ਪੰਜਾਬ ’ਚ ਬਹੁਤ ਸਾਰੀਆਂ ਥਾਵਾਂ ’ਤੇ ਬੇਮੌਸਮੀ ਮੀਂਹ, ਹਨੇਰੀ ਤੇ ਗੜੇਮਾਰ ਨੇ ਕਣਕ ਦੀ ਫ਼ਸਲ ਵਿਛਾ ਕੇ ਰੱਖ ਦਿੱਤੀ ਹੈ।
ਏਐੱਨਆਈ ਦੀ ਰਿਪੋਰਟ ਅਨੁਸਾਰ ਲੁਧਿਆਣਾ ਦੇ ਕਿਸਾਨਾਂ ਨੇ ਦੱਸਿਆ ਕਿ ਮੀਂਹ ਤੇ ਹਨੇਰੀ ਨੇ ਉਨ੍ਹਾਂ ਦੀ 20 ਤੋਂ 25 ਫ਼ੀ ਸਦੀ ਫ਼ਸਲ ਬਰਬਾਦ ਕਰ ਦਿੱਤੀ ਹੈ।
ਵਧੇਰੇ ਨੁਕਸਾਨ ਸ੍ਰੀ ਮੁਕਤਸਰ ਸਾਹਿਬ ਤੇ ਉਸ ਦੇ ਲਾਗਲੇ ਇਲਾਕਿਆਂ ’ਚ ਹੋਇਆ ਹੈ।
ਅੰਮ੍ਰਿਤਸਰ ਤੋਂ ਸੁਰਜੀਤ ਸਿੰਘ ਦੀ ਰਿਪੋਰਟ ਮੁਤਾਬਕ ਮਾਝਾ ਇਲਾਕੇ ’ਚ ਸ਼ੁੱਕਰਵਾਰ ਨੂੰ ਬੂੰਦਾ–ਬਾਂਦੀ ਨੇ ਵੀ ਫ਼ਸਲ ਦਾ ਡਾਢਾ ਨੁਕਸਾਨ ਕੀਤਾ ਹੈ।
ਪੰਜਾਬ ਦੇ ਕੁਝ ਇਲਾਕਿਆਂ ’ਚ ਅੱਜ ਸਨਿੱਚਰਵਾਰ ਸਵੇਰੇ ਵੀ ਮੀਂਹ ਪਿਆ, ਜਿਸ ਨੇ ਕਿਸਾਨਾਂ ਨੂੰ ਨਿਰਾਸ਼ ਕਰ ਦਿੱਤਾ ਹੈ। ਉਂਝ ਵੀ ਐਤਕੀਂ ਫ਼ਸਲਾਂ ’ਚ ਨਮੀ ਕਾਰਨ ਐਤਕੀਂ ਵਾਢੀ ਕੁਝ ਦੇਰੀ ਨਾਲ ਸ਼ੁਰੂ ਹੋਈ ਹੈ।
ਬੀਤੀ 15 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਵੀ ਸ਼ੁਰੂ ਹੋ ਚੁੱਕੀ ਹੈ।
ਪਟਿਆਲਾ ਤੋਂ ‘ਹਿੰਦੁਸਤਾਨ ਟਾਈਮਜ਼’ ਦੇ ਸਟਾਫ਼ ਫ਼ੋਟੋਗ੍ਰਾਫ਼ਰ ਭਾਰਤ ਭੂਸ਼ਨ ਨੇ ਆਪਣੇ ਸਰੋਤਾਂ ਰਾਹੀਂ ਸ੍ਰੀ ਮੁਕਤਸਰ ਸਾਹਿਬ ਇਲਾਕੇ ਦੀਆਂ ਤਸਵੀਰਾਂ ਭੇਜੀਆਂ ਹਨ; ਜਿਨ੍ਹਾਂ ਵਿੱਚ ਉੱਥੇ ਹੋਈ ਤਬਾਹੀ ਸਪੱਸ਼ਟ ਵੇਖੀ ਜਾ ਸਕਦੀ ਹੈ।
ਇਹ ਤਸਵੀਰਾਂ ਮੂੰਹੋਂ ਬੋਲਦੀਆਂ ਵਿਖਾਈ ਦਿੰਦੀਆਂ ਹਨ।
ਬਠਿੰਡਾ ਇਲਾਕੇ ’ਚ ਵੀ ਤੇਜ਼ ਝੱਖੜ ਨੇ ਕਣਕ ਦੀ ਫ਼ਸਲ ਦਾ ਨੁਕਸਾਨ ਕੀਤਾ ਹੈ।