ਕੋਰੋਨਾ–ਵਾਇਰਸ ਪੂਰੇ ਦੇਸ਼ ’ਚ ਚੱਲ ਰਹੇ ਲੌਕਡਾਊਨ ਨੇ ਪੰਜਾਬ ਦੀ ਅਰਥ–ਵਿਵਸਥਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਸ ਮੌਕੇ ‘ਹਿੰਦੁਸਤਾਨ ਟਾਈਮਜ਼’ ਦੇ ਐਸੋਸੀਏਟ ਐਡੀਟਰ ਨਵਨੀਤ ਸ਼ਰਮਾ ਨੇ ਸੂਬੇ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨਾਲ ਖਾਸ ਗੱਲਬਾਤ ਕੀਤੀ।
‘ਹਿੰਦੁਸਤਾਨ ਟਾਈਮਜ਼’ ਵੱਲੋਂ ਪੁੱਛੇ ਸੁਆਲਾਂ ਦੇ ਜੁਆਬ ਦਿੰਦਿਆਂ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ ਤਿੰਨ ਹਫ਼ਤਿਆਂ ਤੋਂ ਕੋਰੋਨਾ–ਲੌਕਡਾਊਨ ਤੇ ਕਰਫ਼ਿਊ ਕਾਰਨ ਕੋਈ ਆਰਥਿਕ ਗਤੀਵਿਧੀ ਤਾਂ ਹੋ ਨਹੀਂ ਰਹੀ। ਉਨ੍ਹਾਂ ਦੱਸਿਆ ਕਿ ਇਸ ਨਾਲ ਸੂਬੇ ਦਾ ਰੋਜ਼ਾਨਾ 1,000 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।
ਸ੍ਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਟੈਕਸ ਆਮਦਨ ਖ਼ਤਮ ਹੋ ਗਈ ਹੈ। ਰੋਜ਼ਾਨਾ ਮਾਲ ਤੇ ਸੇਵਾਵਾਂ ਦੇ ਟੈਕਸ, ਵੈਟ, ਰਾਜ ਆਬਕਾਰੀ ਆਦਿ ਨਾ ਲੱਗਣ ਕਾਰਨ ਹੀ 150 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਪੰਜਾਬ ਰਾਜ ਬਿਜਲੀ ਨਿਗਮ ਲਿਮਿਟੇਡ (PSPCL) ਦਾ ਰੋਜ਼ਾਨਾ 30 ਕਰੋੜ ਰੁਪਏ ਦਾ ਨੁਕਸਾਨ ਵੱਖਰਾ ਹੋ ਰਿਹਾ ਹੈ। ਹਾਲੇ ਅਜਿਹੇ ਬਜਟ ਦੀਆਂ ਸਾਰੀਆਂ ਗਿਣਤੀਆਂ–ਮਿਣਤੀਆਂ ਕਰਨ ਵਾਲੀਆਂ ਪਈਆਂ ਹਨ।
ਸ੍ਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਸ ਕੁਦਰਤੀ ਕਰੋਪੀ ਦੀ ਕਿਸੇ ਨੂੰ ਵੀ ਆਸ ਨਹੀਂ ਸੀ ਕਿ ਅਚਾਨਕ ਪੂਰੀ ਦੁਨੀਆ ਉੱਤੇ ਇੰਝ ਬਿਪਤਾ ਆਣ ਪਵੇਗੀ। ਹਾਲੇ ਅਜਿਹੇ ਹਾਲਾਤ ਕਦੋਂ ਤੱਕ ਚੱਲਣੇ ਹਨ, ਇਹ ਵੀ ਕਿਸੇ ਨੂੰ ਪਤਾ ਨਹੀਂ ਹੈ। ਟੈਕਸਾਂ ਤੋਂ ਕੋਈ ਆਮਦਨ ਹੈ ਨਹੀਂ, ਇਸੇ ਲਈ ਹੁਣ ਖ਼ਰਚੇ ਘਟਾਏ ਜਾ ਰਹੇ ਹਨ।
ਤਦ ਸ੍ਰੀ ਮਨਪ੍ਰੀਤ ਬਾਦਲ ਤੋਂ ਪੁੱਛਿਆ ਗਿਆ ਕਿ ਉਹ ਕਿਹੋ ਜਿਹੇ ਖ਼ਰਚਿਆਂ ਵਿੱਚ ਕਟੌਤੀਆਂ ਕਰ ਰਹੇ ਹਨ, ਤਾਂ ਉਨ੍ਹਾਂ ਜਵਾਬ ਦਿੱਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਾਰੇ ਮਾਮਲੇ ’ਤੇ ਨਜ਼ਰ ਰੱਖਣ ਲਈ ਕੈਬਿਨੇਟ ਦੀ ਇੱਕ ਸਬ–ਕਮੇਟੀ ਕਾਇਮ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਕੁੱਲ 42 ਵਿਭਾਗ ਹਨ, ਜਿਨ੍ਹਾਂ ਵਿੱਚੋਂ 16 ਦੇ ਖ਼ਰਚਿਆਂ ਵਿੱਚ ਕਟੌਤੀ ਕੀਤੀ ਗਈ ਹੈ।
ਹਾਲੇ 1,600 ਕਰੋੜ ਰੁਪਏ ਤੋਂ ਵੱਧ ਦੇ ਖ਼ਰਚਿਆਂ ਦੀ ਕਟੌਤੀ ਕਰਨ ਦਾ ਪ੍ਰਸਤਾਵ ਹੈ। ਇਸ ਸਬ–ਕਮੇਟੀ ਦੀ ਮੀਟਿੰਗ ਭਲਕੇ ਬੁੱਧਵਾਰ ਨੂੰ ਹੋਣੀ ਤੈਅ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ, ਪੈਨਸ਼ਨਾਂ, ਕਰਜ਼ਿਆਂ ਦੀ ਸਰਵਿਸ ਦੇ ਖ਼ਰਚੇ, ਬੁਢਾਪਾ ਪੈਨਸ਼ਨਾਂ, ਬਿਜਲੀ ਸਬਸਿਡੀ ਦੇ ਖ਼ਰਚੇ ਅਤੇ ਕੋਰੋਨਾ–ਵਾਇਰਸ ਕਾਰਨ ਹੋਣ ਵਾਲੇ ਵਾਧੂ ਖ਼ਰਚਿਆਂ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾ ਸਕਦੀ।
ਸ੍ਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਸ ਵਾਰ ਦੇ ਬਜਟ ਵਿੱਚ 10,000 ਕਰੋੜ ਰੁਪਏ ਦੇ ਪੂੰਜੀ–ਖ਼ਰਚੇ ਦਾ ਪ੍ਰਸਤਾਵ ਰੱਖਿਆ ਗਿਆ ਸੀ। ਹਾਲੇ ਆਪਾਂ ਸਾਰੇ ਪਹਿਲੀ ਤਿਮਾਹੀ ’ਚੋਂ ਹੀ ਲੰਘ ਰਹੇ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਭ ਕੁਝ ਠੀਕ–ਠਾਕ ਕਰ ਲੈਣ ਦੀ ਆਸ ਹੈ।
ਸ੍ਰੀ ਮਨਪ੍ਰੀਤ ਬਾਦਲ ਨੇ ਸੁਆਲਾਂ ਦੇ ਜੁਆਬ ਦਿੰਦਿਆਂ ਕਿਹਾ ਕਿ ਇਸ ਵਾਰ ਕਣਕ ਦੀ ਬੰਪਰ ਫ਼ਸਲ ਹੋਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਖ਼ਰੀਦ ਲਈ 24,000 ਕਰੋੜ ਰੁਪਏ ਖ਼ਰਚ ਕੀਤੇ ਜਾਣੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਕੋਲ ਧਨ ਆਵੇਗਾ, ਤਾਂ ਯਕੀਨੀ ਤੌਰ ’ਤੇ ਪੰਜਾਬ ਵਿੱਚ ਆਰਥਿਕ ਗਤੀਵਿਧੀਆਂ ਸ਼ੁਰੂ ਹੋ ਜਾਣਗੀਆਂ।
ਸ੍ਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਹਾਲੇ ਕੇਂਦਰ ਸਰਕਾਰ ਤੋਂ ਜੀਐੱਸਟੀ ਮੁਆਵਜ਼ੇ ਦੇ ਬਕਾਏ ਆਉਣੇ ਰਹਿੰਦੇ ਹਨ। ਪਰ ਕੇਂਦਰ ਸਰਕਾਰ ਨੂੰ ਵੀ ਹੁਣ ਟੈਕਸਾਂ ਤੋਂ ਕੋਈ ਆਮਦਨ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਅਜਿਹਾ ਵੇਲਾ ਆਉਣ ਵਾਲਾ ਹੈ, ਜਦੋਂ ਸਾਰੇ ਰਾਜਾਂ ਦੇ ਵਿੱਤ ਮੰਤਰੀ ਜ਼ਰੂਰ ਹੀ ਕੇਂਦਰ ਕੋਲ ਜਾਣਗੇ। ਹੁਣ ਤਾਂ ਰਾਜਾਂ ਨੂੰ ਹੀ ਮਦਦ ਲਈ ਨਿੱਤਰਨਾ ਪੈਣਾ ਹੈ।
ਸ੍ਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਹਾਲੇ ਤਾਂ ਕੇਂਦਰ ਸਰਕਾਰ ਸਿਰਫ਼ ਰਾਜਾਂ ਦੀਆਂ ਉਧਾਰੀ ਦੀਆਂ ਸੀਮਾਵਾਂ ਵਧਾਉਣ ਦੀ ਗੱਲ ਕਰ ਰਹੀ ਹੈ, ਜਿਸ ਨਾਲ ਸਿਰਫ਼ ਪੰਜਾਬ ਸਿਰ ਹੋਰ ਕਰਜ਼ਾ ਚੜ੍ਹੇਗਾ।
ਸ੍ਰੀ ਬਾਦਲ ਨੇ ਕਿਹਾ ਕਿ ਇਸ ਮਾਮਲੇ ’ਚ ਕੇਂਦਰ ਸਰਕਾਰ ਨੂੰ ਕੋਈ ਬਿਹਤਰ ਯੋਜਨਾ ਉਲੀਕਣੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਵੇਲੇ ਭਾਰਤ ਦੇ ਕਰਜ਼ੇ ਦੀ ਇੱਕ ਨਵੀਂ ਕੁੜਿੱਕੀ ’ਚ ਫਸਣ ਦਾ ਖ਼ਤਰਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਜਾਣ ਤੋਂ ਬਾਅਦ ਅਸਲ ਸਮੱਸਿਆਵਾਂ ਸ਼ੁਰੂ ਹੋਣਗੀਆਂ, ਜੋ ਸਿਰਫ਼ ਆਰਥਿਕ ਹੋਣਗੀਆਂ।