ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀਟਨਾਸ਼ਕਾਂ ਦੀ ਵੱਧ ਵਰਤੋਂ ਕਾਰਨ ਵਿਦੇਸ਼ `ਚ ਪੰਜਾਬ ਦੇ ਬਾਸਮਤੀ ਚੌਲ਼ਾਂ ਦੀ ਮੰਗ ਘਟੀ

ਕੀਟਨਾਸ਼ਕਾਂ ਦੀ ਵੱਧ ਵਰਤੋਂ ਕਾਰਨ ਵਿਦੇਸ਼ `ਚ ਪੰਜਾਬ ਦੇ ਬਾਸਮਤੀ ਚੌਲ਼ਾਂ ਦੀ ਮੰਗ ਘਟੀ

--  ਬਰਾਮਦਕਾਰਾਂ ਨੇ ਕੀਤਾ ਜੰਮੂ-ਕਸ਼ਮੀਰ ਦਾ ਰੁਖ਼

 

ਯੂਰੋਪੀਅਨ ਦੇਸ਼ਾਂ ਨੇ ਹੁਣ ਪੰਜਾਬ ਦੇ ਬਾਸਮਤੀ ਚੌਲ਼ ਖ਼ਰੀਦਣ ਤੋਂ ਸਾਫ਼ ਨਾਂਹ ਕਰ ਦਿੱਤੀ ਹੈ ਕਿਉਂਕਿ ਪਹਿਲਾਂ ਵਧੀਆ ਕਿਸਮ ਦੇ ਅਜਿਹੇ ਚੌਲ਼ਾਂ ਨੂੰ ਉੱਲੀ-ਨਾਸ਼ਕ (ਕੀੜੇ ਮਾਰਨ ਵਾਲੀ ਜ਼ਹਿਰੀਲੀ ਦਵਾਈ) ਲੱਗੇ ਹੋਣ ਦੀਆਂ ਸਿ਼ਕਾਇਤਾਂ ਮਿਲੀਆਂ ਸਨ। ਇਸੇ ਲਈ ਬਰਾਮਦਕਾਰਾਂ ਨੇ ਹੁਣ ਪੰਜਾਬ ਨੂੰ ਛੱਡ ਕੇ ਜੰਮੂ-ਕਸ਼ਮੀਰ ਦਾ ਰੁਖ਼ ਕਰ ਲਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪਹਾੜੀ ਇਲਾਕਿਆਂ ਦੇ ਕਿਸਾਨ ਮੈਦਾਨੀ ਇਲਾਕਿਆਂ ਦੇ ਕਿਸਾਨਾਂ ਦੇ ਮੁਕਾਬਲੇ ਬਹੁਤ ਘੱੱਟ ਕੀਟ-ਨਾਸ਼ਕਾਂ ਦੀ ਵਰਤੋਂ ਕਰਦੇ ਹਨ।


ਪਿਛਲੇ ਸਾਉਣੀ ਦੇ ਸੀਜ਼ਨ ਦੌਰਾਨ ਪੰਜਾਬ ਤੋਂ ਖ਼ਰੀਦੇ ਬਾਸਮਤੀ ਚੌਲ਼ ਸਵੀਡਨ, ਫਿ਼ਨਲੈਂਡ ਤੇ ਨਾਰਵੇ ਨੇ ਰੱਦ ਕਰ ਦਿੱਤੇ ਸਨ। ਪੰਜਾਬ ਚੌਲ਼ ਬਰਾਮਦਕਾਰ ਐਸੋਸੀਏਸ਼ਨ ਦੇ ਡਾਇਰੈਕਟਰ ਅਸ਼ੋਕ ਸੇਠੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ - ‘ਪੰਜਾਬ ਦੇ ਚੌਲ਼ ਹਾਲੇ ਵੀ ਰੱਦ ਹੋ ਰਹੇ ਹਨ। ਚੌਲ਼ਾਂ ਦੀ ਹਰੇਕ ਖੇਪ ਵਿੱਚੋਂ ਘੱਟੋ-ਘੱਟ 10 ਲੱਖ ਰੁਪਏ ਦੇ ਚੌਲ਼ ਵਾਪਸ ਆ ਰਹ ਹਨ। ਇਸ ਦੇ ਨਾਲ ਸਾਨੂੰ ਜੁਰਮਾਨੇ ਵਜੋਂ 6 ਤੋਂ 7 ਲੱਖ ਰੁਪਏ ਵਾਧੂ ਵੀ ਅਦਾ ਕਰਨੇ ਪੈ ਰਹੇ ਹਨ।` ਉਨ੍ਹਾਂ ਦੱਸਿਆ ਕਿ ਹਰ ਸਾਲ 10,000 ਕਰੋੜ ਰੁਪਏ ਤੋਂ ਲੈ ਕੇ 12,000 ਕਰੋੜ ਰੁਪਏ ਦੇ ਬਾਸਮਤੀ ਚੌਲ਼ ਹਰ ਸਾਲ ਹੋਰਨਾਂ ਦੇਸ਼ਾਂ ਨੂੰ ਭੇਜੇ ਜਾਂਦੇ ਹਨ। ਵਿਕਾਸਸ਼ੀਲ ਦੇਸ਼ਾਂ ਨੂੰ ਸਾਦੇ ਚੌਲਾਂ ਦੀ ਇੰਨੀ ਹੀ ਮਾਤਰਾ ਭੇਜੀ ਜਾਂਦੀ ਹੈ ਪਰ ਉੱਥੇ ਉਨ੍ਹਾਂ ਦੇ ਸਖ਼ਤ ਟੈਸਟ ਨਹੀਂ ਕੀਤੇ ਜਾਂਦੇ।


ਅਸ਼ੋਕ ਸੇਠੀ ਨੇ ਦੱਸਿਆ ਕਿ ਪੰਜਾਬ ਦੇ 1121 ਨਾਂਅ ਦੀ ਵੈਰਾਇਟੀ ਦੇ ਬਾਸਮਤੀ ਚੌਲ਼ਾਂ ਦੀ ਮੰਗ ਸਮੁੱਚੇ ਵਿਸ਼ਵ `ਚ ਬਹੁਤ ਜਿ਼ਆਦਾ ਰਹੀ ਹੈ ਪਰ ਯੂਰੋਪ ਤੇ ਮੱਧ-ਪੂਰਬੀ ਦੇਸ਼ ਆਪਣੇ ਨਾਗਰਿਕਾਂ ਦੀ ਸਿਹਤ ਦਾ ਬਹੁਤ ਖਿ਼ਆਲ ਰੱਖਦੇ ਹਨ, ਇਸੇ ਲਈ ਉੱਥੇ ਹਰੇਕ ਖੇਪ ਦੀ ਬਹੁਤ ਜਿ਼ਆਦਾ ਚੈਕਿੰਗ ਕੀਤੀ ਜਾਂਦੀ ਹੈ। ਇਸੇ ਲਈ ਹੁਣ ਬਰਾਮਦਕਾਰਾਂ ਨੇ ਜੰਮੂ-ਕਸ਼ਮੀਰ ਦਾ ਰੁਖ਼ ਕਰ ਲਿਆ ਹੈ। ਉੱਥੋਂ ਇਹ ਚੌਲ਼ ਉਹ 500 ਰੁਪਏ ਪ੍ਰਤੀ ਕੁਇੰਟਲ ਵਾਧੂ ਦੀ ਕੀਮਤ `ਤੇ ਵੀ ਖ਼ਰੀਦਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦਾ ਖੇਪ ਲਿਆਉਣ-ਲਿਜਾਣ ਦਾ ਖ਼ਰਚਾ ਵੀ ਵੱਧ ਹੁੰਦਾ ਹੈ ਪਰ ਉਹ ਸਭ ਝੱਲਦੇ ਹਨ।


ਖੇਤੀਬਾੜੀ ਵਿਭਾਗ ਦੇ ਇੱਕ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਦੱਸਿਆ ਕਿ ਪਿਛਲੇ ਵਰ੍ਹੇ ਪੰਜਾਬ ਤੋਂ 3,000 ਰੁਪਏ ਤੋਂ ਲੈ ਕੇ 3,200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ 2.5 ਲੱਖ ਟਨ ਬਾਸਮਤੀ ਚੌਲ਼ਾਂ ਦੀ ਖ਼ਰੀਦ ਕੀਤੀ ਗਈ ਸੀ ਅਤੇ ਜੰਮੂ ਕਸ਼ਮੀਰ ਤੋਂ 25,000 ਲੱਖ ਟਨ ਚੌਲ਼ਾਂ ਦੀ ਖ਼ਰੀਦ ਹੋਈ ਸੀ। ਪੰਜਾਬ ਦੇ ਮੁਕਾਬਲੇ ਇਹ ਖ਼ਰੀਦ ਭਾਵੇਂ ਬਹੁਤ ਘੱਟ ਵਿਖਾਈ ਦਿੰਦੀ ਹੈ ਪਰ ਇਹ ਰੁਝਾਨ ਕੋਈ ਬਹੁਤਾ ਵਧੀਆ ਨਹੀਂ ਹੈ।


ਬਰਾਮਦਕਾਰ ਐਸੋਸੀਏਸ਼ਨ ਨੇ ਕਿਸਾਨਾਂ ਤੇ ਕੀਟ-ਨਾਸ਼ਕ ਡੀਲਰਾਂ ਲਈ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਹਨ ਕਿ ਕਿਸੇ ਕੀਟਨਾਸ਼ਕ ਜਾਂ ਉੱਲੀਨਾਸ਼ਕ ਦੀ ਵਰਤੋਂ ਬਾਸਮਤੀ ਦੇ ਫੁੱਲ ਨਿੱਕਲਣ ਤੋਂ ਬਾਅਦ ਕਦੇ ਨਹੀਂ ਕਰਨੀ ਚਾਹੀਦੀ। ਅਜਿਹੀਆਂ ਜਾਗਰੂਕਤਾ ਮੁਹਿੰਮਾਂ ਅੰਮ੍ਰਿਤਸਰ, ਤਰਨ ਤਾਰਨ, ਪਠਾਨਕੋਟ, ਗੁਰਦਾਸਪੁਰ ਤੇ ਫਿ਼ਰੋਜ਼ਪੁਰ ਜਿ਼ਲ੍ਹਿਆਂ `ਚ ਚਲਾਈਆਂ ਗਈਆਂ ਹਨ।


ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜੇ.ਐੱਸ. ਬੈਂਸ ਨੇ ਕਿਹਾ ਕਿ ਬਾਸਮਤੀ `ਤੇ ਕੀਟਨਾਸ਼ਕਾਂ ਦੇ ਛਿੜਕਾਅ ਨਾਲ ਕੋਈ ਵਧੀਆ ਅਸਰ ਵੇਖਣ ਨੂੰ ਨਹੀਂ ਮਿਲਦਾ। ਫੁੱਲ ਨਿੱਕਲਣ ਤੋਂ ਬਾਅਦ ਤਾਂ ਉਨ੍ਹਾਂ ਦਾ ਮਾੜਾ ਅਸਰ ਹੀ ਪੈਂਦਾ ਹੈ। ਪਰ ਜਾਗਰੂਕਤਾ ਮੁਹਿੰਮਾਂ ਨਾਲ ਕਿਸਾਨਾਂ ਨੂੰ ਕਾਫ਼ੀ ਫ਼ਾਇਦਾ ਹੋਇਆ ਹੈ।


ਬਾਸਮਤੀ ਚੌਲ਼ਾਂ ਦੇ ਬਰਾਮਦਕਾਰਾਂ ਨੇ ਉਨ੍ਹਾਂ ਕਿਸਾਨਾਂ ਨੂੰ 300 ਤੋਂ ਲੈ ਕੇ 500 ਰੁਪਏ ਪ੍ਰਤੀ ਕੁਇੰਟਲ ਤੱਕ ਦੇ ਵਧੇਰੇ ਰੇਟ ਦੇਣ ਦਾ ਵਾਅਦਾ ਕੀਤਾ ਹੈ, ਜਿਹੜੇ ਰਸਾਇਣਾਂ ਜਾਂ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਕਰਨਗੇ। ਯੂਰੋਪੀਅਨ ਦੇਸ਼ਾਂ ਵਿੱਚ ਹੋਏ ਲੈਬ.-ਟੈਸਟਾਂ ਦੈਰਾਨ ਜਿਹੜੇ ਕਿਸਾਨਾਂ ਦੇ ਚੌਲ਼ਾਂ ਵਿੱਚ ਕੋਈ ਕੀਟਨਾਸ਼ਕ ਨਹੀਂ ਪਾਏ ਗਏ, ਬਰਾਮਦਕਾਰਾਂ ਦੀ ਪੇਸ਼ਕਸ਼ ਸਿਰਫ਼ ਉਨ੍ਹਾਂ ਕਿਸਾਨਾਂ ਲਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:demand for punjab basmati decreases due to pesticides