਲ੍ਹੇ ਦੇ ਚਾਹਵਾਨ ਡੇਅਰੀ ਫਾਰਮਰ 13 ਜਨਵਰੀ 2020 ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਐਸ.ਐਸ.ਪੀ. ਬਲਾਕ ਵਿਖੇ ਸਥਾਪਤ ਦਫ਼ਤਰ ਡਿਪਟੀ ਡਾਇਰੈਕਟਰ, ਡੇਅਰੀ ਦੇ ਕਮਰਾ ਨੰਬਰ 508 ਤੇ 509 ਵਿਖੇ ਕੌੋਂਸਲਿੰਗ ਲਈ ਹਾਜ਼ਰ ਹੋਣ।
ਉਨ੍ਹਾਂ ਕਿਹਾ ਕਿ ਕੌਂਸਲਿੰਗ ਵਿੱਚ ਚੁਣੇ ਗਏ ਲਾਭਪਾਤਰੀਆਂ ਨੂੰ ਡੇਅਰੀ ਟ੍ਰੇਨਿੰਗ ਸੈਂਟਰ, ਅਬੁੱਲ ਖੁਰਾਣਾ ਵਿਖੇ ਡੇਅਰੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਡੇਅਰੀ ਯੂਨਿਟ ਸਥਾਪਿਤ ਕਰਨ ਉਪਰੰਤ ਲਾਭਪਾਤਰੀ ਨੂੰ 33 ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਿਖਿਆਰਥੀ ਘੱਟੋ -ਘੱਟ 5ਵੀਂ ਪਾਸ ਹੋਵੇ (ਸਬੂਤ ਵਜੋ ਯੋਗਤਾ ਸਰਟੀਫਿਕੇਟ ਤਸਦੀਕ ਸ਼ੁਦਾ ਨਾਲ ਲਗਾਇਆ ਜਾਵੇ)। ਉਨ੍ਹਾਂ ਕਿਹਾ ਕਿ ਸਿਖਿਆਰਥੀ ਪੰਜਾਬ ਦਾ ਰਹਿਣ ਵਾਲਾ ਹੋਵੇ ਅਤੇ ਉਹ ਦਿਹਾਤੀ ਪਿਛੋਕੜ ਦਾ ਹੋਵੇ (ਸਬੂਤ ਵਜੋ ਰਾਸ਼ਨ ਕਾਰਡ, ਵੋਟਰ ਕਾਰਡ ਅਤੇ ਆਧਾਰ ਕਾਰਡ ਦੀ ਫ਼ੋਟੋ ਤਸਦੀਕ ਸ਼ੁਦਾ ਫੋਟੋ ਕਾਪੀ ਵੀ ਲਗਾਈ ਜਾਵੇ)। ਉਨ੍ਹਾਂ ਕਿਹਾ ਕਿ ਸਿਖਿਆਰਥੀ ਦੀ ਉਮਰ 18 ਤੋ 50 ਸਾਲ ਹੋਵੇ। (ਸਬੂਤ ਵਜੋਂ ਉਮਰ ਦਾ ਸਰਟੀਫਿਕੇਟ ਤਸਦੀਕ ਸ਼ੁਦਾ ਨਾਲ ਲਗਾਇਆ ਜਾਵੇ)। ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਸਬੰਧੀ ਸਰਟੀਫਿਕੇਟ ਅਤੇ ਪਾਸਪੋਰਟ ਸਾਇਜ ਫ਼ੋਟੋ ਨਾਲ ਲਿਆਂਦਾ ਜਾਵੇ ।