ਅਗਲੀ ਕਹਾਣੀ

ਮ੍ਰਿਤਕ ਦਲਿਤ ਨੌਜਵਾਨ ਦੇ ਪੀੜਤ ਪਰਿਵਾਰ ਲਈ ਪੰਜਾਬ ਸਰਕਾਰ ਨੇ ਐਲਾਨਿਆ ਮੁਆਵਜ਼ਾ

ਪੰਜਾਬ ਦੇ ਸੰਗਰੂਰ ਲਾਗਲੇ ਪਿੰਡ ਚੰਗਾਲੀਵਾਲਾ ਦੇ ਦਲਿਤ ਨੌਜਵਾਨ ਜਗਮੇਲ ਸਿੰਘ (37) ਦੀ ਮੌਤ ਤੋਂ ਬਾਅਦ ਆਮ ਸਥਾਨਕ ਨਿਵਾਸੀਆਂ ’ਚ ਡਾਢਾ ਰੋਹ ਤੇ ਰੋਸ ਪਾਇਆ ਜਾ ਰਿਹਾ ਹੈ। ਪਿੰਡ ਚੰਗਾਲੀਵਾਲ ਵਿਖੇ ਕੁਝ ਵਿਅਕਤੀਆਂ ਵਲੋਂ ਦਲਿਤ ਨੌਜਵਾਨ ਦੀ ਕੁੱਟ-ਮਾਰ ਮਗਰੋਂ ਹੋਈ ਮੌਤ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਸ਼ਾਮ ਪੀ ਜੀ ਆਈ ਚੰਡੀਗੜ੍ਹ ਵਿਖੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਸਰਕਾਰ ਦੀ ਤਰਫੋਂ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ।

 

 

ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਘਟਨਾ ਤੇ ਡੂੰਘਾ ਦੁੱਖ ਜਾਹਰ ਕਰਦਿਆਂ ਉਚ ਅਧਿਕਾਰੀਆਂ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।

 

ਧਰਮਸੋਤ ਨੇ ਪੀੜਤ ਪਰਿਵਾਰ ਨੂੰ ਪੰਜਾਬ ਸਰਕਾਰ ਦੀ ਤਰਫੋਂ ਹਰ ਸੰਭਵ ਮਦਦ ਦੇਣ ਦਾ ਵਿਸਵਾਸ ਦਿਵਾਉਂਦਿਆਂ ਕਿਹਾ ਕਿ ਸਰਕਾਰ ਵੱਲੋਂ ਐਸ.ਸੀ/ਐਸ.ਟੀ ਐਕਟ ਤਹਿਤ ਪੀੜਤ ਪਰਿਵਾਰ ਨੂੰ 8.15 ਲੱਖ ਰੁਪਏ ਦੀ ਰਾਸ਼ੀ ਮੁਆਵਜੇ ਵਜੋਂ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਸਰਕਾਰ ਵੱਲੋਂ ਇੱਕ ਪਰਿਵਾਰਕ ਮੈਂਬਰ ਨੂੰ 5 ਹਜਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਪ੍ਰਦਾਨ ਕੀਤੀ ਜਾਵੇਗੀ।

 

 

ਧਰਮਸੋਤ ਨੇ ਆਖਿਆ ਕਿ ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਲਈ ਜਲਦੀ ਹੀ ਢੁਕਵੇਂ ਕਦਮ ਚੁੱਕੇ ਜਾਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਬੇਹੱਦ ਘਿਨੌਣੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਲਹਿਰਾਗਾਗਾ, ਜਿਲਾ ਸੰਗਰੂਰ ਦੇ ਐਸ.ਡੀ.ਐਮ. ਤੋਂ ਇਲਾਵਾ ਹੋਰ ਉੱਚ ਅਧਿਕਾਰੀ ਹਾਜਰ ਸਨ।

 

ਇਸ ਤੋਂ ਪਹਿਲਾਂ, ਜਗਮੇਲ ਸਿੰਘ ਉੱਤੇ ਢਾਹੇ ਗਏ ਅਥਾਹ ਤਸ਼ੱਦਦ ਵਿਰੁੱਧ ਅੱਜ ਦਲਿਤਾਂ ਨੇ ਲਹਿਰਾ ਵਿਖੇ ਸੁਨਾਮ ਨੂੰ ਜਾਂਦੀ ਸੜਕ ਜਾਮ ਕਰ ਦਿੱਤੀ। ਇਹ ਰੋਸ ਮੁਜ਼ਾਹਰਾਕਾਰੀ ਪੀੜਤ ਦਲਿਤ ਪਰਿਵਾਰ ਨੁੰ 25 ਲੱਖ ਰੁਪਏ ਮੁਆਵਜ਼ਾ ਦੇਣ ਅਤੇ ਜਗਮੇਲ ਸਿੰਘ ਦੀ ਵਿਧਵਾ ਨੂੰ ਪੈਨਸ਼ਨ ਲਾਉਣ ਦੀ ਮੰਗ ਕਰ ਰਹੇ ਸਨ।

 

 

ਚੇਤੇ ਰਹੇ ਕਿ ਜਗਮੇਲ ਸਿੰਘ ਦੀ ਕੱਲ੍ਹ ਸਨਿੱਚਰਵਾਰ ਨੂੰ ਤੜਕੇ ਚਾਰ ਵਜੇ ਪੀਜੀਆਈ ਚੰਡੀਗੜ੍ਹ ਚ ਮੌਤ ਹੋ ਗਈ ਸੀ। ਉਸ ਨੂੰ ਬੀਤੀ 7 ਨਵੰਬਰ ਨੂੰ ਚਾਰ ਜਣਿਆਂ ਹੱਥੋਂ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ ਸੀ।

 

ਹਾਲੇ ਪਰਸੋਂ ਹੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਐਸ.ਐਸ.ਪੀ. ਸੰਗਰੂਰ ਤੋਂ ਪਿੰਡ ਚੰਗਾਲੀਵਾਲਾ ਵਿਖੇ ਕੁਝ ਵਿਅਕਤੀਆਂ ਵਲੋਂ ਇਸ ਦਲਿਤ ਨੌਜਵਾਨ ਦੀ ਕੁੱਟਮਾਰ ਅਤੇ ਪਿਸ਼ਾਬ ਪਿਆਉਣ ਦਾ ਇੱਕ ਮਾਮਲੇ ਵਿੱਚ ਆਉਂਦੀ 28 ਨਵੰਬਰ ਤੱਕ ਰਿਪੋਰਟ ਤਲਬ ਕੀਤੀ ਸੀ।

 

ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਸੀ ਕਿ ਇਹ ਮਾਮਲਾ ਅਖ਼ਬਾਰ ਵਿੱਚ ਪ੍ਰਕਾਸ਼ਤ ਖ਼ਬਰ ਰਾਹੀਂ ਕਮਿਸ਼ਨ ਦੇ ਧਿਆਨ ਵਿੱਚ ਆਇਆ ਸੀ ਤੇ ਕਮਿਸ਼ਨ ਨੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ।

 

ਦੱਸਣਯੋਗ ਹੈ ਕਿ ਪਿੰਡ ਚੰਗਾਲੀਵਾਲਾ ਵਿੱਚ ਇੱਕ ਦਲਿਤ ਨੌਜਵਾਨ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਅਤੇ ਪਿਸ਼ਾਬ ਪਿਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ।

 

ਦਿਮਾਗ਼ੀ ਤੌਰ ਉੱਤੇ ਪਰੇਸ਼ਾਨ ਵਿਅਕਤੀ ਜਗਮੇਲ ਸਿੰਘ ਨੂੰ ਚਾਰ ਨੌਜਵਾਨਾਂ ਨੇ ਤਿੰਨ ਘੰਟੇ ਤੱਕ ਬੰਨ੍ਹ ਕੇ ਲੋਹੇ ਦੀ ਰਾਡ ਅਤੇ ਡੰਡਿਆਂ ਨਾਲ ਕੁੱਟਿਆ ਸੀ। ਇੰਨ੍ਹਾ ਹੀ ਨਹੀਂ ਬਲਕਿ ਕਥਿਤ ਦੋਸ਼ੀਆਂ ਨੇ ਪੀੜਤ ਦੀਆਂ ਲੱਤਾਂ ਦਾ ਮਾਸ ਪਲਾਸ ਨਾਲ ਵੀ ਨੋਚਿਆ ਅਤੇ ਪਾਣੀ ਮੰਗਣ ਤੇ ਉਸ ਨੂੰ ਬਾਥਰੂਮ ਵਿੱਚੋਂ ਲਿਆ ਕੇ ਪਿਸ਼ਾਬ ਪਿਲਾਇਆ ਸੀ।

 

 

 

 

ਚਾਰ ਕਥਿਤ ਮੁਲਜ਼ਮਾਂ ਰਿੰਕੂ, ਅਮਰਜੀਤ ਸਿੰਘ, ਲੱਕੀ ਉਰਫ਼ ਗੋਲੀ ਤੇ ਬੀਟਾ ਉਰਫ਼ ਬਿੰਦਰ ਵਿਰੁੱਧ ਸੰਵਿਧਾਨ ਦੀ ਧਾਰਾ 302 ਅਧੀਨ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਹ ਸਾਰੇ ‘ਉੱਚ ਜਾਤੀਨਾਲ ਸਬੰਧਤ ਦੱਸੇ ਜਾਂਦੇ ਹਨ ਤੇ ਇਨ੍ਹਾਂ ਉੱਤੇ ਹੁਣ ਇੱਕ ਦਲਿਤ ਨੂੰ ਕੁੱਟਕੁੱਟ ਕੇ ਕਤਲ ਕਰ ਦੇਣ ਦੇ ਦੋਸ਼ ਹਨ। ਇਹ ਸਾਰੇ ਪਿੰਡ ਚੰਗਾਲੀਵਾਲਾ ਦੇ ਹੀ ਨਿਵਾਸੀ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dalit youth s death case: Cabinet minister dharamsot meets with victim s family: