ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਾ ਪ੍ਰੀਤਮ ਦੇ ਜੀਵਨ ਦਾ ਵਿਲੱਖਣ ਪਿਆਰ - ਇਮਰੋਜ਼

ਅੰਮ੍ਰਿਤਾ ਪ੍ਰੀਤਮ ਦੇ ਜੀਵਨ ਦਾ ਵਿਲੱਖਣ ਪਿਆਰ - ਇਮਰੋਜ਼

[ਪੰਜਾਬੀ ਦੀ ਅਜ਼ੀਮ ਲੇਖਿਕਾ ਅੰਮ੍ਰਿਤਾ ਪ੍ਰੀਤਮ (31 ਅਗਸਤ, 1919 ਤੋਂ 31 ਅਕਤੂਬਰ, 2005) ਦੀ ਜਨਮ-ਸ਼ਤਾਬਦੀ ਵਰ੍ਹੇ ਦੀ ਸ਼ੁਰੂਆਤ ਨੂੰ ਸਮਰਪਿਤ]

 

ਅੰਮ੍ਰਿਤਾ ਪ੍ਰੀਤਮ ਪਹਿਲਾਂ ਨਿੱਕੀ ਉਮਰੇ ਹੀ ਪਿਆਰ-ਵਿਹੂਣੇ ਵਿਆਹ `ਚ ‘ਫਸ ਗਏ` ਸਨ। ਫਿਰ ਪਹਿਲਾਂ ਉਨ੍ਹਾਂ ਉਰਦੂ ਸ਼ਾਇਰ ਸਾਹਿਰ ਲੁਧਿਆਣਵੀ ਨਾਲ ਇਸ਼ਕ ਕਰਨ ਦਾ ਜੇਰਾ ਕੀਤਾ ਤੇ ਬਾਅਦ `ਚ ਉਨ੍ਹਾਂ ਸਾਰਾ ਜੀਵਨ ਇਮਰੋਜ਼ ਨਾਲ ਬਿਤਾਇਆ। ਉਨ੍ਹਾਂ ਦਾ ਪਹਿਲਾ ਪਿਆਰ ਤਾਂ ਪ੍ਰਵਾਨ ਨਾ ਚੜ੍ਹ ਸਕਿਆ ਪਰ ਉਨ੍ਹਾਂ ਆਪਣਾ ਬਹੁਤਾ ਜੀਵਨ ਆਪਣੇ ਪਿਆਰੇ ਸਾਥੀ ਇਮਰੋਜ਼ ਨਾਲ ਹੀ ਬਿਤਾਇਆ। ਇਹ ਰਿਸ਼ਤਾ ਉਹੀ ਸੀ, ਜਿਸ ਨੂੰ ਅੱਜ ‘ਲਿਵਿੰਗ-ਇਨ` ਆਖਦੇ ਹਨ ਪਰ ਉਨ੍ਹਾਂ ਲਈ ਇਹ ਸਬੰਧ ਅਥਾਹ ਪਿਆਰ ਨਾਲ ਭਰਪੂਰ ਰਿਹਾ।


ਅੰਮ੍ਰਿਤਾ ਪ੍ਰੀਤਮ ਹੁਰਾਂ ਨੇ ਹਿਮਰੋਜ਼ ਨਾਲ ਪਹਿਲੀ ਮੁਲਾਕਾਤ ਤੋਂ ਬਾਅਦ ਇੱਕ ਕਵਿਤਾ ਲਿਖੀ ਸੀ - ‘ਸ਼ਾਮ ਕਾ ਫੂਲ`। ਇਸ ਵਿੱਚ ਉਨ੍ਹਾਂ ਆਪਣਾ ਇਹੋ ਅਹਿਸਾਸ ਪ੍ਰਗਟਾਇਆ ਕਿ ਇਮਰੋਜ਼ ਉਨ੍ਹਾਂ ਨੂੰ ਜੀਵਨ `ਚ ਬਹੁਤ ਦੇਰੀ ਨਾਲ ਮਿਲਿਆ ਸੀ। ਇਮਰੋਜ਼ ਦਰਅਸਲ ਉਮਰ `ਚ ਅੰਮ੍ਰਿਤਾ ਤੋਂ 10 ਵਰ੍ਹੇ ਛੋਟੇ ਹਨ। ਅੰਮ੍ਰਿਤਾ ਦਾ ਵਿਆਹ ਲਾਹੌਰ ਦੇ ਕੱਪੜੇ ਦੇ ਇੱਕ ਵਪਾਰੀ ਪ੍ਰੀਤਮ ਸਿੰਘ ਕਵਾਤਰਾ ਨਾਲ ਹੋਇਆ ਸੀ ਅਤੇ ਦੇਸ਼ ਦੀ ਵੰਡ ਤੋਂ ਬਾਅਦ ਪਰਿਵਾਰ ਦਿੱਲੀ ਆ ਵਸਿਆ ਸੀ।


ਅੰਮ੍ਰਿਤਾ ਪ੍ਰੀਤਮ ਆਲ ਇੰਡੀਆ ਰੇਡੀਓ `ਤੇ ਸ਼ਾਮ ਵੇਲੇ ਪੰਜਾਬੀ ਪ੍ਰੋਗਰਾਮ ਪੇਸ਼ ਕਰਨ ਲਈ ਜਾਂਦੇ ਹੁੰਦੇ ਸਨ ਤੇ ਹਰ ਸ਼ਾਮ ਇਮਰੋਜ਼ ਉਨ੍ਹਾਂ ਨੂੰ ਆਪਣੇ ਘਰ ਦੀ ਛੱਤ ਤੋਂ ਤੱਕਦੇ ਸਨ। ਅੰਮ੍ਰਿਤਾ ਰੋਜ਼ ਬੱਸ ਰਾਹੀਂ ਰੇਡੀਓ ਸਟੇਸ਼ਨ ਪੁੱਜਦੇ ਸਨ ਪਰ ਇਮਰੋਜ਼ ਨੂੰ ਇਹ ਸਭ ਚੰਗਾ ਨਹੀਂ ਲੱਗਦਾ ਸੀ।


ਇਮਰੋ਼ਜ, ਜੋ ਹੁਣ 93 ਵਰ੍ਹਿਆਂ ਦੇ ਹੋ ਚੁੱਕੇ ਹਨ, ਨੇ ਦੱਸਿਆ,‘‘ਮੇਰੇ ਕੋਲ ਤਦ ਇੱਕ ਸਾਇਕਲ ਹੁੰਦਾ ਸੀ ਤੇ ਮੈਂ ਪੈਸੇ ਬਚਾਉਣੇ ਸ਼ੁਰੂ ਕਰ ਦਿੱਤੇ ਤੇ ਛੇਤੀ ਹੀ ਇੱਕ ਸਕੂਟਰ ਖ਼ਰੀਦ ਲਿਆ। ਮੈਂ ਅੰਮ੍ਰਿਤਾ ਨੂੰ ਮਿਲਿਆ ਤੇ ਕਿਹਾ ਕਿ ਹੁਣ ਮੈਂ ਤੁਹਾਨੂੰ ਸਕੂਟਰ `ਤੇ ਰੇਡੀਓ ਸਟੇਸ਼ਨ ਛੱਡ ਕੇ ਆਇਆ ਕਰਾਂਗਾ। ਤਦ ਉਨ੍ਹਾਂ ਮੇਰੇ ਵੱਲ ਤੱਕਦਿਆਂ ਆਖਿਆ ਸੀ,‘‘ਤੂੰ ਮੈਨੂੰ ਇੰਨਾ ਦੇਰੀ ਨਾਲ ਕਿਉਂ ਮਿਲਿਆ ਹੈਂ।`` ਮੈਂ ਜਵਾਬ ਦਿੱਤਾ ਕਿ ਹੋ ਸਕਦਾ ਹੈ ਕਿ ਮੈਨੂੰ ਦੇਰੀ ਹੋ ਗਈ ਹੋਵੇ, ਮੈਂ ਥੋੜ੍ਹਾ ਦੇਰੀ ਨਾਲ ਇਸ ਦੁਨੀਆ `ਚ ਆਇਆ ਸਾਂ ਤੇ ਮੇਰੇ ਕੋਲ ਪੈਸਾ ਵੀ ਥੋੜ੍ਹਾ ਦੇਰੀ ਨਾਲ ਹੀ ਆਇਆ ਸੀ।``


ਇਸ ਤੋਂ ਬਾਅਦ ਇਮਰੋਜ਼ ਰੋਜ਼ ਅੰਮ੍ਰਿਤਾ ਨੂੰ ਘਰੋਂ ਲੈਣ ਜਾਂਦੇ ਤੇ ਫਿਰ ਰੇਡੀਓ ਸਟੇਸ਼ਨ ਛੱਡਦੇ। ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਫਿਰ ਉਨ੍ਹਾਂ ਨੂੰ ਉੱਥੋਂ ਲੈਂਦੇ ਤੇ ਘਰ ਛੱਡ ਕੇ ਆਉਂਦੇ। ਇਹ ਸਿਲਸਿਲਾ ਰੋਜ਼ਾਨਾ ਚੱਲਦਾ ਰਿਹਾ।


ਇਮਰੋਜ਼ ਹੁਰਾਂ ਅੱਗੇ ਦੱਸਿਆ,‘‘ਮੈਂ ਅਕਸਰ ਅੰਮ੍ਰਿਤਾ ਦੀ ਰਿਹਾਇਸ਼ਗਾਹ `ਤੇ ਉਨ੍ਹਾਂ ਨੂੰ ਲੈਣ ਜਾਂਦਾ ਸਾਂ ਤੇ ਇੱਕ ਸ਼ਾਮ ਮੈਂ ਉਨ੍ਹਾਂ ਦੇ ਪਤੀ ਨੁੰ ਮਿਲਿਆ। ਉਨ੍ਹਾਂ ਆਖਿਆ ਕਿ ਮੈਂ ਤੇਰਾ ਧੰਨਵਾਦੀ ਹਾਂ ਕਿਉਂਕਿ ਜਦੋਂ ਦਾ ਤੂੰ ਆਇਆ ਹੈਂ, ਮੇਰੀ ਪਤਨੀ ਨੇ ਖਾਣਾ ਆਪਣੇ ਹੱਥੀਂ ਪਕਾਉਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਘਰ ਦਾ ਖਾਣਾ ਨੌਕਰਾਣੀ ਬਣਾਉਂਦੀ ਹੁੰਦੀ ਸੀ।``


ਫਿਰ ਇਮਰੋਜ਼ ਨੇ ਅੰਮ੍ਰਿਤਾ ਦੇ ਪੁੱਤਰ ਨਵਰਾਜ ਕਵਾਤਰਾ ਤੇ ਧੀ ਕੰਦਲਾ ਨੂੰ ਮਾਡਰਨ ਸਕੂਲ ਛੱਡਣਾ ਸ਼ੁਰੂ ਕਰ ਦਿੱਤਾ। ‘ਇੱਕ ਦਿਨ ਮੇਰੇ ਸਕੂਟਰ ਦਾ ਤੀਹਰੀ ਸਵਾਰੀ ਕਾਰਨ ਚਾਲਾਨ ਕੱਟ ਦਿੱਤਾ ਗਿਆ ਤੇ ਫਿਰ ਅਸੀਂ ਦੋਵਾਂ ਨੇ ਮਿਲ ਕੇ ਕਾਰ ਖ਼ਰੀਦ ਲਈ।`


ਇਮਰੋਜ਼ ਦੱਸਦੇ ਹਨ,‘ਅਸੀਂ ਕਦੇ ਇੱਕ-ਦੂਜੇ ਨਾਲ ਕੋਈ ਵਾਅਦੇ ਨਹੀਂ ਕੀਤੇ, ਨਾ ਕਦੇ ਕੋਈ ਹੋਰ ਅਜਿਹੀ ਗੱਲ ਕੀਤੀ। ਕਦੇ ਕਿਸੇ ਨੂੰ ਕੋਈ ਸੁਆਲ ਨਹੀਂ ਪੁੱਛਿਆ ਤੇ ਨਾ ਕੋਈ ਜੁਆਬ ਦਿੱਤਾ। ਪਰ ਪਿਆਰ ਤਾਂ ਬਿਨਾ ਕਿਸੇ ਰਸਮੀ ਪ੍ਰਗਟਾਵਿਆਂ ਦੇ ਹੀ ਪ੍ਰਫ਼ੁੱਲਤ ਹੋ ਜਾਂਦਾ ਹੈ।`


ਉਮਰ ਦੇ ਵੱਡੇ ਫ਼ਰਕ ਨੂੰ ਧਿਆਨ `ਚ ਰੱਖਦਿਆਂ ਅੰਮ੍ਰਿਤਾ ਪ੍ਰੀਤਮ ਨੇ ਇੱਕ ਵਾਰ ਇਮਰੋਜ਼ ਨੂੰ ਆਖਿਆ ਸੀ ਕਿ - ‘ਪਹਿਲਾਂ ਤੈਨੂੰ ਬਾਹਰ ਜਾ ਕੇ ਸਾਰਾ ਸੰਸਾਰ ਵੇਖਣਾ ਚਾਹੀਦਾ ਹੈ ਫੇਰ ਮੇਰੇ ਕੋਲ ਆਈਂ ਤੇ ਦੱਸੀਂ ਕਿ ਕੀ ਤੇਰੇ ਮਨ `ਚ ਹੁਣ ਵਾਲਾ ਅਹਿਸਾਸ ਹੋਵੇਗਾ। ...ਮੈਂ ਅੰਮ੍ਰਿਤਾ ਦੁਆਲੇ ਸੱਤ ਚੱਕਰ ਲਾਏ ਤੇ ਮੈਂ ਸਾਰਾ ਸੰਸਾਰ ਵੇਖ ਲਿਆ ਹੈ ਤੇ ਮੈਂ ਇੱਕੇ ਖੜ੍ਹਾ ਹਾਂ - ਸਿਰਫ਼ ਤੇਰੇ ਲਈ।`


ਫਿਰ ਕੁਝ ਸਮੇਂ ਬਾਅਦ ਅੰਮ੍ਰਿਤਾ ਤੇ ਇਮਰੋਜ਼ ਦੋਵਾਂ ਨੇ ਇਕੱਠਿਆਂ ਹੌਜ਼ ਖ਼ਾਸ ਵਾਲਾ ਘਰ ਬਣਾਇਆ ਤੇ ਉੱਥੇ ਲਿਵ-ਇਨ ਵਿੱਚ ਰਹਿਣ ਲੱਗੇ।


ਇਮਰੋਜ਼ ਹੁਰਾਂ ਆਪਣੀ ਜਿ਼ੰਦਗੀ ਦੀ ਇੱਕ ਹੋਰ ਦਿਲਚਸਪ ਯਾਦ ਸਾਂਝੀ ਕੀਤੀ। ਉਹ ਇੱਕ ਵਾਰ ਅੰਮ੍ਰਿਤਾ ਨਾਲ ਕਾਰ `ਚ ਦਿੱਲੀ ਤੋਂ ਬੰਬਈ (ਹੁਣ ਮੁੰਬਈ) ਜਾ ਰਹੇ ਸਨ ਤੇ ਰਾਹ `ਚ ਇੱਕ ਪੁਲਿਸ ਨਾਕੇ `ਤੇ ਉਨ੍ਹਾਂ ਨੂੰ ਇਹ ਚੈੱਕ ਕਰਨ ਲਈ ਰੋਕ ਲਿਆ ਗਿਆ ਕਿ ਕਿਤੇ ਕਾਰ `ਚ ਕੋਈ ਨਸ਼ੀਲਾ ਪਦਾਰਥ ਤਾਂ ਨਹੀਂ। ਜਦੋਂ ਚੈਕਿੰਗ ਤੋਂ ਬਾਅਦ ਉਹ ਅੱਗੇ ਵਧੇ, ਤਾਂ ਇਮਰੋਜ਼ ਨੇ ਸਭ ਤੋਂ ਪਹਿਲੀ ਗੱਲ ਇਹ ਆਖੀ ਸੀ,‘‘ਅੰਮ੍ਰਿਤਾ, ਵਿਚਾਰੇ ਪੁਲਿਸ ਵਾਲਿਆਂ ਨੂੰ ਇਹ ਪਤਾ ਹੀ ਨਹੀਂ ਲੱਗਿਆ ਕਿ ਕਾਰ ਵਿੱਚ ਤੇਰੇ ਜਿਹਾ ਇੰਨਾ ਵੱਡਾ ਨਸ਼ੀਲਾ ਪਦਾਰਥ ਵੀ ਮੌਜੂਦ ਸੀ।``


ਅੰਮ੍ਰਿਤਾ ਪ੍ਰੀਤਮ ਦੀ ਸ਼ਾਇਰੀ ਤੇ ਉਨ੍ਹਾਂ ਦੀ ਖ਼ੂਬਸੂਰਤੀ ਦਾ ਜਿ਼ਕਰ ਕਰਦਿਆਂ ਇਮਰੋਜ਼ ਨੇ ਕਿਹਾ,‘ਸੋਹਣੇ ਸ਼ਬਦ ਤੁਰੰਤ ਇੱਕ ਸੋਹਣਾ ਆਕਾਰ ਲੈ ਲੈਂਦੇ ਹਨ ਤੇ ਅੰਮ੍ਰਿਤਾ ਵੀ ਇੱਕ ਅਜਿਹੇ ਮਿਸ਼ਰਣ ਦੀ ਵਿਲੱਖਣ ਮਿਸਾਲ ਸੀ।`


ਜਦੋਂ ਇਮਰੋਜ਼ ਤੋਂ ਪਿਆਰ ਦੀ ਪਰਿਭਾਸ਼ਾ ਪੁੱਛੀ ਗਈ, ਤਾਂ ਉਨ੍ਹਾਂ ਜਵਾਬ ਦਿੱਤਾ,‘ਮੇਰੇ ਜਾਚੇ ਤਾਂ ਪਿਆਰ ਸਹਿਜ-ਸੁਭਾਵਕ ਹੀ ਹੁੰਦਾ ਹੈ। ਜੇ ਕਿਤੇ ਸਹਿਜ ਸੁਭਾਵਕਤਾ ਹੈ, ਤਾਂ ਉੱਥੇ ਕੋਈ ਔਕੜ ਨਹੀਂ`


ਜਦੋਂ ਅੰਮ੍ਰਿਤਾ ਦੀ ਸਿਹਤ ਵਿਗੜਨ ਲੱਗੀ, ਤਾਂ ਉਨ੍ਹਾਂ ਦਿਲ ਨੂੰ ਟੁੰਬਣ ਵਾਲਾ ਇੱਕ ਹੰਸ-ਗੀਤ ਲਿਖਿਆ ਸੀ,‘ਮੈਂ ਤੈਨੂੰ ਫਿਰ ਮਿਲਾਂਗੀ`; ਜੋ ਇਮਰੋਜ਼ ਹੁਰਾਂ ਨੂੰ ਹੀ ਸੰਬੋਧਤ ਸੀ, ਜਿਸ ਵਿੱਚ ਉਹ ਆਪਣੇ ਪਿਆਰ ਸਮੇਤ ਕਿਸੇ ਹੋਰ ਕਾਇਨਾਤੀ ਧਰਾਤਲ ਵਿੱਚ ਚਲੇ ਜਾਂਦੇ ਹਨ ਤੇ ਇੰਝ ਸਦੀਵੀ ਪੁਨਰ-ਮਿਲਨ ਹੁੰਦਾ ਹੈ।


2005 `ਚ ਅੰਮ੍ਰਿਤਾ ਪ੍ਰੀਤਮ ਦੇ ਅਕਾਲ ਚਲਾਣੇ ਤੋਂ ਬਾਅਦ ਹੀ ਇਮਰੋਜ਼ ਨੇ ਸ਼ਾਇਰੀ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਅੰਮ੍ਰਿਤਾ ਦੀ ਯਾਦ `ਚ ਖ਼ੂਬਸੂਰਤ ਕਵਿਤਾਵਾਂ ਲਿਖੀਆਂ, ਪਰ ਉਨ੍ਹਾਂ ਦੇ ਅਜਿਹੇ ਜਜ਼ਬਾਤ ਨੂੰ ਸੁਣਨ, ਸਮਝਣ ਤੇ ਮਾਣਨ ਲਈ ਤਦ ਅੰਮ੍ਰਿਤਾ ਇਸ ਦੁਨੀਆ `ਚ ਨਹੀਂ ਸਨ। ਉਨ੍ਹਾਂ ਤੋਂ ਪੁੱਛਿਆ ਗਿਆ,‘ਕੀ ਅਜਿਹਾ ਸੋਚ ਕੇ ਤੁਹਾਡਾ ਦਿਲ ਨਹੀਂ ਦੁਖਦਾ? ਤੁਹਾਨੂੰ ਨਹੀਂ ਲੱਗਦਾ ਕਿ ਜੇ ਅੰਮ੍ਰਿਤਾ ਜੀ ਤੁਹਾਡੀ ਸ਼ਾਇਰੀ ਦੀ ਤਾਰੀਫ਼ ਕਰਨ ਲਈ ਮੌਜੂਦ ਹੁੰਦੇ?` ਤਦ ਇਮਰੋਜ਼ ਨੇ ਜਵਾਬ ਦਿੱਤਾ ਸੀ,‘ਮੈਨੂੰ ਲੱਗਦਾ ਹੈ ਕਿ ਮੈਂ ਹੁਣ ਜੋ ਵੀ ਲਿਖਦਾ ਹਾਂ, ਉਹ ਉਸ ਤੱਕ ਜ਼ਰੂਰ ਪਹੁੰਚ ਰਿਹਾ ਹੈ।``


ਸ਼ਾਇਦ ਇਮਰੋਜ਼ ਤੇ ਅੰਮ੍ਰਿਤਾ ਦੋਵੇਂ ਹੁਣ ਉਸੇ ਕਾਇਨਾਤੀ ਧਰਾਤਲ `ਚ ਮਿਲਣ, ਜਿਸ ਦਾ ਜਿ਼ਕਰ ਅੰਮ੍ਰਿਤਾ ਨੇ ਆਪਣੀ ਆਖ਼ਰੀ ਕਵਿਤਾ `ਚ ਕੀਤਾ ਸੀ। ਇਹ ਵੇਖ ਕੇ ਵੀ ਕੋਈ ਹੈਰਾਨੀ ਨਹੀਂ ਹੁੰਦੀ ਕਿ ਜਦੋਂ ਵੀ ਕਦੇ ਇਮਰੋਜ਼ ਹੁਰੀਂ ਅੰਮ੍ਰਿਤਾ ਬਾਰੇ ਕੋਈ ਗੱਲ ਕਰਦੇ ਹਨ, ਤਾਂ ਉਨ੍ਹਾਂ ਨਾਲ ਕਦੇ ਸ਼ਬਦ ‘ਸੀ` ਜਾਂ ‘ਸਨ` ਨਹੀਂ ਸਗੋਂ ‘ਹੈ` ਜਾਂ ‘ਹਨ` ਹੀ ਲਾਉਂਦੇ ਹਨ - ਜਿਵੇਂ ਅੰਮ੍ਰਿਤਾ ਪ੍ਰੀਤਮ ਹਾਲੇ ਵੀ ਉਨ੍ਹਾਂ ਸਾਹਵੇਂ ਜਿਊਂਦੇ-ਜਾਗਦੇ ਬੈਠੇ ਹੋਣ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Distrinctive Love of Amrita Pritam s life Imroz