ਪੰਜਾਬ ’ਚ ਬੇਮੌਸਮੀ ਵਰਖਾ ਦਾ ਸਿਲਸਿਲਾ ਪਿਛਲੇ 3 ਦਿਨਾਂ ਤੋਂ ਲਗਾਤਾਰ ਜਾਰੀ ਹੈ। ਸੂਬੇ ਦੇ ਬਹੁਤੇ ਹਿੱਸਿਆਂ ’ਚ ਰੁਕ–ਰੁਕ ਕੇ ਲਗਾਤਾਰ ਵਰਖਾ ਹੋ ਰਹੀ ਹੈ। ਅੱਜ ਸਨਿੱਚਰਵਾਰ ਨੂੰ ਸਵੇਰੇ ਵੀ ਦਰਮਿਆਨੀ ਤੋਂ ਭਾਰੀ ਵਰਖਾ ਪਈ। ਸ਼ੁੱਕਰਵਾਰ ਤੇ ਸਨਿੱਚਰਵਾਰ ਦੀ ਰਾਤ ਨੂੰ ਵੀ ਮੀਂਹ ਪੈਂਦਾ ਰਿਹਾ। ਮੀਂਹ ਤੱਕ ਤਾਂ ਠੀਕ ਪਰ ਕੁਝ ਥਾਵਾਂ ’ਤੇ ਗੜੇਮਾਰ ਨੇ ਫ਼ਸਲਾਂ ਬਰਬਾਦ ਕਰ ਕੇ ਰੱਖ ਦਿੱਤੀਆਂ ਹਨ।
ਕਣਕ ਦੀ ਫ਼ਸਲ, ਕਿੰਨੂਆਂ ਦੇ ਫਲ਼ਾਂ ਤੇ ਸਬਜ਼ੀਆਂ ਨੂੰ ਡਾਢਾ ਨੁਕਸਾਨ ਪੁੱਜਾ ਹੈ।
ਗੜੇਮਾਰ ਨਾਲ ਪਹਿਲਾਂ ਅੰਮ੍ਰਿਤਸਰ, ਫ਼ਤਿਹਗੜ੍ਹ ਸਾਹਿਬ, ਫ਼ਾਜ਼ਿਲਕਾ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਰੂਪਨਗਰ, ਸੰਗਰੂਰ, ਮਾਨਸਾ, ਫ਼ਿਰੋਜ਼ਪੁਰ ਜ਼ਿਲ੍ਹਿਆਂ ’ਚ ਫ਼ਸਲਾਂ ਬਰਬਾਦ ਹੋ ਗਈਆਂ ਹਨ। ਫ਼ਾਜ਼ਿਲਕਾ ’ਚ ਕਣਕ ਦੀ ਫ਼ਸਲ ਦੇ ਨਾਲ–ਨਾਲ ਕਿੰਨੂਆਂ ਦੇ ਬਗ਼ੀਚਿਆਂ ਨੂੰ ਵੀ ਡਾਢਾ ਨੁਕਸਾਨ ਪੁੱਜਾ ਹੈ।
ਫ਼ਾਜ਼ਿਲਕਾ ਜ਼ਿਲ੍ਹੇ ਦੀ ਅਬੋਹਰ ਸਬ–ਡਿਵੀਜ਼ਨ ਦੇ ਦਰਜਨਾਂ ਪਿੰਡਾਂ – ਕਲਾਰ ਕੇਹਦਾ, ਉਸਮਾਨ ਕੇਹਦਾ, ਸੈਦਾਵਾਲਾ, ਪੰਜਾਵਾ, ਗੁੰਮਜਾਲ, ਖੂਈਆ ਸਰਵਰ ਤੇ ਗੁਮਜ਼ਾਲ ’ਚ ਫ਼ਸਲਾਂ ਦਾ ਡਾਢਾ ਨੁਕਸਾਨ ਹੋਇਆ ਹੈ।
ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਅਬੋਹਰ ਦੇ ਪਿੰਡਾਂ ’ਚ ਫ਼ਸਲਾਂ ਤਬਾਹ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕੁਝ ਥਾਵਾਂ ’ਤੇ ਸਾਰੀਆਂ ਫ਼ਸਲਾਂ ਬਰਬਾਦ ਹੋ ਗਈਆਂ ਹਨ ਤੇ ਕੁਝ ਥਾਵਾਂ ’ਤੇ 50 ਫ਼ੀ ਸਦੀ ਨੁਕਸਾਨ ਹੋਇਆ ਹੈ।
ਪ੍ਰਭਾਵਿਤ ਕਿਸਾਨਾਂ ਦੇ ਨੁਕਸਾਨਾਂ ਦਾ ਜਾਇਜ਼ਾ ਲੈਣ ਲਈ ਆਮ ਤੌਰ ’ਤੇ ਗਿਰਦਾਵਰੀ ਕੀਤੀ ਜਾਂਦੀ ਹੈ। ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਫ਼ਸਲਾਂ ਦੇ ਨੁਕਸਾਨ ਲਈ ਜਿਹੜਾ ਮੁਆਵਜ਼ਾ ਦਿੱਤਾ ਜਾਂਦਾ ਹੈ, ਉਹ ਬਹੁਤ ਘੱਟ ਹੈ। ਜੇ 100 ਫ਼ੀ ਸਦੀ ਨੁਕਸਾਨ ਹੁੰਦਾ ਹੈ, ਤਾਂ ਸਬੰਧਤ ਕਿਸਾਨ ਨੂੰ ਉਸ ਲਈ 12,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਮਿਲਦਾ ਹੈ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਦੇ ਤਾਜ਼ਾ ਨੁਕਸਾਨ ਦੀ ਤੁਰੰਤ ਗਿਰਦਾਵਰੀ ਕਰਵਾਉਣ ਦੀ ਮੰਗ ਕੀਤੀ ਹੈ।