ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਡਟੇ ਹੋਏ ਸਿਹਤ ਕਾਮਿਆਂ ਦੀ ਹਿਫ਼ਾਜ਼ਤ ਲਈ ਮੋਹਾਲੀ ਬਿਜ਼ਨਸ ਕੌਂਸਲ ਵੀ ਅੱਗੇ ਆਈ ਹੈ। ਲੋਕਾਂ ਦੀ ਸੇਵਾ ਕਰਨ ਲਈ ਦੋਸਤਾਂ-ਮਿੱਤਰਾਂ ਦੁਆਰਾ ਮਿਲ ਕੇ ਬਣਾਈ ਹੋਈ 'ਮੋਹਾਲੀ ਬਿਜ਼ਨਸ ਕੌਂਸਲ' ਐਸੋਸੀਏਸ਼ਨ ਨੇ ਸਿਵਲ ਸਰਜਨ ਦਫ਼ਤਰ ਵਿਖੇ ਪਹੁੰਚ ਕੇ ਜ਼ਿਲ੍ਹਾ ਸਿਹਤ ਵਿਭਾਗ ਨੂੰ ਜ਼ਰੂਰੀ ਸੁਰੱਖਿਆ ਉਪਕਰਨ ਦਾਨ ਵਜੋਂ ਦਿਤੇ।
ਐਸੋਸੀਏਸ਼ਨ ਦੇ ਅਹੁਦੇਦਾਰ ਡਾ. ਜੇ ਪੀ ਸਿੰਘ ਜਿਹੜੇ ਜੇ ਪੀ ਆਈ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਹਨ, ਨੇ ਦਸਿਆ ਕਿ ਉਨ੍ਹਾਂ ਨੇ 9000 ਫ਼ੇਸ ਮਾਸਕ, 120 ਐਨ 95 ਮਾਸਕ ਅਤੇ 25 ਪੀਪੀਈ ਕਿੱਟਾਂ ਦਾਨ ਕੀਤੀਆਂ ਹਨ।
ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਸੰਸਥਾ ਸਮਾਜ ਸੇਵਾ ਦੇ ਕਾਰਜਾਂ ਵਿਚ ਹਮੇਸ਼ਾ ਹੀ ਵੱਧ-ਚੜ ਕੇ ਹਿੱਸਾ ਲੈਂਦੀ ਹੈ ਅਤੇ ਸੰਕਟ ਦੀ ਇਸ ਘੜੀ ਵਿਚ ਮੋਹਰੀ ਰੋਲ ਨਿਭਾ ਰਹੇ ਸਿਹਤ ਕਾਮਿਆਂ ਦੀ ਸੁਰੱਖਿਆ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਡਾ. ਜੇਪੀ ਸਿੰਘ ਨੇ ਕਿਹਾ ਕਿ ਜੇ ਡਾਕਟਰ, ਨਰਸਾਂ, ਪੈਰਾਮੈਡੀਕਲ ਸਟਾਫ਼ ਸੁਰੱਖਿਅਤ ਹੋਣਗੇ ਤਾਂ ਉਹ ਲੋਕਾਂ ਨੂੰ ਵੀ ਸੁਰੱਖਿਅਤ ਰੱਖ ਸਕਣਗੇ। ਇਸ ਲਈ ਉਨ੍ਹਾਂ ਦੁਆਰਾ ਇਸ ਵੇਲੇ ਸੁਰੱਖਿਆ ਉਪਕਰਨ ਵਰਤਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਸੰਸਥਾ ਵਿਚ ਆਪੋ ਅਪਣੇ ਖੇਤਰ ਦੀਆਂ ਨਾਮੀ ਸ਼ਖ਼ਸੀਅਤਾਂ ਸ਼ਾਮਲ ਹਨ ਤੇ ਉਹ ਅਪਣੇ ਤੌਰ 'ਤੇ ਪੈਸੇ ਇਕੱਠੇ ਕਰ ਕੇ ਲੋੜਵੰਦ ਲੋਕਾਂ ਅਤੇ ਸੰਸਥਾਵਾਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਦਿੰਦੇ ਰਹਿੰਦੇ ਹਨ।
ਸਹਾਇਕ ਸਿਵਲ ਸਰਜਨ ਡਾ. ਕੁਲਦੀਪ ਸਿੰਘ ਨੇ ਐਸੋਸੀਏਸ਼ਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਸਪਤਾਲ ਜਿਹੀਆਂ ਸੰਸਥਾਵਾਂ ਲੋਕਾਂ ਦੀਆਂ ਹੀ ਹਨ ਅਤੇ ਲੋਕਾਂ ਦੇ ਸਹਿਯੋਗ ਤੇ ਮਦਦ ਨਾਲ ਇਨ੍ਹਾਂ ਵਿਚ ਹੋਰ ਸੁਧਾਰ ਕੀਤਾ ਜਾ ਸਕਦਾ ਹੈ।
ਇਸ ਮੌਕੇ ਸੰਸਦ ਦੇ ਅਹੁਦੇਦਾਰ ਐਚ.ਪੀ.ਐਸ ਬਿੱਲਾ, ਗੁਰਮੀਤ ਸਿੰਘ ਭਾਟੀਆ, ਪੀ ਐਸ ਸਾਹਨੀ, ਮਨਪ੍ਰੀਤ ਸਿੰਘ, ਗੁਰਜ ਪਾਲ ਮਨੋਚਾ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨਾ ਜਰੇਵਾਲ, ਜ਼ਿਲ੍ਹਾ ਫ਼ਾਰਮੇਸੀ ਅਫ਼ਸਰ ਜਗਦੇਵ ਸਿੰਘ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਵੀ ਮੌਜੂਦ ਸਨ।