ਪੰਜਾਬ ਸਰਕਾਰ ਨੇ ਸਿੰਧ ਦਰਿਆ ਦੀ ਡੌਲਫ਼ਿਨ ਨੂੰ ‘ਸੂਬੇ ਦਾ ਜਲ–ਜੀਵ’ ਐਲਾਨਿਆ ਹੈ। ਇਹ ਡੌਲਫ਼ਿਨ ਇਸ ਵੇਲੇ ਬਿਆਸ ਦਰਿਆ ਵਿੱਚ ਪਾਈ ਜਾਂਦੀ ਹੈ। ਇਹ ਡੌਲਫ਼ਿਨ ਇਸ ਵੇਲੇ ਪਾਣੀ ਦੇ ਤੇਜ਼ੀ ਨਾਲ ਅਲੋਪ ਹੁੰਦੇ ਜਾ ਰਹੇ ਜੀਵਾਂ ਵਿੱਚੋਂ ਇੱਕ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬਾ ਜੰਗਲੀ–ਜੀਵਨ ਬੋਰਡ ਦੀ ਦੂਜੀ ਮੀਟਿੰਗ ਪ੍ਰਧਾਨਗੀ ਕਰਦਿਆਂ ਕਿਹਾ ਕਿ ਬਿਆਸ ਦਰਿਆ ਵਿੱਚ ਮੌਜੂਦ ਇਹ ਮੱਛੀ ਝੰਡਾਬਰਦਾਰ ਪ੍ਰਜਾਤੀ ਹੋਵੇਗੀ।
ਮੁੱਖ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼–ਪੁਰਬ ਮੌਕੇ ਕਾਂਝਲੀ ਝੀਲ ਅਤੇ ਕਾਲੀ ਵੇਈਂ ਨੂੰ ਜੰਗਲੀ–ਜੀਵਨ ਦੀ ਸੁਰੱਖਿਆ ਲਈ ਰੱਖਾਂ ਵਜੋਂ ਐਲਾਨਿਆ। ਉਨ੍ਹਾਂ ਦੂਸ਼ਿਤ ਹੋ ਚੁੱਕੀ ਵੇਈਂ ਦੀ ਸਫ਼ਾਈ ਦੇ ਨਾਲ–ਨਾਲ ਵਾਤਾਵਰਣਕ ਸੰਤੁਲਨ ਕਾਇਮ ਰੱਖਣ ਲਈ ਇਨ੍ਹਾਂ ਰੱਖਾਂ ਨੂੰ ਸੰਭਾਲਣ ਦੀ ਲੋੜ ’ਤੇ ਜ਼ੋਰ ਦਿੱਤਾ।
ਕੈਪਟਨ ਅਮਰਿੰਦਰ ਸਿੰਘ ਨੇ ਬਿਆਸ ਦਰਿਆ ਵਿੱਚ ਗੰਦਾ ਪਾਣੀ ਡਿੱਗਣ ਦਾ ਗੰਭੀਰ ਨੋਟਿਸ ਲਿਆ ਅਤੇ ਜਲ–ਸਰੋਤ ਵਿਭਾਗ ਨੂੰ ਕਿਹਾ ਕਿ ਇਸ ਵਿੱਚ ਘੱਟੋ–ਘੱਟ 5,000 ਤੋਂ 6,000 ਕਿਊਸਿਕਸ ਪਾਣੀ ਦਾ ਪ੍ਰਵਾਹ ਯਕੀਨੀ ਬਣਾਇਆਜਾਵੇ, ਤਾਂ ਜੋ ਜੰਗਲੀ–ਜੀਵਨ ਨੂੰ ਕੋਈ ਖ਼ਤਰਾ ਨਾ ਹੋਵੇ।