ਮਿੰਨੀ ਕਹਾਣੀ ਦੇ ਵੱਡੇ ਸਿਰਜਕ – 13
ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ
ਸਤਿਪਾਲ ਖੁੱਲਰ ਹੁਰਾਂ ਦਾ ਨਾਂ ਜਦੋਂ ਤੁਹਾਡੇ ਜ਼ਹਿਨ ਵਿਚ ਆਉਂਦਾ ਹੈ ਤਾਂ ਇੱਕ ਸ਼ਾਂਤ, ਸਾਊ ਬੰਦੇ ਦਾ ਚਿਹਰਾ ਤੁਹਾਡੇ ਸਾਹਮਣੇ ਘੁੰਮ ਜਾਂਦਾ ਹੈ। ਖੁੱਲਰ ਪੰਜਾਬੀ ਮਿੰਨੀ ਕਹਾਣੀ ਦਾ ਅਜਿਹਾ ਹੀ ਲੇਖਕ ਹੈ, ਜੋ ਘੱਟ ਬੋਲਣ ਵਿਚ ਤਾਂ ਵਿਸ਼ਵਾਸ਼ ਰੱਖਦਾ ਹੈ, ਪਰ ਲਿਖਣ ਵਿਚ ਕੋਈ ਕਮੀ_ਬੇਸ਼ੀ ਨਹੀਂ ਰਹਿਣ ਦਿੰਦਾ। ਮਿੰਨੀ ਕਹਾਣੀ ਲਿਖਣ ਲਈ ਵੀ ਪੂਰੀ ਮਿਹਨਤ ਕਰਦਾ ਹੈ। ਇਸ ਕਰਕੇ ਵੱਖ ਵੱਖ ਸਮਾਗਮਾਂ ਵਿਚ ਜਦੋਂ ਇਨਾਂ ਵੱਲੋਂ ਮਿੰਨੀ ਕਹਾਣੀਆਂ ਪੜੀਆਂ ਜਾਂਦੀਆਂ ਹਨ ਤਾਂ ਖੂਬ ਦਾਦ ਮਿਲਦੀ ਹੈ। ਜੀਵਨ ਦੇ ਡੂੰਘੇ ਤਜ਼ਰਬੇ ਕਾਰਨ ਇਹ ਮਨੁੱਖ ਦਾ ਮਾਨਸਿਕ ਚਿਤਰਣ ਬਾਖੂਬੀ ਕਰ ਲੈਂਦੇ ਹਨ। ਮਿੰਨੀ ਕਹਾਣੀ ਦੇ ਨਾਲ ਗਜ਼ਲ ਲਿਖਣ ਕਾਰਣ ਇਹ ਆਪਣੀ ਮਿੰਨੀ ਕਹਾਣੀ ਨੂੰ ਵੀ ਪੂਰਾ ਤੋਲ ਕੇ ਹੀ ਸਿਰਜਦੇ ਹਨ।
ਉਨ੍ਹਾਂ ਦਾ ਇੱਕ ਮਿੰਨੀ ਕਹਾਣੀ ਸੰਗ੍ਰਹਿ ‘ਟੁੱਟੇ ਹੋਏ ਪੱਤੇ’ ਛਪ ਚੁੱਕਿਆ ਹੈ ਅਤੇ ਇੱਕ ਕਾਵਿ_ਸੰਗ੍ਰਹਿ ਦੇ ਨਾਲ ਨਾਲ ਇੱਕ ਬਾਲ ਕਾਵਿ_ਸੰਗ੍ਰਹਿ ਵੀ ਪਾਠਕਾਂ ਦੇ ਸਨਮੁੱਖ ਕੀਤਾ ਹੈ।
ਸਤਿਪਾਲ ਖੁੱਲਰ ਦਾ ਜਨਮ 12 ਮਾਰਚ 1950 ਨੂੰ ਤਲਵੰਡੀ ਭਾਈ ਜਿਲਾ ਫਿਰੋਜ਼ਪੁਰ ਵਿਖੇ ਹੋਇਆ। ਇਹ ਅਧਿਆਪਕ ਵਜੋਂ ਸੇਵਾ_ਮੁਕਤ ਹੋ ਕੇ ਅੱਜ ਕੱਲ ਸਾਹਿਤ ਸਿਰਜਣਾ ਵਿਚ ਮਸ਼ਰੂਫ਼ ਹਨ। ਇਨਾਂ ਨੂੰ ਅਦਾਰਾ ‘ਮਿੰਨੀ’ ਵੱਲੋਂ ਪਿ੍ਰੰਸੀਪਲ ਭਗਤ ਸਿੰਘ ਸੇਖੋਂ ਯਾਦਗਾਰੀ ਸਨਮਾਨ ਸਮੇਤ ਹੋਰ ਕੋਈ ਮਾਨ ਸਨਮਾਨ ਵੀ ਮਿਲ ਚੁੱਕੇ ਹਨ ਅਤੇ ਮਿੰਨੀ ਕਹਾਣੀਆਂ ਕਈ ਭਾਰਤੀ ਭਾਸ਼ਾਵਾਂ ਵਿਚ ਵੀ ਅਨੁਵਾਦ ਹੋ ਚੁੱਕੀਆਂ ਹਨ।
ਗੰਦਾ ਨਾਲਾ
ਬੱਸ ਤੋਂ ਉੱਤਰ ਕੇ ਉਸਨੇ ਬੱਸ ਅੱਡੇ ਵੱਲ ਪੰਛੀ ਝਾਤ ਪਾਈ। ਅੱਡੇ ਤੇ ਅਜੇ ਪੂਰੀ ਰੌਣਕ ਨਹੀਂ ਸੀ ਹੋਈ। ਫਿਰ ਉਹ ਮੇਨ ਸੜਕ ਵੱਲ ਹੋ ਤੁਰੀ। ਸੜਕ ਦੇ ਕਿਨਾਰੇ ਤੇ ਰੁਕ ਕੇ ਉਸਨੇ ਖੱਬੇ-ਸੱਜੇ ਵੇਖਿਆ। ਸੜਕ ਬਿਲਕੁਲ ਵਿਰਾਨ ਸੀ। ਉਸਨੇ ਸੜਕ ਪਾਰ ਕੀਤੀ ਤੇ ਸੜਕ ਦੇ ਖੱਬੇ ਪਾਸੇ, ਨਾਲ-ਨਾਲ ਤੁਰ ਪਈ। ਉਹ ਬਜ਼ਾਰ ਵੱਲ ਜਾ ਰਹੀ ਸੀ।
ਬਜ਼ਾਰ ਸ਼ੁਰੂ ਹੁੰਦਿਆਂ ਹੀ ਉਹ ਕੁਝ ਸੰਭਲ ਕੇ ਤੁਰਨ ਲੱਗ ਪਈ। ਅੱਠ ਸਾਲ ਤੋਂ ਅੱਸੀ ਸਾਲ ਦੀ ਉਮਰ ਤੱਕ ਦੀ ਹਰ ਨਜ਼ਰ ਨੇ ਉਸਨੂੰ ਮੈਲੀ ਅੱਖ ਨਾਲ ਤੱਕਿਆ। ਉਸਦੇ ਸਰੀਰ ਦਾ ਜੁਗਰਾਫੀਆ ਕੀਤਾ। ਕਈਆਂ ਨੇ ਦੋ-ਅਰਥੀ ਆਵਾਜ਼ਾਂ ਵੀ ਕੱਸੀਆਂ। ਪਰ ਉਹ ਚੇਤੰਨ ਹੋਈ ਤੁਰਦੀ ਗਈ। ਉਸਦਾ ਦਫ਼ਤਰ ਬਾਜ਼ਾਰ ਲੰਘ ਕੇ ਚੜਦੇ ਪਾਸੇ ਸਟੇਸ਼ਨ ਵੱਲ ਸੀ। ਉਹ ਤੁਰਦੀ ਗਈ, ਗੰਦੀਆਂ ਆਵਾਜ਼ਾਂ ਉਸਦੇ ਨਾਲ-ਨਾਲ ਛਿੱਟੇ ਬਣ ਕੇ ਟਕਰਾਉਂਦੀਆਂ ਰਹੀਆਂ।
“ਅਸ਼ਕੇ ਰਕਾਨ ਦੇ।” ਇਕ ਫਿੱਡਾ ਜਿਹਾ ਦੁਕਾਨਦਾਰ ਡੱਡੂ ਵਰਗੀ ਗੜੈਂ-ਗੜੈਂ ਵਾਲੀ ਆਵਾਜ਼ ਵਿਚ ਬੋਲਿਆ।
“ਲੈ ਗਈ ਓਏ, ਨਿਰਨੇ ਕਾਲਜੇ ਸਭ ਕੁਸ਼।” ਇਕ ਰੇਹੜੀ ਵਾਲੇ ਨੇ ਕੱਛੂਕੁੰਮੇ ਵਾਂਗ ਧੌਣ ਬਾਹਰ ਕੱਢਦੇ ਆਖਿਆ।
ਨੰਗੀਆਂ ਆਵਾਜ਼ਾਂ ਦਾ ਜਿਵੇਂ ਹੜ ਜਿਹਾ ਆ ਗਿਆ। ਪਰ ਕੁੜੀ ਆਪਣੀ ਚੁੰਨੀ ਸੰਭਾਲਦੀ ਮਟਕ-ਮਟਕ ਕਰਦੀ ਤੁਰਦੀ ਗਈਤੁਰਦੀ ਗਈ।
ਉਸ ਬੱਤਖ ਵਰਗੀ ਕੁੜੀ ਨੇ ਵੇਖਦਿਆਂ-ਵੇਖਦਿਆਂ ਰੋਜ਼ ਵਾਂਗ ਅੱਜ ਵੀ ਗੰਦਾ ਨਾਲਾ ਪਾਰ ਕਰ ਲਿਆ ਸੀ। ਹੁਣ ਉਹ ਆਪਣੇ ਦਫ਼ਤਰ ਵੱਲ ਜਾ ਰਹੀ ਸੀ।
============
ਬੰਧਨ
ਉਹ ਜਦ ਵੀ ਮਿਲਦੇ ਜੱਫੀ ਪਾ ਕੇ ਮਿਲਦੇ। ਉਨਾਂ ਦੀ ਦੋਸਤੀ ਦੇ ਸ਼ਹਿਰ ਵਿਚ ਚਰਚੇ ਹਨ।
“ਦੋਸਤ ਹੋਣ ਤਾਂ ਏਹੋ ਜਿਹੇ।” ਕੋਈ ਕਹਿੰਦਾ।
“ਦੋਸਤ ਤਾਂ ਲਗਦੇ ਹੀ ਨਹੀਂ, ਇੰਜ ਲਗਦੇ ਹਨ ਜਿਵੇਂ ਭਰਾ ਹੋਣ।” ਦੂਜਾ ਕਹਿੰਦਾ।
ਇਕ ਦਿਨ ਜਦ ਉਹ ਮਿਲੇ....
“ਕਿਉਂ ਨਾ ਆਪਾਂ ਸੰਬੰਧੀ ਬਣ ਜਾਈਏ, ਇਸ ਤਰਾਂ ਆਪਣੇ ਬੱਚੇ ਵੀ ਵਰਤਦੇ ਰਹਿ ਜਾਣਗੇ।” ਇਕ ਜਣਾ ਬੋਲਿਆ।
“ਤੂੰ ਤਾਂ ਯਾਰ ਮੇਰੇ ਦਿਲ ਦੀ ਗੱਲ ਕੀਤੀ ਏ।” ਦੂਜਾ ਖੁਸ਼ੀ ਜ਼ਾਹਰ ਕਰਦਾ ਬੋਲਿਆ।
ਗੱਲ ਤਹਿ ਹੋ ਗਈ, ਪੱਕ-ਠੱਕ ਕਰਨ ਦਾ ਦਿਨ ਆ ਗਿਆ।
“ਅੱਜ ਉਨਾਂ ਨੇ ਆਉਣੈ, ਤੇ ਤੁਸੀਂ ਅਜੇ ਤੱਕ ਬਿਸਤਰੇ ਚੋਂ ਨਹੀਂ ਉੱਠੇ” ਪਤਨੀ ਦੀ ਅਵਾਜ਼ ਸੁਣ ਕੇ ਉਹ ਅੰਗੜਾਈ ਲੈਂਦਾ ਬੋਲਿਆ, “ਉਹ ਕਿਹੜਾ ਓਪਰੇ ਨੇ, ਮੇਰਾ ਦੋਸਤ ਹੀ ਤਾਂ ਹੈ।”
“ਕੁਝ ਵੀ ਹੋਵੇ, ਹੁਣ ਉਹ ਗੱਲ ਤੇ ਨਹੀਂ, ਅਸੀਂ ਧੀ ਵਾਲੇ ਆਂ”, ਉਹ ਚੁੰਨੀ ਸੰਭਾਲਦੀ ਬੋਲੀ।
ਉਹ ਸੋਚੀਂ ਪੈ ਗਿਆ ਸੀ।
“ਇਹ ਕੀ, ਕੱਪੜੇ ਤਾਂ ਚੱਜ ਦੇ ਪਾ ਲਵੋ?” ਉਸ ਦੀ ਪਤਨੀ ਨੇ ਕਿਹਾ।
“ਕੱਪੜਿਆਂ ਨੂੰ ਕੀ ਐ, ਉਹ ਕਿਤੇ ਆਪਾਂ ਨੂੰ ਭੁੱਲੇ ਹੋਏ ਨੇ, ਦੋਸਤ ਦੇ ਘਰ ਹੀ ਤਾਂ ਜਾ ਰਹੇ ਹਾਂ।”
“ਉਹ ਗੱਲ ਹੋਰ ਸੀ ਹੁਣ ਆਪਾਂ ਕੁੜਮਾਂ-ਜੁੜਮਾਂ ਵਾਲੇ ਆਂ ... ਮੁੰਡੇ ਵਾਲੇ ਆਂ”, ਪਤਨੀ ਨੇ ਰੇਸ਼ਮੀ ਸਾੜੀ ਦਾ ਪੱਲੂ ਲਹਿਰਾਉਂਦੇ ਹੋਏ ਕਿਹਾ।
“ਠੀਕ ਹੈ, ਠੀਕ ਹੈ, ਮੇਰੀ .... ਜਾਨ।” ਉਹ ਮੁੱਛਾ ਤੇ ਹੱਥ ਫੇਰਦਾ ਬੋਲਿਆ।
ਸਾਰੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿਚ ਠਾਕੇ ਦੀ ਰਸਮ ਹੋ ਗਈ। ਵਧਾਈਆਂ ਮਿਲਣ ਲੱਗੀਆਂ। ਵਿਦਾ ਹੋਣ ਵੇਲੇ ਦੋਵੇਂ ਦੋਸਤ ਖੁਸ਼ੀ ਤੇ ਉਤਸ਼ਾਹ ਨਾਲ ਜੱਫੀ ਪਾ ਕੇ ਮਿਲੇ।
ਪਰ ਦੋਹਾਂ ਨੇ ਮਹਿਸੂਸ ਕੀਤਾ ਕਿ ਉਨਾਂ ਦੀ ਜੱਫੀ ਵਿਚ ਪਹਿਲਾਂ ਜਿਹਾ ਨਿੱਘ ਨਹੀਂ ਸੀ।
============
ਕੱਚੀ ਮਿੱਟੀ
ਗਲੀਆਂ-ਬਾਜ਼ਾਰਾਂ ਵਿਚ ਰੌਣਕਾਂ ਸਨ। ਪੋਸਟਰਾਂ ਝੰਡੀਆਂ ਨਾਲ ਗਲੀਆਂ ਤੇ ਬਾਜ਼ਾਰ ਸਜਾਏ ਜਾ ਰਹੇ ਸਨ।
ਇੱਕ ਸ਼ਾਮ ਸ਼ਾਂਤ ਜਿਹੀ ਆਬਾਦੀ ਵਾਲੇ ਮੁਹੱਲੇ ਵਿਚ ਰੋਜ਼ ਵਾਂਗ ਬੱਚੇ ਖੇਡ ਰਹੇ ਸਨ। ਗਲੀ ਵਿਚ ਤਾਜ਼ੀ ਮਿੱਟੀ-ਰੇਤ ਦੇ ਢੇਰ ਵਿੱਚੋਂ ਰੇਤ ਦੇ ਘਰ ਬਣਾਉਣ ਦੀ ਖੇਡ। ਆਪਣੀ ਖੇਡ ਵਿਚ ਮਸਤ ਬੱਚੇ ਜਿਵੇਂ ਫੁੱਲਾਂ ਦੀ ਬਗੀਚੀ ਹੋਣ, ਜਿਸ ਵਿਚ ਤਰਾਂ-ਤਰਾਂ ਦੇ ਫੁੱਲ ਖਿੜੇ ਹੋਣ।
ਅਚਾਨਕ ਚੋਣ ਪ੍ਰਚਾਰ ਕਰਦੇ ਦੋ ਪਾਰਟੀਆਂ ਦੇ ਪ੍ਰਚਾਰਕ ਉਸ ਗਲੀ ਵਿਚ ਆ ਧਮਕੇ ਤੇ ਲੱਗੇ ਪੋਸਟਰ ਤੇ ਝੰਡੇ ਵੰਡਣ। ਬੱਚਿਆਂ ਦੀ ਖੇਡ ਰੁਕ ਗਈ। ਚੋਣ ਪ੍ਰਚਾਰ ਵਾਲੇ ਅੱਗੇ ਨਿਕਲ ਗਏ।
“ਚਲੋ ਝੰਡਾ-ਝੰਡਾ ਖੇਡੀਏ।” ਇਕ ਬੱਚਾ ਬੋਲਿਆ।
“ਚਲੋ ਚਲੋ” ਬੱਚੇ ਟਪੂਸੀਆਂ ਮਾਰਨ ਲੱਗੇ।
“ਜਿੱਤੂਗਾ ਬਈ ਜਿੱਤੂਗਾ ਸਾਈਕਲ ਵਾਲਾ”
“ਨਹੀਂ ਓਏ, ਜਿੱਤੂਗਾ ਬਈ ਜਿੱਤੂਗਾ ਛਤਰੀ ਵਾਲਾ”
“ਨਹੀਂ ਸਾਈਕਲ”
“ਨਹੀਂ ਛਤਰੀ”
“ਇਨਕਲਾਬ ਜ਼ਿੰਦਾਬਾਦ!” ਇੱਕ ਹੋਰ ਆਵਾਜ਼।
“ਇਹ ਕੋਈ ਇਨਕਲਾਬ ਵਾਲੇ ਥੋੜੀ ਐ ਇਹ ਤਾਂ ਦੂਜੇ ਆ।” ਇੱਕ ਬੱਚੇ ਨੇ ਮੋੜਾ ਦਿੱਤਾ।
ਬੱਚੇ ਆਪਸ ਵਿਚ ਜਿੱਦ ਪਏ, ਰੁੱਸ ਕੇ ਭਾਰੇ ਕਦਮੀਂ ਗਲੀ ਵਿਚ ਆ ਗਏ। ਉਹਨਾਂ ਦੀ ਖੇਡ ਇਕ ਵਾਰ ਫਿਰ ਰੁਕ ਗਈ।
ਥੋੜਾ ਚਿਰ ਚੁੱਪ ਰਹਿਣ ਪਿੱਛੋਂ ਇਕ ਜਣਾ ਬੋਲਿਆ, “ਬੰਟੀ ਨੇ ਫੜਿਆ ਸੀ ਡੰਡਾ।”
“ਕਦੋਂ ਰੌਕੀ ਨੇ”
“ਚਲੋ ਛੱਡੋਅਸੀਂ ਨਹੀਂ ਖੇਡਣੀ ਇਹ ਗੰਦੀ ਖੇਡ, ਵੱਡਿਆਂ ਵਾਲੀ।”
ਬੱਚੇ ਫਿਰ ਆਪਣੀ ਖੇਡ ਵਿਚ ਮਸਤ ਸਨ।
============
ਚੱਕਰਵਿਊ
ਰਾਮ ਬਿਲਾਸ ਆਪਣੀ ਜਿੱਦ ’ਤੇ ਕਾਇਮ ਸੀ। ਉਸਨੂੰ ਕਈ ਢੰਗਾਂ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਸਭ ਬੇਕਾਰ ਸੀ। ਅੱਜ ਮੰਦਰ ਦੇ ਅਹਾਤੇ ਵਿਚ ਮੰਦਰ ਕਮੇਟੀ ਅਤੇ ਹੋਰ ਆਗੂਆਂ ਦਾ ਫਿਰ ਇਕੱਠ ਕੀਤਾ ਗਿਆ ਸੀ। ਮੰਦਰ ਦੇ ਅਹਾਤੇ ਦਾ ਵਿਸਥਾਰ ਹੋ ਰਿਹਾ ਸੀ। ਨਾਲ ਲੱਗਦੇ ਬਹੁਤੇ ਘਰ ਯੋਗ ਮੁਆਵਜ਼ਾ ਦੇ ਕੇ ਉਠਾ ਦਿੱਤੇ ਗਏ ਸਨ।
ਰਾਮ ਬਿਲਾਸ ਦਾ ਮਕਾਨ ਅੜਿਕਾ ਬਣਿਆ ਹੋਇਆ ਸੀ। ਜੇ ਰਾਮ ਬਿਲਾਸ ਮੰਦਰ ਨੂੰ ਜਗਾ ਦੇ ਦੇਵੇ ਤਾਂ ਮੰਦਰ ਦਾ ਅਹਾਤਾ ਚੌਰਸ ਹੋ ਜਾਣਾ ਸੀ। ਜਿੱਥੇ ਬਹੁਤ ਵੱਡਾ ਕਥਾ ਹਾਲ ਬਣਾਉਣ ਦੀ ਯੋਜਨਾ ਸੀ।
“ਹਾਂ ਫਿਰ ਕੀ ਸੋਚਿਆ ਰਾਮ ਬਿਲਾਸ ਜੀ?” ਮੰਦਰ ਕਮੇਟੀ ਦੇ ਪ੍ਰਧਾਨ ਦੀ ਆਵਾਜ ਪਹਿਲਾਂ ਨਾਲੋਂ ਰੁੱਖੀ ਸੀ।
“ਮੈਂ ਕਿਉਂ ਉੱਠਾਂ, ਮੇਰੇ ਪੁਰਖਿਆਂ ਦਾ ਘਰ ਹੈ, ਉਹ ਏਥੇ ਜੰਮੇ-ਮਰੇ। ਮੇਰੀ ਇੱਛਾ ਵੀ ਏਹੋ ਹੀ ਹੈ। ਜੀਂਦੇ ਜੀਅ ਮੈਂ ਇਹ ਘਰ ਨਹੀਂ ਛੱਡਾਂਗਾ।”
“ਪਰ ਤੈਨੂੰ ਮੁੱਲ ਵੀ ਤਾਂ ਦੂਜੇ ਲੋਕਾਂ ਤੋਂ ਦੁਗਣਾ ਦੇ ਰਹੇ ਹਾਂ।” ਇਕ ਮੈਂਬਰ ਨੇ ਕਾਹਲੀ ਆਵਾਜ ਵਿਚ ਕਿਹਾ।
“ਧਰਮ-ਕਰਮ ਦੇ ਕੰਮ ਵਿਚ ਰੋੜਾ ਨਹੀਂ ਬਣੀਦਾ।” ਇਕ ਹੋਰ ਆਵਾਜ ਉੱਭਰੀ।
“ਲੋਕ ਤਾਂ ਏਹੋ ਜਿਹੇ ਕੰਮਾਂ ਲਈ ਜ਼ਮੀਨਾਂ ਦਾਨ ਕਰ ਦਿੰਦੇ ਨੇ।” ਕਿਸੇ ਦਾਨੀ ਨੇ ਕਿਹਾ।
“ਸਮਾਜ ਵਿਚ ਤੇਰਾ ਮਾਣ ਵਧੇਗਾ।” ਕੋਈ ਹੋਰ ਸਮਝਾਉਣ ਦਾ ਯਤਨ ਕਰ ਰਿਹਾ ਸੀ।
ਰਾਮ ਬਿਲਾਸ ਨੂੰ ਘਰ ਉਜੜਦਾ ਦਿੱਸ ਰਿਹਾ ਸੀ। ਉਹ ਉਦਾਸ ਹੋਇਆ ਬੈਠਾ ਸੀ।
ਮੌਕਾ ਵੇਖ ਕੇ ਕਿਸੇ ਨੇ ਸੱਟ ਮਾਰੀ, ਲੋਹਾ ਗਰਮ ਸੀ, ਸੱਟ ਥਾਂ ਸਿਰ ਵੱਜੀ।
“ਕੱਲ ਕਲੋਤਰ ਨੂੰ ਕੋਈ ਘਟਨਾ ਵਾਪਰ ਗਈ ਜੇ ਤੇਰੇ ਨਾਲ, ਲੋਕਾਂ ਇਹੀ ਕਹਿਣਾ ਐ ਕਿ ਵੇਖੋ ਰਾਮ ਬਿਲਾਸ ਨੇ ਧਰਮ ਦੇ ਕੰਮ ਵਿਚ ਰੁਕਾਵਟ ਪਾਈ ਸੀ। ਇਹਨੂੰ ਮਿਲਗੀ ਨਾ ਸਜ਼ਾ।”
ਇਸ ਧਾਰਮਿਕ ਕਿਸਮ ਦੇ ਬੰਦੇ ਦੇ ਬੋਲ ਉਸਨੂੰ ਵਿੰਨ ਗਏ ਸਨ। ਵਿਚਾਰੇ ਰਾਮ ਬਿਲਾਸ ਨੂੰ ਜਵਾਬ ਦੇਣਾ ਹੁਣ ਹੋਰ ਵੀ ਮੁਸ਼ਕਿਲ ਲੱਗ ਰਿਹਾ ਸੀ।
============
ਮਖੌਲ
ਮਿਲਣੀ ਦੀ ਰਸਮ ਹੋ ਚੁੱਕੀ ਸੀ। ਕੁੜੀ ਦਾ ਬਾਪ ਹਰ ਇੱਕ ਨੂੰ ਪੈਸਿਆਂ ਦੇ ਨਾਲ ਨਾਲ ਕੁਝ ਨਾ ਕੁਝ ਦੇ ਚੁੱਕਾ ਸੀ। ਕਿਸੇ ਨੂੰ ਕੰਬਲ ਉੱਤੇ ਸੌ ਰੁਪਈਆ, ਕਿਸੇ ਨੂੰ ਪੰਜਾਹ ਤੇ ਕਿਸੇ ਨੂੰ ਮੁੰਦਰੀ ਨਾਲ ਕੰਬਲ। ਇਸ ਤੋਂ ਪਹਿਲਾਂ ਕੁਆਰ-ਧੋਤੀ ਦੀ ਰਸਮ ਵੀ ਹੋਈ ਸੀ। ਮੁੰਡੇ ਦੀ ਭੈਣ ਤੇ ਜੀਜੇ ਦੀ ਝੋਲੀ ਵਿੱਚ ਸੌ-ਸੌ ਰੁਪਈਆ ਪਾਇਆ ਗਿਆ ਸੀ। ਇੰਜ ਲਗਦਾ ਸੀ, ਕੁੜੀ ਦਾ ਬਾਪ ਅੱਜ ਬਲੀ ਦਾ ਬਕਰਾ ਬਣਿਆ ਹੋਇਆ ਹੈ। ਸ਼ਗਨ ਵਿੱਚ ਉਸਨੇ ਸਕੂਟਰ ਦਿੱਤਾ ਸੀ। ਪਰ ਵਿਚੋਲੇ ਰਾਹੀਂ ਮੁੰਡੇ ਵਾਲਿਆਂ ਨੇ ਏਅਰ-ਕੰਡੀਸ਼ਨਰ ਦੀ ਵੀ ਮੰਗ ਕਰ ਲਈ ਸੀ। ਵਿਆਹ-ਸ਼ਾਦੀ ਵਿੱਚ ਤਾਂ ਖੁਸ਼ੀ ਨਾਲ ਦੇਣ ਦਾ ਵੀ ਬੋਝ ਹੀ ਹੁੰਦਾ ਹੈ ਤੇ ਮੰਗ ਪੂਰੀ ਕਰਨੀ ਤਾਂ ਹੋਰ ਵੀ ਦੁਖਦਾਈ ਹੋ ਜਾਂਦੀ ਹੈ।
ਰਾਮ ਲਾਲ ਦੀ ਵੱਡੀ ਲੜਕੀ ਨੇ ਬਿਨਾਂ ਦਾਜ ਤੋਂ ਵਿਆਹ ਕਰਵਾਇਆ ਸੀ, ਆਪਣੇ ਆਪ। ਉਹ ਬਾਪ ਨੂੰ ਹੌਂਸਲਾ ਵੀ ਦੇ ਰਹੀ ਸੀ
ਭੱਜ-ਨੱਠ ਵੀ ਕਰ ਰਹੀ ਸੀ। ਦੋ-ਚਾਰ ਹਜ਼ਾਰ ਦਾ ਇੱਧਰ-ਉੱਧਰ ਲੱਗਣਾ ਕੋਈ ਖਾਸ ਗੱਲ ਨਹੀਂ ਹੁੰਦੀ। ਪਰ ਵੀਹ-ਬਾਈ ਹਜ਼ਾਰ ਦਾ ਅਚਾਨਕ ਖਰਚ ਜਦੋਂ ਪੈਸੇ-ਪੈਸੇ ਦੀ ਲੋੜ ਹੋਵੇ। ਵੱਡੀ ਕੁੜੀ ਨੇ ਬਾਪ ਨੂੰ ਸਮਝਾਇਆ, ਹੌਂਸਲਾ ਦਿੱਤਾ, “ਬਾਪੂ ਜੀ, ਜੇ ਮੇਰੇ ਵਿਆਹ ਤੇ ਤੁਸੀਂ ਦਾਜ ਦੇਂਦੇ ਤਾਂ ਕੀ ਖਰਚ ਨਾ ਹੁੰਦਾ? ਸਮਝ ਲਵੋ ਕਿ ਏਅਰ ਕੰਡੀਸ਼ਨਰ ਦਾ ਖਰਚ ਇੱਧਰ ਆ ਗਿਆ।” ਪਰ ਬਾਪ ਨੂੰ ਚੈਨ ਕਿੱਥੇ। ਇਹ ਤਾਂ ਕਰਨਾ ਹੀ ਸੀ, ਸੋ ਕਰਨਾ ਪਿਆ। ਧੀ ਤੋਂ ਬਾਪ ਦੀ ਬੇਚੈਨੀ ਦੇਖੀ ਨਹੀਂ ਸੀ ਜਾ ਰਹੀ । ਉਹ ਦੇਖ ਰਹੀ ਸੀ ਕਿ ਉਸਦਾ ਬਾਪ ਅੰਦਰੋਂ ਟੁੱਟਿਆ ਪਿਆ ਹੈ।
ਹੁਣ ਰਿਬਨ ਕੱਟਣ ਦੀ ਰਸਮ ਸੀ। ਕੁੜੀਆਂ ਰਿਬਨ ਬੰਨੀ ਖੜੀਆਂ ਸਨ। ਰਾਮ ਲਾਲ ਦੀ ਵੱਡੀ ਕੁੜੀ ਸਭ ਤੋਂ ਮੂਹਰੇ ਸੀ। ਇਹ ਰਸਮ ਉਸੇ ਨਾਲ ਸੰਬੰਧਿਤ ਸੀ। ਮੁੰਡੇ ਨੇ ਰਿਬਨ ਕੱਟਿਆ ਤੇ ਸੌ ਰੁਪਿਆ ਥਾਲੀ ਵਿੱਚ ਵਗਾਹ ਮਾਰਿਆ।
“ਇੰਨੇ ਨਾਲ ਨਹੀਂ ਚਲਣਾ ਜੀਜਾ ਜੀ,” ਕੁੜੀ ਨੇ ਅੱਖਾਂ ਮਟਕਾ ਕੇ ਕਿਹਾ।
“ਹੋਰ ਕਿੰਨੇ ਨਾਲ ਸਰੇਗਾ, ਸਾਲੀ ਸਾਹਿਬਾ?”
“ਇੱਕ ਲੱਖ।” ਕੁੜੀ ਦੀ ਮੁਸਕਰਾਹਟ ਮੁੰਡੇ ਨੂੰ ਅੰਦਰ ਤੱਕ ਹਿਲਾ ਗਈ।
“ਭੈਣ ਜੀ, ਮਖੌਲ ਤਾਂ ਨਹੀਂ ਕਰ ਰਹੇ?” ਮੁੰਡਾ ਬੋਲਿਆ।
“ਜੇ ਤੁਸੀਂ ਏਅਰ ਕੰਡੀਸ਼ਨਰ ਮਖੌਲ ਨਾਲ ਮੰਗਿਆ ਹੈ ਤਾਂ ਸਮਝੋ ਮੈਂ ਵੀ।”
“ਹੈਂ!” ਮੁੰਡੇ ਨੇ ਸੋਚਿਆ ਸੀ, ਸਾਲੀ ਸ਼ਾਇਦ ਮਖੌਲ ਕਰ ਰਹੀ ਹੈ। ਪਰ ਉਹ ਤਾਂ ਗੰਭੀਰ ਸੀ।
ਰੌਲਾ ਪੈ ਗਿਆ। ਕੁੜੀਆਂ ਲੰਘਣ ਨਹੀਂ ਦੇ ਰਹੀਆਂ ਸਨ। ਗੱਲ ਵਧ ਗਈ। ਮੁੰਡੇ ਦੇ ਬਾਪ ਨੂੰ ਪਤਾ ਲੱਗਾ ਤਾਂ ਉਹ ਗੁੱਸੇ ਵਿੱਚ ਬੋਲਿਆ, “ਰਾਹ-ਰਾਹ ਦੀ ਗੱਲ ਕਰੋ ਬੀਬਾ। ਜਿੰਨਾ ਸ਼ਗਨ ਵਿਹਾਰ ਬਣਦਾ ਹੈ ਲੈ ਲਵੋ।”
“ਇਹ ਰਾਹ ਮਾਸੜ ਜੀ, ਥੋਡੇ ਵਰਗਿਆਂ ਦੇ ਹੀ ਬਣਾਏ ਹੋਏ ਹਨ। ਤੁਸੀਂ ਕਦ ਸਾਡੇ ਨਾਲ ਰਾਹ ਦੀ।” ਕੁੜੀ ਗੁੱਸੇ ਵਿੱਚ ਸੀ। ਪਰ ਕੁੜੀ ਦੇ ਬਾਪ ਨੇ ਗੱਲ ਸੰਭਾਲ ਲਈ ਸੀ। ਆਖਰ ਕੁੜੀ ਵੀ ਢਲ ਗਈ ਸੀ।
“ਜੀਜਾ ਜੀ, ਮੈਂ ਤਾਂ ਦਸ ਰੁਪੈ ਲਵਾਂਗੀ। ਸਿਰਫ ਦਸ ਰੁਪੈ। ਮੈਂ ਤਾਂ ਦੇਖਣਾ ਸੀ, ਤੁਹਾਡੇ ਤੇ ਕੀ ਗੁਜਰਦੀ ਹੈ ਜਦ ਅਚਾਨਕ।” ਕੁੜੀ ਪਿੱਛੇ ਹਟ ਗਈ ਸੀ।
ਬਰਾਤੀ ਲੰਘ ਰਹੇ ਸਨ। ਪਰ ਕੁਝ ਬਰਾਤੀਆਂ ਨੂੰ ਕੁੜੀ ਨੇ ਸੋਚਣ ਲਈ ਮਜਬੂਰ ਕਰ ਦਿੱਤਾ ਸੀ।
=============
ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ
#46, ਇੰਪਲਾਈਜ਼ ਕਾਲੋਨੀ, ਬਰੇਟਾ, ਜਿਲਾ ਮਾਨਸਾ (ਪੰਜਾਬ) – 151501
ਮੋਬਾਈਲ: 95018 77033
ਈਮੇਲ: jagdishkulrian@gmail.com