78 ਸਾਲਾਂ ਦੇ ਐਥਲਿਟ ਬਖਸ਼ੀਸ਼ ਸਿੰਘ ਦੀ 1500 ਮੀਟਰ ਦੌੜ ਜਿੱਤਣ ਤੋਂ ਬਾਅਦ ਮੈਦਾਨ ਵਿੱਚ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ।
ਹੁਸ਼ਿਆਰਪੁਰ ਦੇ ਜਲੋਵਾਲ ਦੇ ਰਹਿਣ ਵਾਲੇ ਬਖਸ਼ੀਸ਼ ਸਿੰਘ ਨੇ 1500 ਮੀਟਰ ਵਿੱਚ ਪਹਿਲਾ ਅਤੇ 800 ਮੀਟਰ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ਸੀ। ਪੰਜਾਬ ਮਾਸਟਰ ਐਥਲੈਟਿਕ ਐਸੋਸੀਏਸ਼ਨ ਵੱਲੋਂ ਬੁਜ਼ਰਗਾਂ ਲਈ ਕਰਵਾਈ ਗਈ ਐਥਲੈਟਿਕ ਮੀਟ ਦੌਰਾਨ ਉਨ੍ਹਾਂ ਨੂੰ ਦਿਲ ਦੀ ਦੌਰਾ ਪੈ ਗਿਆ।
ਦੌੜ ਖ਼ਤਮ ਹੋਣ ਤੋਂ ਬਾਅਦ ਉਹ ਬਹੁਤ ਖੁਸ਼ ਸਨ। ਉਨ੍ਹਾਂ ਨੇ ਬਖਸ਼ੀਸ਼ ਸਿੰਘ ਨੂੰ ਵਧਾਈ ਦਿੱਤੀ ਅਤੇ ਰਿਲੇਕਸ ਹੋਣ ਨੂੰ ਕਿਹਾ। ਜਦੋਂ ਉਹ ਰਿਲੇਕਸ ਹੋਣ ਲਈ ਆਪਣੇ ਕੱਪੜੇ ਪਾਉਣ ਲੱਗੇ ਤਾਂ ਉਹ ਕੱਪੜੇ ਵੀ ਨਹੀਂ ਪਾ ਸਕੇ ਅਤੇ ਉਥੇ ਹੀ ਡਿੱਗ ਗਏ।
200 ਤੋਂ ਵੱਧ ਜਿੱਤੇ ਤਮਗ਼ੇ
ਬਖਸ਼ੀਸ਼ ਦੇ ਦੋਸਤ ਐਸ ਪੀ ਸ਼ਰਮਾ ਨੇ ਦੱਸਿਆ ਕਿ ਬਖਸ਼ੀਸ਼ ਹੁਸ਼ਿਆਰਪੁਰ ਟੀਮ ਦੀ ਅਗਵਾਈ ਕਰਦਾ ਸੀ। ਉਹ ਸੈਨਾ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਅਧਿਆਪਕ ਵੀ ਰਿਹਾ। ਦੌੜਨ ਦਾ ਸ਼ੌਕੀਨ ਸੀ। 1982 ਵਿੱਚ ਉਸ ਨੇ ਖੇਡਾਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਕਈ ਸੂਬਿਆਂ ਵਿੱਚ ਖੇਡਿਆ। ਉਸ ਨੇ 200 ਤੋਂ ਵੱਧ ਤਮਗ਼ੇ ਜਿੱਤੇ ਸਨ। ਬਖਸ਼ੀਸ਼ ਨੇ 800 ਮੀਟਰ, 1500 ਮੀਟਰ ਅਤੇ 5 ਹਜ਼ਾਰ ਮੀਟਰ ਦੌੜ ਵਿੱਚ ਹਿੱਸਾ ਲਿਆ।