ਪੰਜਾਬੀ ਸਾਹਿਤ ਵਿੱਚ ਨਾਮਵਰ ਸ਼ਖ਼ਸੀਅਤ ਡਾ. ਦਲੀਪ ਕੌਰ ਟਿਵਾਣਾ ਦਾ ਅੱਜ ਦੇਹਾਂਤ ਹੋ ਗਿਆ। ਉਹ ਮੋਹਾਲੀ ਦੇ ਮੈਕਸ ਹਸਪਤਾਲ ਵਿੱਚ ਦਾਖ਼ਲ ਸਨ।
ਇਹ ਜਾਣਕਾਰੀ ਡਾਕਟਰ ਟਿਵਾਣਾ ਦੇ ਪਤੀ ਪ੍ਰੋ. ਭੁਪਿੰਦਰ ਸਿੰਘ ਮਿਨਹਾਸ ਨੇ ਦਿੱਤੀ ਹੈ। ਉਨ੍ਹਾਂ ਨੂੰ ਪਹਿਲਾਂ ਪਟਿਆਲੇ ਉਨ੍ਹਾਂ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਰਿਹਾਇਸ਼ ਬੀ-12 ਵਿੱਚ ਲਿਜਾਇਆ ਜਾਵੇਗਾ। ਉਥੇ ਹੀ ਕੱਲ੍ਹ 12 ਵਜੇ ਸਸਕਾਰ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਦਲੀਪ ਕੌਰ ਟਿਵਾਣਾ ਦਾ ਜਨਮ 4 ਮਈ 1935 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਬੋਂ ਵਿੱਚ ਪਿਤਾ ਕਾਕਾ ਸਿੰਘ ਅਤੇ ਮਾਤਾ ਚੰਦ ਕੌਰ ਦੇ ਘਰ ਹੋਇਆ। ਐਮ ਏ ਤੋਂ ਬਾਅਦ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪੀਐੱਚ ਜੀ ਦੀ ਡਿਗਰੀ ਹਾਸਲ ਕੀਤੀ ਅਤੇ ਲੰਮਾ ਸਮਾਂ ਉਹ ਇੱਕ ਅਧਿਆਪਕ ਰਹੇ।
ਟਿਵਾਣਾ ਹੁਰਾਂ ਨੇ 30 ਨਾਵਲਾਂ, 7 ਕਹਾਣੀਆਂ- ਸੰਗ੍ਰਹਿਆਂ ਅਤੇ ਸਵੈ ਜੀਵਨੀ ਦੀ ਸਿਰਜਣਾ ਵੀ ਕੀਤੀ। ਇਸ ਤੋਂ ਬਿਨਾਂ ਤਿੰਨ ਆਲੋਚਨਾ ਪੁਸਤਕਾਂ, ਤਿੰਨ ਪੁਸਤਕਾਂ ਬੱਚਿਆਂ ਲਈ ਅਤੇ ਦੋ ਵਾਰਤਕ ਸੰਗ੍ਰਹਿਆ ਦੀ ਰਚਨਾ ਵੀ ਕੀਤੀ।
ਡਾ. ਟਿਵਾਣਾ ਦਾ ਸਾਹਿਤਕ ਸਫਰ 1961 ਵਿੱਚ ਕਹਾਣੀਆਂ ਦੀ ਕਿਤਾਬ ਸਾਧਨਾ ਨਾਲ ਸ਼ੁਰੂ ਹੋਇਆ। ਉਨ੍ਹਾਂ ਦੀ ਪਹਿਲੀ ਕਿਤਾਬ ਨੂੰ ਹੀ ਭਾਸ਼ਾ ਵਿਭਾਗ ਵੱਲੋਂ ਸਾਲ ਦੀ ਸਰਵੋਤਮ ਕਿਤਾਬ ਦਾ ਇਨਾਮ ਪ੍ਰਾਪਤ ਹੋਇਆ। ਪ੍ਰਬਲ ਵਹਿਣ, ਤੂੰ ਭਰੀ ਹੁੰਗਾਰਾ, ਇੱਕ ਕੁੜੀ, ਤੇਰਾ ਕਮਰਾ ਮੇਰਾ ਕਮਰਾ ਉਸ ਦੇ ਕੁਝ ਹੋਰ ਕਹਾਣੀ ਸੰਗ੍ਰਹਿ ਸਨ।
ਡਾ. ਟਿਵਾਣਾ ਦਾ ਪਹਿਲਾ ਨਾਵਲ ਅਗਨੀ ਪ੍ਰੀਖਿਆ 1967 ਵਿੱਚ ਡਾ. ਰੰਧਾਵਾ ਦੀ ਪ੍ਰੇਰਨਾ ਨਾਲ ਛਪਿਆ। ਏਹੁ ਹਮਾਰਾ ਜੀਵਣਾ 1968 ਉਸ ਦਾ ਦੂਜਾ ਨਾਵਲ ਸੀ। ਟਿਵਾਣਾ ਜੀ ਦੇ ਤੀਲੀ ਦਾ ਨਿਸ਼ਾਨ, ਦੂਸਰੀ ਸੀਤਾ, ਹਸਤਾਖਰ, ਰਿਣ ਪਿਤਰਾਂ ਦਾ, ਐਰ ਵੈਰ ਮਿਲਦਿਆਂ ਲੰਘ ਗਏ ਦਰਿਆ, ਕਥਾ, ਉਸ ਦੇ ਕੁਝ ਹੋਰ ਪ੍ਰਸਿੱਧ ਨਾਵਲ ਹਨ।