ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਨੌਰ `ਚ ਫੈਲਿਆ ਦਸਤ ਰੋਗ, ਦੂਸਿ਼ਤ ਪਾਣੀ ਹੈ ਰੋਗ ਦੀ ਜੜ੍ਹ

ਸਨੌਰ `ਚ ਦਸਤ ਰੋਗ ਫੈਲਿਆ, ਦੂਸਿ਼ਤ ਪਾਣੀ ਹੈ ਰੋਗ ਦੀ ਜੜ੍ਹ

ਪਟਿਆਲਾ ਦੇ ਸਨੌਰ ਬਲਾਕ `ਚ ਇੱਕ ਵਾਰ ਫਿਰ ਦਸਤ ਰੋਗ ਵੱਡੇ ਪੱਧਰ `ਤੇ ਫੈਲ ਗਿਆ ਹੈ। ਬੀਤੇ ਚਾਰ ਦਿਨਾਂ (16 ਸਤੰਬਰ ਤੋਂ) ਦੌਰਾਨ ਹੁਣ ਤੱਕ ਇਸ ਰੋਗ ਤੋਂ ਪੀੜਤ 64 ਮਰੀਜ਼ ਹਸਪਤਾਲਾਂ `ਚ ਦਾਖ਼ਲ ਹੋ ਚੁੱਕੇ ਹਨ। ਅੱਜ ਵੀਰਵਾਰ ਨੂੰ ਪੰਜ ਨਵੇਂ ਮਰੀਜ਼ ਇਲਾਜ ਲਈ ਪੁੱਜੇ। ਬੁੱਧਵਾਰ ਨੂੰ ਦਸਤ ਰੋਗ ਤੋਂ ਪੀੜਤ 23 ਮਰੀਜ਼ ਇਲਾਜ ਲਈ ਪੁੱਜੇ ਸਨ। ਇਸੇ ਵਰ੍ਹੇ ਇਸ ਇਲਾਕੇ `ਚ ਵੱਡੇ ਪੱਧਰ `ਤੇ ਦਸਤ ਰੋਗ ਫੈਲਣ ਦੀ ਇਹ ਦੂਜੀ ਘਟਨਾ ਹੈ ਕਿਉਂਕਿ ਪਹਿਲਾਂ ਅਪ੍ਰੈਲ ਮਹੀਨੇ ਵੀ ਸਥਾਨਕ ਗੁਰੂ ਨਾਨਕ ਕਾਲੋਨੀ `ਚ ਇਸ ਰੋਗ ਤੋਂ ਪੀੜਤ 71 ਮਰੀਜ਼ ਸਾਹਮਣੇ ਆਏ ਸਨ।


ਇਸ ਮਹਾਮਾਰੀ ਨੂੰ ਵੇਖਦਿਆਂ ਜਿ਼ਲ੍ਹਾ ਸਿਹਤ ਵਿਭਾਗ ਨੇ ਨਗਰ ਕੌਂਸਲ ਸਨੌਰ ਦੇ ਕਾਰਜਕਾਰੀ ਅਧਿਕਾਰੀ (ਈਓ) ਨੂੰ ਹਦਾਇਤ ਜਾਰੀ ਕੀਤੀ ਸੀ ਕਿ ਉਹ ਪਾਈਪਲਾਈਨਾਂ ਰਾਹੀਂ ਪਾਣੀ ਦੀ ਸਪਲਾਈ ਰੋਕ ਦੇਣ। ਟੂਟੀਆਂ ਦੇ ਪਾਣੀ ਦੇ ਪੰਜ ਸੈਂਪਲਾਂ ਦੀ ਜਾਂਚ ਚੰਡੀਗੜ੍ਹ ਦੀ ਪ੍ਰਯੋਗਸ਼ਾਲਾ `ਚ ਹੋਈ ਸੀ ਤੇ ਉਹ ਸਾਰੇ ਸੈਂਪਲ ਫ਼ੇਲ੍ਹ ਹੋ ਗਏ ਸਨ। ਇਸੇ ਲਈ ਆਮ ਲੋਕਾਂ ਨੂੰ ਵੀ ਸਰਕਾਰੀ ਸਪਲਾਈ ਦਾ ਪਾਣੀ ਨਾ ਵਰਤਣ ਦੀ ਅਪੀਲ ਕੀਤੀ ਗਈ ਹੈ। ਸਨੌਰ ਦੀ ਗ੍ਰਿੱਡ ਕਾਲੋਨੀ ਦੇ ਵਸਨੀਕ ਮੁਕੇਸ਼ ਨੇ ਦੱਸਿਆ ਕਿ ਜਿਵੇਂ ਹੀ ਉਸ ਨੇ ਸਰਕਾਰੀ ਸਪਲਾਈ ਦਾ ਪਾਣੀ ਪੀਤਾ ਸੀ, ਤਿਵੇਂ ਹੀ ਉਸ ਦੇ ਢਿੱਡ `ਚ ਦਰਦ ਉੱਠ ਖਲੋਤਾ ਸੀ। ਲਗਭਗ ਸਾਰੇ ਹੀ ਪੀੜਤ ਮਰੀਜ਼ਾਂ ਦੇ ਇੰਝ ਹੀ ਦਰਦ ਹੋ ਰਿਹਾ ਹੈ।


ਜਦੋਂ ਤੱਕ ਪਾਈਪਲਾਈਨ ਦੀ ਮੁਰੰਮਤ ਨਹੀਂ ਹੋ ਜਾਂਦੀ, ਤਦ ਤੱਕ ਪਾਣੀ ਟੈਂਕਰਾਂ ਰਾਹੀਂ ਪਹੁੰਚਾਇਆ ਜਾ ਰਿਹਾ ਹੈ। ਮੁਰੰਮਤ ਤੋਂ ਬਾਅਦ ਪਾਣੀ ਦੇ ਸੈਂਪਲ ਦੋਬਾਰਾ ਲਏ ਜਾਣਗੇ। ਸਿਹਤ ਵਿਭਾਗ ਨੇ ਸਨੌਰ ਬਲਾਕ `ਚ ਦੋ ਮੈਡੀਕਲ ਕੈਂਪ ਸਥਾਪਤ ਕਰ ਦਿੱਤੇ ਹਨ ਤੇ ਘਰੋਂ-ਘਰੀਂ ਜਾ ਕੇ ਵੀ ਸਰਵੇਖਣ ਕੀਤਾ ਜਾ ਰਿਹਾ ਹੈ। ਆਮ ਲੋਕਾਂ ਨੂੰ ਇਲਾਜ ਤੇ ਰੋਕਥਾਮ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।


ਜਿ਼ਲ੍ਹਾ ਐਪੀਡੀਮੀਓਲੌਜਿਸਟ ਡਾ. ਗੁਰਮੀਤ ਸਿੰਘ ਨੇ ਦੱਸਿਆ ਕਿ ਸਾਰੇ ਮਰੀਜ਼ਾਂ ਨੂੰ ਦਸਤ ਰੋਗ ਦੀ ਸਿ਼ਕਾਇਤ ਦੂਸਿ਼ਤ ਪਾਣੀ ਪੀਣ ਤੋਂ ਬਾਅਦ ਹੀ ਹੋਈ ਹੈ। ਦਰਅਸਲ ਪਾਣੀ ਦੀਆਂ ਪਾਈਪਲਾਈਨਾਂ `ਚ ਕਿਤੇ ਲੀਕੇਜ ਹੈ, ਜਿੱਥੋਂ ਪਾਣੀ ਦੂਸਿ਼ਤ ਹੋ ਰਿਹਾ ਹੈ। ਜਿ਼ਆਦਾਤਰ ਪ੍ਰਵਾਸੀ ਮਜ਼ਦੂਰ ਇਸ ਰੋਗ ਤੋਂ ਪੀੜਤ ਹੋ ਰਹੇ ਹਨ ਤੇ ਉਨ੍ਹਾਂ ਨੂੰ ਹੁਣ ਤੱਕ ਓਆਰਐੱਸ ਦੇ ਪੈਕੇਟ ਤੇ ਕਲੋਰੀਨ ਦੀਆਂ 6,000 ਗੋਲੀਆਂ ਵੰਡੀਆਂ ਜਾ ਚੁੱਕੀਆਂ ਹਨ।


ਪਟਿਆਲਾ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਟੈਸਟਾਂ ਦੌਰਾਨ ਪਾਣੀ ਦੇ ਸੈਂਪਲ ਪੀਣਯੋਗ ਨਹੀਂ ਪਾਏ ਗਏ। ਗ਼ੈਰ-ਕਾਨੂੰਨੀ ਕੁਨੈਕਸ਼ਨਾਂ ਕਾਰਨ ਸੀਵਰੇਜ ਦੀ ਗੰਦਗੀ, ਪੀਣ ਵਾਲੇ ਪਾਣੀ ਦੀ ਸਰਕਾਰੀ ਸਪਲਾਈ ਵਿੱਚ ਜਾ ਕੇ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਸਥਿਤੀ `ਤੇ ਚੋਕਸ ਨਜ਼ਰ ਰੱਖੀ ਜਾ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Diarrhoea outbreak in Sanaur near Patiala