ਕਮਿਸ਼ਨਰੇਟ ਦੀ ਫੂਡ ਸੇਫਟੀ ਟੀਮ ਵਲੋਂ ਬਠਿੰਡਾ ਦੀ ਗਾਂਧੀ ਮਾਰਕੀਟ ਚੋਂ 60 ਲੀਟਰ ਦੇਸੀ ਘੀ ਜ਼ਬਤ ਕੀਤਾ ਗਿਆ ਹੈ, ਇਹ ਜਾਣਕਾਰੀ ਫੂਡ ਤੇ ਡਰੱਗ ਪ੍ਰਬੰਧਨ ਪੰਜਾਬ ਦੇ ਕਮਿਸ਼ਨਰ ਸ੍ਰੀ ਕਾਹਨ ਸਿੰਘ ਪੰਨੂ ਨੇ ਦਿੱਤੀ।
ਜਾਣਕਾਰੀ ਦਿੰਦਿਆਂ ਸ੍ਰੀ ਪੰਨੂ ਨੇ ਕਿਹਾ ਕਿ ਤਿਉਹਾਰਾਂ ਦੇ ਮੌਸਮ ਦੇ ਮੱਦੇਨਜ਼ਰ ਫੂਡ ਸੇਫਟੀ ਦੀਆਂ ਟੀਮਾਂ ਵਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਹ ਟੀਮਾਂ ਮਿਲਾਵਟਖੋਰੀ ਦੇ ਕੋਹੜ ਦੀ ਰੋਕਥਾਮ ਲਈ ਅਣਥੱਕ ਕੰਮ ਕਰ ਰਹੀਆਂ ਹਨ। ਸੂਬੇ ਦੇ ਲੋਕਾਂ ਨੂੰ ਚੰਗੀ ਗੁਣਵੱਤਾ ਦਾ ਦੁੱਧ ਅਤੇ ਦੁੱਧ ਉਤਪਾਦ ਮੁਹੱਈਆ ਕਰਵਾਉਣ ਦੇ ਨਾਲ ਨਾਲ ਫੂਡ ਸੇਫਟੀ ਦੀਆਂ ਟੀਮਾਂ ਵਲੋਂ ਸਵੇਰ ਤੋਂ ਸ਼ਾਮ ਤੱਕ ਨਿਰੰਤਰ ਜਾਂਚ ਵੀ ਕੀਤੀ ਜਾ ਰਹੀ ਹੈ, ਇੱਥੋਂ ਤੱਕ ਕਿ ਸਰਕਾਰੀ ਛੁੱਟੀ ਵਾਲੇ ਦਿਨ ਵੀ ਟੀਮਾਂ ਕੰਮ ਕਰ ਰਹੀਆਂ ਹਨ। ਅਜਿਹੀ ਹੀ ਇੱਕ ਛਾਪੇਮਾਰੀ ਦੌਰਾਨ ਫੂਡ ਸੇਫਟੀ ਟੀਮ ਨੇ 2 ਅਕਤੂਬਰ ਦੀ ਸ਼ਾਮ ਨੂੰ ਬਠਿੰਡਾ ਤੋਂ ਨਕਲੀ ਦੇਸੀ ਘੀ ਬਰਾਮਦ ਕੀਤਾ।
ਕਈ ਨਕਲੀ ਦੇਸੀ ਘੀ ‘ਗੰਗਾ ਦੀਪ ਪ੍ਰੀਮੀਅਮ ਕਵਾਲਿਟੀ ’ਅਤੇ ‘ਮਿਲਕ ਫੂਡ ਘੀ’ ਦੇ ਬ੍ਰਾਂਡ ਨਾਮ ਹੇਠ ਵੇਚੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਿਲਕ ਫੂਡ ਘੀ ਪੈਕਟ ਵਿੱਚ ਉਪਲਬਧ ਸੀ ਅਤੇ ਇਸਦੀ ਕੋਈ ਗੱਤੇ ਦੀ ਪੈਕਿੰਗ ਉਪਲਬਧ ਨਹੀਂ ਸੀ। ਬਠਿੰਡਾ ਦੀ ਫੂਡ ਸੇਫਟੀ ਟੀਮ ਤੋਂ ਪ੍ਰਾਪਤ ਰਿਪੋਰਟ ਮੁਤਾਬਕ ਜ਼ਬਤ ਕੀਤਾ ਗਿਆ ਪਦਾਰਥ ਬਨਸਪਤੀ ਹੈ ਜੋ ਕਿ ਪ੍ਰੀਮੀਅਮ ਕਵਾਲਿਟੀ ਦੇਸੀ ਘੀ ਦੇ ਨਾਂ ਹੇਠ ਵੇਚਿਆ ਜਾ ਰਿਹਾ ਹੈ।
ਸ੍ਰੀ ਪੰਨੂ ਨੇ ਦੱਸਿਆ ਕਿ ਪਦਾਰਥਾਂ ਦੇ ਸੈਂਪਲ ਭਰ ਲਏ ਗਏ ਹਨ ਤੇ ਅਗਲੇਰੀ ਜਾਂਚ ਲਈ ਖਰੜ ਲੈਬ ਵਿੱਚ ਭੇਜ ਦਿੱਤੇ ਗਏ ਹਨ।
ਇਸੇ ਤਰ੍ਹਾਂ ਹੀ ਇੱਕ ਹੋਰ ਮਾਮਲਾ ਪੁਰਾਣਾ ਬਜ਼ਾਰ ਲੁਧਿਆਣਾ ਵਿੱਚ ਸਾਹਮਣੇ ਆਇਆ ਹੈ ਜਿਥੇ ਫੂਡ ਸੇਫਟੀ ਦੀ ਟੀਮ ਵਲੋਂ ਦੁੱਧ ਤੇ ਦੁੱਧ ਉਤਪਾਦ ਤਿਆਰ ਕਰਨ ਵਾਲੇ ਇੱਕ ਥੋਕ ਵਪਾਰੀ ਦੇ ਗੋਦਾਮ ’ਤੇ ਛਾਪੇਮਾਰੀ ਕੀਤੀ ਗਈ ਸੀ। ਉਕਤ ਵਪਾਰੀ ਨਾਨ-ਬਰਾਂਡਡ ਮਿਲਾਵਟੀ ਦੇਸੀ ਘੀ ਵੇਚਦਾ ਪਾਇਆ ਗਿਆ।
ਟੀਮ ਨੇ ਉਕਤ ਪਾਸੋਂ ਦੇਸੀ ਘੀ ਦੇ ਦੋ ਸੀਲਡ, ਅਨਲੇਬਲਡ ਟੀਨ ਬਰਾਮਦ ਕੀਤੇ ਹਨ ਜਿਨ੍ਹਾਂ ਦਾ ਸੈਂਪਲ ਭਰ ਲਿਆ ਗਿਆ ਹੈ। ਇਸ ਵਪਾਰੀ ਪਾਸੋਂ ਦਾਊ ਬਰਾਂਡ ਦਾ ਸੁੱਕਾ ਦੁੱਧ ਪਾਉਡਰ ਵੀ ਬਰਾਮਦ ਹੋਇਆ ਹੈ ਜਿਸਨੂੰ ਸੈਂਪਲ ਲੈਣ ਉਪਰੰਤ ਅਗਲੇਰੀ ਜਾਂਚ ਲਈ ਲੈਬ ਵਿੱਚ ਭੇਜ ਦਿੱਤਾ ਗਿਆ ਹੈ।
ਮਿਲਾਵਟੀ ਘੀ ਦੀ ਵਿਕਰੀ ਸਬੰਧੀ ਸੂਹ ਮਿਲਣ ’ਤੇ ਲੁਧਿਆਣਾ ਦੇ ਹੀ ਇੱਕ ਹੋਰ ਫੂਡ ਬਿਜ਼ਨਸ ਆਪਰੇਟਰ ’ਤੇ ਵੀ ਛਾਪੇਮਾਰੀ ਕੀਤੀ ਗਈ। ਬੱਸ ਸਟੈਂਡ ਲੁਧਿਆਣਾ ਨੇੜਲੇ ਇਸ ਵਿਕਰੀ ਕੇਂਦਰ(ਆਊਟਲੈਟ) ’ਤੇ ਕੀਤੀ ਛਾਪੇਮਾਰੀ ਤੋਂ ਬਾਅਦ ਰਿਫਾਇੰਡ ਤੇ ਬਨਸਪਤੀ ਤੇਲ ਦੇ 46 ਖਾਲੀ ਟੀਨ, ਇੱਕ ਇਲੈਕਟਿ੍ਰਕ ਰੌਡ, ਚੁੱਲ੍ਹਾ, ਸਿਲੰਡਰ ਅਤੇ ਨਕਲੀ ਦੇਸੀ ਘੀ ਬਣਾਉਣ ਵਾਲਾ ਹੋਰ ਸਾਜੋ-ਸਮਾਨ ਬਰਾਮਦ ਕੀਤਾ ਗਿਆ।
.