ਬਠਿੰਡਾ ਸਥਿਤ ਸਰਹਿੰਦ ਨਹਿਰ 'ਚ ਅੱਜ ਇੱਕ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਹਰਜੋਤ ਸਿੰਘ (28) ਵਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਿਕ ਹਰਜੋਤ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਸੁਰੱਖਿਆ 'ਚ ਤਾਇਨਾਤ ਸੀ। ਉਸ ਦੀ ਲਾਸ਼ ਬਠਿੰਡਾ ਸਥਿਤ ਸਰਹਿੰਦ ਨਹਿਰ 'ਚ ਮਿਲੀ। ਹਰਜੋਤ ਸਿੰਘ ਪਿੰਡ ਬਾਦਲ ਦਾ ਰਹਿਣ ਵਾਲਾ ਸੀ।
ਦੱਸਿਆ ਜਾ ਰਿਹਾ ਹੈ ਕਿ ਹਰਜੋਤ ਬੁੱਧਵਾਰ ਰਾਤ ਤੋਂ ਹੀ ਲਾਪਤਾ ਸੀ। ਪਰਿਵਾਰ ਨੇ ਪਹਿਲਾਂ ਆਪਣੇ ਵੱਲੋਂ ਉਸ ਦੀ ਖੋਜ ਕੀਤੀ ਪਰ ਜਦੋਂ ਨਾ ਮਿਲਿਆ ਤਾਂ ਉਨ੍ਹਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਰਾਤ ਨੂੰ ਹੀ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਅੱਜ ਤੜਕੇ ਕਿਸੇ ਨੇ ਨਹਿਰ 'ਚ ਲਾਸ਼ ਵੇਖੀ, ਜਿਸ ਮਗਰੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਜਾਂਚ ਪੜਤਾਲ ਮਗਰੋਂ ਪੁਲਿਸ ਨੂੰ ਪਤਾ ਲੱਗਿਆ ਕਿ ਇਹ ਲਾਸ਼ ਹਰਜੋਤ ਸਿੰਘ ਦੀ ਹੈ। ਪੁਲਿਸ ਨੂੰ ਸਰਹਿੰਦ ਨਹਿਰ ਨੇੜੇ ਉਸ ਦੀ ਗੱਡੀ ਵੀ ਮਿਲੀ ਹੈ। ਫਿਲਹਾਲ ਇਹ ਪਤਾ ਨਹੀਂ ਲੱਗਿਆ ਹੈ ਕਿ ਉਸ ਦੀ ਮੌਤ ਖੁਦਕੁਸ਼ੀ ਹੈ ਜਾਂ ਸਾਜਿਸ਼।
ਪਰਕਾਸ਼ ਸਿੰਘ ਬਾਦਲ ਦਾ ਜੱਦੀ ਪਿੰਡ ਵੀ ਬਾਦਲ ਹੈ। ਉਹ ਮ੍ਰਿਤਕ ਦੇ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਇਸੇ ਕਾਰਨ ਉਹ ਬਾਦਲ ਦੀ ਸੁਰੱਖਿਆ 'ਚ ਤਾਇਨਾਤ ਸੀ।