ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਵਿੱਚ ਲੱਗੀ ਪ੍ਰਾਈਵੇਟ ਕੰਪਨੀ ਨੇ ਡੇਰਾ ਬਾਬਾ ਨਾਨਕ ਵਿਖੇ ਉਹ ਦਰਸ਼ਨੀ ਅਸਥਾਨ ਢਾਹ ਦਿੱਤਾ ਹੈ, ਜਿਸ ਦੀ ਵਰਤੋਂ ਕਰ ਕੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੁਣ ਤੱਕ ਲੱਖਾਂ ਸਿੱਖ ਸ਼ਰਧਾਲੂ ਕਰ ਚੁੱਕੇ ਹਨ।
ਦਰਸ਼ਨੀ ਅਸਥਾਨ ਦਾ ਪਲੇਟਫ਼ਾਰਮ ਢਾਹੁਣ ਦਾ ਕੰਮ ਅੱਜ ਸਵੇਰੇ 11:00 ਵਜੇ ਵਜੇ ਸ਼ੁਰੂ ਹੋਇਆ, ਜੋ ਲਗਭਗ 1:00 ਵਜੇ ਤੱਕ ਚੱਲਦਾ ਰਿਹਾ। ਇਸ ਅਸਥਾਨ ਉੱਤੇ ਹਾਲੇ ਵੀ ਰੋਜ਼ਾਨਾ 5,000 ਸ਼ਰਧਾਲੂ ਆ ਕੇ ਉਸ ਗੁਰੂਘਰ ਦੇ ਦਰਸ਼ਨ ਕਰਦੇ ਰਹੇ ਹਨ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਤਲੇ 16 ਵਰ੍ਹੇ ਬਿਤਾਏ ਸਨ।
ਦਰਸ਼ਨੀ ਅਸਥਾਨ ਢਾਹੁਣ ਲਈ ਜੇਸੀਬੀ ਮਸ਼ੀਨਾਂ ਦੀ ਵਰਤੋਂ ਕੀਤੀ ਗਈ। ਇਸ ਪਲੇਟਫ਼ਾਰਮ ਨੂੰ ਢਾਹਿਆ ਜਾਣਾ ਪਹਿਲਾਂ ਤੋਂ ਹੀ ਤੈਅ ਸੀ ਕਿਉਂਕਿ ਇੱਥੇ 3.5 ਮੀਟਰ ਉੱਚਾ ਧੁੱਸੀ ਬੰਨ੍ਹ ਉਸਾਰਿਆ ਜਾਣਾ ਹੈ।
ਇਸ ਤੋਂ ਇਲਾਵਾ ਨਿਰਮਾਣ ਕੰਪਨੀ ਨੇ ਉਹ ਸਾਰੇ 461 ਰੁੱਖ ਵੀ ਵੱਢ ਦਿੱਤੇ ਹਨ, ਜੋ ਲਾਂਘੇ ਦੇ ਰਾਹ ਵਿੱਚ ਰੁਕਾਵਟ ਬਣਦੇ ਦਿਸ ਰਹੇ ਸਨ।
ਦਰਸ਼ਨੀ ਅਸਥਾਨ ਦਾ ਉਦਘਾਟਨ 6 ਮਈ, 2008 ਨੂੰ ਬੀਐੱਸਐੱਫ਼ ਦੇ ਉਦੋਂ ਦੇ ਇੰਸਪੈਕਟਰ ਜਨਰਲ ਨੇ ਕੀਤਾ ਸੀ। ਇਸ ਚਬੂਤਰੇ ਉੱਤੇ ਦੂਰਬੀਨਾਂ ਲੱਗੀਆਂ ਹੋਈਆਂ ਸਨ, ਜਿਨ੍ਹਾਂ ਦੀ ਮਦਦ ਨਾਲ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਜਾਂਦੇ ਸਨ।