ਭੱਠਾ ਮਾਲਕਾਂ ਸਰਕਾਰ ਵੱਲੋਂ ਕੋਵਿਡ-19 ਅਧੀਨ ਜਾਰੀ ਹਦਾਇਤਾਂ ਦੀ ਪਾਲਣਾ ਕਰਨ
ਫਾਜ਼ਿਲਕਾ ਦੇ ਜ਼ਿਲ੍ਹਾ ਮੈਜਿਸਟਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਇਕ ਹੁਕਮ ਰਾਹੀਂ ਦੱਸਿਆ ਕਿ ਸਰਕਾਰ ਵੱਲੋਂ ਆਮ ਜਨਤਾ ਨੂੰ ਮਹਾਂਮਾਰੀ ਤੋਂ ਬਚਾਉਣ ਲਈ ਸਾਵਧਾਨੀ ਵਰਤਦੇ ਹੋਏ ਸੂਬੇ ਵਿੱਚ ਤਾਲਾਬੰਦੀ ਦੇ ਨਾਲ-ਨਾਲ ਕਰਫਿਊ ਵੀ ਜਾਰੀ ਰੱਖਿਆ ਗਿਆ ਹੈ।
ਜ਼ਿਲ੍ਹਾ ਫ਼ਾਜ਼ਿਲਕਾ ਵਿਚ ਸਥਾਪਤ ਇੱਟਾਂ ਦੇ ਭੱਠੇ ਪਹਿਲਾਂ ਹੀ ਚੱਲ ਰਹੇ ਹਨ, ਪਰ ਭੱਠਾ ਐਸੋਸੀਏਸ਼ਨ ਵੱਲੋਂ ਮੰਗ ਕੀਤੀ ਹੈ ਕਿ ਕੁਝ ਥਾਵਾਂ ’ਤੇ ਉਸਾਰੀ ਦਾ ਕੰਮ ਚੱਲਦਾ ਹੋਣ ਕਰਕੇ ਇੱਟਾਂ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਭੱਠਾ ਮਾਲਕਾਂ ਨੂੰ ਇੱਟਾਂ ਦੀ ਸਪਲਾਈ ਕਰਨ ਵਿਚ ਕਾਫੀ ਮੁਸ਼ਕਲ ਆ ਰਹੀ ਹੈ। ਭੱਠਾ ਐਸੋਸੀਏਸ਼ਨ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਫ਼ਾਜਿਲਕਾ ਵਿੱਚ ਭੱਠਾ ਮਾਲਕਾਂ ਨੂੰ ਸਵੇਰੇ 5 ਤੋਂ ਸਵੇਰੇ 11 ਵਜੇ ਤੱਕ ਇੱਟਾਂ ਸਪਲਾਈ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ।
ਜਾਰੀ ਹੁਕਮਾਂ ਵਿੱਚ ਸ. ਸੰਧੂ ਨੇ ਹਦਾਇਤ ਕਰਦਿਆਂ ਕਿਹਾ ਕਿ ਇੱਟਾਂ ਦੀ ਸਪਲਾਈ ਕਰਨ ਵਾਲੇ ਵਹੀਕਲ ਦੇ ਡਰਾਈਵਰ ਤੋਂ ਇਲਾਵਾ ਸਿਰਫ਼ ਲੇਬਰ ਵਾਲੇ ਦੋ ਵਿਅਕਤੀਆਂ ਨੂੰ ਜਾਣ ਦੀ ਆਗਿਆ ਹੋਵੇਗੀ। ਭੱਠਾ ਮਾਲਕਾਂ ਵੱਲੋਂ ਭੱਠੇ ’ਤੇ ਕੰਮ ਕਰਨ ਵਾਲੇ ਸਮੂਹ ਕਾਮਿਆਂ ਅਤੇ ਇੱਟਾਂ ਸਪਲਾਈ ਕਰਨ ਵਾਲੇ ਡਰਾਈਵਰਾਂ/ਕਾਮਿਆਂ ਨੂੰ ਸਰਕਾਰ ਵੱਲੋਂ ਅਤੇ ਉਨ੍ਹਾਂ ਵੱਲੋਂ ਕੋਵਿਡ-19 ਅਧੀਨ ਜਾਰੀ ਕੀਤੀਆਂ ਹੋਈਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਨਾਉਣਗੇ।
ਇਸ ਤੋਂ ਇਲਾਵਾ ਇਕ ਡਰਾਈਵਰ ਅਤੇ ਲੇਬਰ ਵਾਲੇ ਦੋ ਵਿਅਕਤੀਆਂ ਦੀ ਮੈਡੀਕਲ ਜਾਂਚ ਹੋਣ ਉਪਰੰਤ ਹੀ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਫ਼ਾਜ਼ਿਲਕਾ ਵੱਲੋਂ ਕਰਫਿਊ ਪਾਸ ਜਾਰੀ ਕੀਤਾ ਜਾਵੇਗਾ।