ਇੱਕ ਦਲਿਤ ਜੱਥੇਬੰਦੀ ‘ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ’ ਨੇ ਅੱਜ ਪਿੰਡ ਬਾਲਦ ਕਲਾਂ ਵਿਖੇ ਬਠਿੰਡਾ–ਚੰਡੀਗੜ੍ਹ ਰਾਸ਼ਟਰੀ ਰਾਜ–ਮਾਰਗ ਉੱਤੇ ਆਵਾਜਾਈ ਜਾਮ ਕੀਤੀ। ਇਸ ਕਮੇਟੀ ਨਾਲ ਜੁੜੇ ਸਮੂਹ ਦਲਿਤ ਆਪਣੇ ਲਈ ਰਿਹਾਇਸ਼ੀ ਪਲਾਟ ਅਲਾਟ ਕੀਤੇ ਜਾਣ ਅਤੇ ਪਿੰਡਾਂ ਦੀਆਂ ਸ਼ਾਮਲਾਟਾਂ ਵਿੱਚੋਂ 99 ਸਾਲਾਂ ਲਈ 33 ਫ਼ੀ ਸਦੀ ਹਿੱਸਾ ਦਿੱਤੇ ਜਾਣ ਦੀ ਮੰਗ ਕਰ ਰਹੇ ਹਨ।
ਸੰਗਰੂਰ, ਮਾਲੇਰਕੋਟਲਾ ਤੇ ਪਟਿਆਲਾ ਤੋਂ ਆਏ ਦਲਿਤ ਮਰਦਾਂ, ਔਰਤਾਂ ਤੇ ਨੌਜਵਾਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਨੇ ਦਲਿਤਾਂ ਨਾਲ ਵਿਸ਼ਵਾਸਘਾਤ ਕੀਤਾ ਹੈ ਤੇ ਪਿਛਲੀ ਸ਼੍ਰੋਮਣੀ ਅਕਾਲੀ ਦਲ–ਭਾਜਪਾ ਸਰਕਾਰ ਦੀਆਂ ਹੀ ‘ਦਲਿਤ–ਵਿਰੋਧੀ’ ਨੀਤੀਆਂ ਜਾਰੀ ਰੱਖੀਆਂ ਜਾ ਰਹੀਆਂ ਹਨ।
ਭਵਾਨੀਗੜ੍ਹ ਦੇ ਡੀਐੱਸਪੀ ਵਰਿੰਦਰਜੀਤ ਸਿੰਘ ਤੇ ਐੱਸਐੱਚਓ ਪ੍ਰਿਤਪਾਲ ਸਿੰਘ ਰੋਸ–ਮੁਜ਼ਾਹਰੇ ਵਾਲੀ ਥਾਂ ’ਤੇ ਪੁੱਜੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਸਮਝਾ ਕੇ ਸ਼ਾਂਤ ਕਰਨ ਦਾ ਜਤਨ ਕੀਤਾ।
‘ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ’ ਦੇ ਪ੍ਰਧਾਨ ਮੁਕੇਸ਼ ਮੁਲੌਦ ਨੇ ਕਿਹਾ,‘ਸਰਕਾਰ ਦਲਿਤਾਂ ਨੂੰ ਮੁਫ਼ਤ ਰਿਹਾਇਸ਼ੀ ਮੁਹੱਈਆ ਕਰਵਾਉਣ ਤੇ 99 ਸਾਲਾਂ ਲਈ ਸ਼ਾਮਲਾਟਾਂ ਵਿੱਚੋਂ 33 ਫ਼ੀ ਸਦੀ ਹਿੱਸਾ ਦਿਵਾਉਣ ਤੋਂ ਨਾਕਾਮ ਰਹੀ ਹੈ। ਇਸ ਦੇ ਨਾਲ ਹੀ ਕਾਂਗਰਸ ਸਰਕਾਰ ਭਲਾਈ ਯੋਜਨਾਵਾਂ ਵੀ ਖ਼ਤਮ ਕਰਨ ਦਾ ਜਤਨ ਕਰ ਰਹੀ ਹੈ।’
ਸ੍ਰੀ ਮੁਕੇਸ਼ ਮਲੌਦ ਨੇ ਦੱਸਿਆ ਕਿ ਪੰਜ ਕੁ ਮਹੀਨੇ ਪਹਿਲਾਂ ਜਦੋਂ ਉਨ੍ਹਾਂ ਦੀ ਜੱਥੇਬੰਦੀ ਪਟਿਆਲਾ ਵਿੱਚ ਇੱਕ ਰੋਸ ਮੁਜ਼ਾਹਰਾ ਕਰ ਰਹੀ ਸੀ, ਤਦ ਕੈਪਟਨ ਸਰਕਾਰ ਨੇ ਇਹ ਸਾਰੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ ਪਰ ਹਾਲੇ ਤੱਕ ਉਨ੍ਹਾਂ ਮੰਗਾਂ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਗਿਆ।