ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਜ਼ਾਹਰਾਕਾਰੀਆਂ `ਤੇ ਗੋਲੀ ਦਾ ਹੁਕਮ ਨਹੀਂ ਦਿੱਤਾ, ਕੈਪਟਨ ਅੱਗ ਨਾਲ ਖੇਡ ਰਹੇ: ਬਾਦਲ

ਮੁਜ਼ਾਹਰਾਕਾਰੀਆਂ `ਤੇ ਗੋਲੀ ਦਾ ਹੁਕਮ ਨਹੀਂ ਦਿੱਤਾ, ਕੈਪਟਨ ਅੱਗ ਨਾਲ ਖੇਡ ਰਹੇ: ਬਾਦਲ

ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਜਾਂਚ-ਰਿਪੋਰਟ ਪੰਜਾਬ ਵਿਧਾਨ ਸਭਾ `ਚ ਪੇਸ਼ ਹੋਣ ਤੋਂ ਬਾਅਦ ਪਹਿਲੀ ਵਾਰ ਆਪਣੀ ਚੁੱਪੀ ਤੋੜਦਿਆਂ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ 14 ਅਕਤੂਬਰ, 2015 ਨੂੰ ਉਨ੍ਹਾਂ ਨੇ ਨਾ ਤਾਂ ਕੋਟਕਪੂਰਾ `ਚ ਰੋਸ ਮੁਜ਼ਾਹਰਾਕਾਰੀਆਂ `ਤੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਸਨ ਅਤੇ ਨਾ ਹੀ ਉਨ੍ਹਾਂ ਧਰਨੇ `ਤੇ ਬੈਠੇ ਲੋਕਾਂ ਨੂੰ ਹਟਾਉਣ ਲਈ ਤਾਕਤ ਦੀ ਵਰਤੋਂ ਕਰਨ ਦੇ ਹੁਕਮ ਦਿੱਤੇ ਸਨ। ਸ੍ਰੀ ਬਾਦਲ ਨੇ ਸਪੱਸ਼ਟ ਕੀਤਾ ਹੈ ਕਿ - ‘ਉਦੋਂ ਮੇਰੇ ਵੱਲੋਂ ਬਿਲਕੁਲ ਸਪੱਸ਼ਟ ਹਦਾਇਤਾਂ ਕੀਤੀਆਂ ਗਈਆਂ ਸਨ ਕਿ ਇਸ ਸਾਰੇ ਮਾਮਲੇ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ। ਕਦੇ ਕਿਸੇ ਵੀ ਵੇਲੇ ਪੁਲਿਸ ਗੋਲੀਬਾਰੇ ਕਦੇ ਕੋਈ ਨਾ ਤਾਂ ਵਿਚਾਰ ਹੋਇਆ ਅਤੇ ਨਾ ਹੀ ਇਸ ਸਬੰਧੀ ਕੋਈ ਹੁਕਮ ਜਾਰੀ ਕੀਤੇ ਗਏ।`


ਸਾਬਕਾ ਮੁੱਖ ਮੰਤਰੀ ਸ੍ਰੀ ਬਾਦਲ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਵਿਧਾਨ ਸਭਾ `ਚ ਆਪਣੇ ਭਾਸ਼ਣ ਦੌਰਾਨ ਉਨ੍ਹਾਂ ਖਿ਼ਲਾਫ਼ ਭੈੜੇ ਸ਼ਬਦ ਵਰਤ ਕੇ ਮੁੱਖ ਮੰਤਰੀ ਦੇ ਅਹੁਦੇ ਦੀ ਮਾਣ-ਮਰਿਆਦਾ ਨੂੰ ਨੀਂਵਾਂ ਕਰ ਕੇ ਰੱਖ ਦਿੱਤਾ ਹੈ।


ਇੱਥੇ ਵਰਨਣਯੋਗ ਹੈ ਕਿ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਜਾਂਚ-ਰਿਪੋਰਟ `ਚ ਬਹੁਤ ਸਪੱਸ਼ਟ ਆਖਿਆ ਗਿਆ ਹੈ ਕਿ 2015 ਦੌਰਾਨ ਫ਼ਰੀਦਕੋਟ ਜਿ਼ਲ੍ਹੇ `ਚ ਕੋਟਕਪੂਰਾ ਵਿਖੇ ਭੀੜ `ਤੇ ਪੁਲਿਸ ਗੋਲੀਬਾਰੀ ਕਰਨ ਤੋਂ ਪਹਿਲਾਂ ਸਾਰੇ ਮਾਮਲੇ ਦੀ ਜਾਣਕਾਰੀ ਵੱਡੇ ਬਾਦਲ ਭਾਵ ਸ੍ਰੀ ਪ੍ਰਕਾਸ਼ ਸਿੰਘ ਬਾਦਲ ਹੁਰਾਂ ਨੂੰ ਸੀ।


ਸ੍ਰੀ ਬਾਦਲ ਨੇ ਅਜਿਹੇ ਸਾਰੇ ਹਾਲਾਤ `ਤੇ ਆਪਣਾ ਪ੍ਰਤੀਕਰਮ ਪ੍ਰਗਟਾਉਂਦਿਆਂ ਕਿਹਾ ਕਿ ਕਾਂਗਰਸ ਨੂੰ ਕੁਝ ਮੂਲਵਾਦੀ ਸਿੱਖਾਂ ਨਾਲ ਰਲ ਕੇ ਚੱਲ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਚੇਤਾਵਨੀ ਦਿੱਤੀ ਕਿ ਉਹ ਅੱਗ ਨਾਲ ਖੇਡ ਰਹੇ ਹਨ ਤੇ ਪੰਜਾਬ ਨੂੰ ਇੱਕ ਵਾਰ ਫਿਰ ਹਿੰਸਾ ਤੇ ਖ਼ੂਨ-ਖ਼ਰਾਬੇ ਦੇ ਦੌਰ ਵੱਲ ਧੱਕ ਰਹੇ ਹਨ।


ਉਨ੍ਹਾਂ ਕਿਹਾ ਕਿ - ‘ਹਿੰਸਾ ਦੀ ਉਸ ਅੱਗ ਨੇ ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ਨੂੰ ਤਬਾਹ ਕਰ ਕੇ ਰੱਖ ਦਿੱਤਾ ਸੀ ਤੇ ਉਸ ਦਾ ਅਸਰ ਹੁਣ ਵੀ ਵੇਖਿਆ ਜਾ ਸਕਦਾ ਹੈ। ਹੁਣ ਤੁਸੀਂ ਨਵੇਂ ਭਾਂਬੜ ਮਚਾਉਣ `ਤੇ ਤੁਲੇ ਹੋਏ ਹੋ।  ਪੰਜਾਬ ਦੇ ਨਿਰਦੋਸ਼ ਤੇ ਅਮਨ-ਪਸੰਦ ਮਰਦ, ਔਰਤਾਂ, ਨੌਜਵਾਨਾਂ ਤੇ ਬੱਚਿਆਂ `ਤੇ ਤਰਸ ਕਰੋ ਤੇ ਨਫ਼ਰਤ ਫੈਲਾਉਣ ਵਾਲੀਆਂ ਤਾਕਤਾਂ ਨੂੰ ਰੋਕੋ।` 


ਸ੍ਰੀ ਬਾਦਲ ਵੱਲੋਂ ਕੁਝ ਗੁੱਸੇ `ਚ ਜਾਰੀ ਕੀਤੇ ਬਿਆਨ `ਚ ਕਿਹਾ ਗਿਆ ਹੈ ਕਿ - ‘ਜਿਹੜੇ ਲੋਕ ਖ਼ੁਦ ਨੂੰ ਸਿੱਖ ਧਰਮ ਦੇ ਚੈਂਪੀਅਨ ਦੱਸਿਆ, ਉਨ੍ਹਾਂ ਨੇ ਸਿੱਖਾਂ ਦੇ ਕਾਤਲਾਂ ਦੇ ਬੁੱਤਾਂ ਨੂੰ ਹਾਰ ਪਾਉਣ ਲਈ 72 ਘੰਟਿਆਂ ਦੀ ਵੀ ਉਡੀਕ ਨਾ ਕੀਤੀ। ਉਹ ਸਗੋਂ ਆਪਰੇਸ਼ਨ ਬਲੂ ਸਟਾਰ ਲਈ ਮੁੱਖ ਜਿ਼ੰਮੇਵਾਰ ਵਿਅਕਤੀ ਨੂੰ ‘ਇੰਦਰਾ ਜੀ` ਆਖ ਕੇ ਸੰਬੋਧਨ ਕਰਦੇ ਰਹੇ ਅਤੇ ਉਸ ਸਭ ਤੋਂ ਉਨ੍ਹਾਂ ਨੁੰ ਕਲੀਨ ਚਿਟਾਂ ਦਿੰਦੇ ਰਹੇ।`


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ `ਤੇ ਵਰ੍ਹਦਿਆਂ ਸ੍ਰੀ ਬਾਦਲ ਨੇ ਸੁਆਲ ਕੀਤਾ,‘‘ਜੇ ਤੁਹਾਡੇ ਮੁਤਾਬਕ ਦੇਸ਼ ਦੇ ਹਿਤਾਂ ਲਈ ਇੰਨੇ ਸਾਲ ਦੇਸ਼, ਆਪਣੇ ਸੂਬੇ ਪੰਜਾਬ ਅਤੇ ਖ਼ਾਲਸਾ ਪੰਥ ਲਈ ਭੈੜੀਆਂ ਤੋਂ ਭੈੜੀਆਂ ਜੇਲ੍ਹਾਂ `ਚ ਕਈ ਵਰ੍ਹੇ ਬਿਤਾਉਣ ਵਾਲਾ ਵਿਅਕਤੀ ਬੁਜ਼ਦਿਲ ਹੈ, ਤਾਂ ਉਸ ਵਿਅਕਤੀ ਨੂੰ ਕੀ ਆਖੋਗੇ, ਜਿਸ ਨੇ ਕਦੇ ਇੱਕ ਛਿਣ ਵੀ ਕਿਸੇ ਜੇਲ੍ਹ `ਚ ਨਾ ਬਿਤਾਇਆ ਹੋਵੇ ਅਤੇ ਕਿਸੇ ਸਿਧਾਂਤ ਲਈ ਕੋਈ ਕੁਰਬਾਨੀ ਨਾ ਦਿੱਤੀ ਹੋਵੇ।``


ਸ੍ਰੀ ਬਾਦਲ ਨੇ ਕਿਹਾ,‘ਕੈਪਟਨ ਅਮਰਿੰਦਰ ਸਿੰਘ ਇੱਕ ਅਜਿਹੀ ਪਾਰਟੀ ਦੀ ਨੁਮਾਇੰਦਗੀ ਕਰਦੇ ਹਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਭ ਤੋਂ ਵੱਧ ਦਰਦਨਾਕ ਬੇਅਦਬੀ ਕਰਨ ਲਈ ਜਿ਼ੰਮੇਵਾਰ ਹੈ। ਇੰਦਰਾ ਗਾਂਧੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਟੈਂਕਾਂ ਤੇ ਮੋਰਟਾਰਾਂ ਨਾਲ ਤਬਾਹ ਕੀਤਾ ਸੀ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕੀਤਾ ਸੀ। ਉਦੋਂ ਫ਼ੌਜੀਆਂ ਨੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਣਗਿਣਤ ਸਰੂਪਾਂ ਦੀ ਬੇਅਦਬੀ ਕੀਤੀ ਸੀ।`


ਸ੍ਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਵਜੋਂ ਪੰਜਾਬ ਦੀ ਜਦੋਂ ਵੀ ਕਦੇ ਸੇਵਾ ਨਿਭਾਈ, ਉਹ ਸਦਾ ਪੰਜਾਬ `ਚ ਸ਼ਾਂਤੀ ਤੇ ਫਿਰਕੂ ਇੱਕਸੁਰਤਾ ਕਾਇਮ ਕਰਨ ਲਈ ਪੂਰੇ ਤਾਣ ਨਾਲ ਦਿਨ-ਰਾਤ ਲੱਗੇ ਰਹੇ। ‘ਇਸ ਮਾਮਲੇ `ਚ ਮੇਰਾ ਜ਼ਮੀਰ ਤੇ ਮੇਰਾ ਮਨ ਪੂਰੀ ਤਰ੍ਹਾਂ ਸਾਫ਼ ਹਨ। ਮੈਂ ਅਜਿਹੇ ਕਿਸੇ ਫੌਕੇ ਫੜ੍ਹਾਂ ਮਾਰਨ ਵਾਲੇ ਵਿਅਕਤੀ ਦੀਆਂ ਧਮਕੀਆ ਤੋਂ ਨਹੀਂ ਡਰਦਾ, ਜਿਸ ਨੇ ਗ਼ੈਰ-ਨੇਤਿਕ ਖ਼ੁਸ਼ੀਆਂ ਹਾਸਲ ਕਰਨ ਲਈ ਆਪਣਾ ਜੀਵਨ ਬਰਬਾਦ ਕੀਤਾ ਹੋਵੇ। ਮੈਂ ਆਪਣਾ ਫ਼ਰਜ਼ ਸਦਾ ਈਮਾਨਦਾਰੀ, ਪਾਰਦਰਸ਼ਤਾ, ਸਮਰਪਣ ਦੀ ਭਾਵਨਾ ਤੇ ਪੂਰੀ ਪ੍ਰਤੀਬੱਧਤਾ ਨਾਲ ਨਿਭਾਇਆ ਹੈ।`

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:didnt order to shoot at protesters says Badal