ਅਗਲੀ ਕਹਾਣੀ

ਡਾ. ਮੋਹਨਜੀਤ ਲਈ ਸਾਹਿਤ ਅਕੈਡਮੀ ਐਵਾਰਡ-‘ਦੇਰ ਆਇਦ ਪਰ ਦਰੁਸਤ ਆਇਦ`

ਡਾ. ਮੋਹਨਜੀਤ ਲਈ ਸਾਹਿਤ ਅਕੈਡਮੀ ਐਵਾਰਡ-‘ਦੇਰ ਆਇਦ ਪਰ ਦਰੁਸਤ ਆਇਦ`

ਸਾਲ 2018 ਦਾ ਸਾਹਿਤ ਅਕੈਡਮੀ ਪੁਰਸਕਾਰ ਡਾ. ਮੋਹਨਜੀਤ (80) ਨੂੰ ਮਿਲਣ `ਤੇ ਪੰਜਾਬੀ ਸਾਹਿਤਕ ਹਲਕਿਆਂ `ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਨੂੰ ਇਹ ਮਾਣਮੱਤਾ ਪੁਰਸਕਾਰ ਉਨ੍ਹਾਂ ਦੇ ਕਾਵਿ ਸੰਗ੍ਰਹਿ ‘ਕੋਣੇ ਦਾ ਸੂਰਜ` ਲਈ ਮਿਲਿਆ ਹੈ। ਸਾਹਿਤਕ ਹਲਕਿਆਂ `ਚ ਹੁਣ ਚਰਚਾ ਇਸ ਗੱਲ ਦੀ ਹੈ ਕਿ ਡਾ. ਮੋਹਨਜੀਤ ਨੂੰ ਇਹ ਪੁਰਸਕਾਰ ਬਹੁਤ ਦੇਰੀ ਨਾਲ ਦਿੱਤਾ ਗਿਆ ਹੈ ਕਿਉਂਕਿ ਉਨ੍ਹਾਂ ਤੋਂ ਪਹਿਲਾਂ ਕੁਝ ਜੂਨੀਅਰ ਸ਼ਾਇਰਾਂ ਤੇ ਘੱਟ ਹਰਮਨਪਿਆਰੇ ਸ਼ਾਇਰਾਂ ਨੂੰ ਵੀ ਇਹ ਇਨਾਮ ਮਿਲ ਚੁੱਕਾ ਹੈ। ਦਰਅਸਲ, ‘‘ਸਾਹਿਤ ਅਕਾਦਮੀ ਪੁਰਸਕਾਰ ਜੇਤੂਆਂ ਦੀ ਚੋਣ ਅਕਸਰ ਸਿਆਸਤ ਨਾਲ ਘਿਰੀ ਰਹਿੰਦੀ ਹੈ।``


ਅੰਮ੍ਰਿਤਸਰ ਜਿ਼ਲ੍ਹੇ `ਚ ਰਾਜਾਸਾਂਸੀ ਲਾਗਲੇ ਪਿੰਡ ਅਦਲੀਵਾਲ `ਚ ਸਾਲ 1938 ਦੌਰਾਨ ਜਨਮੇ ਮੋਹਨਜੀਤ ਹੁਰਾਂ ਦਾ ਸ਼ਾਇਰਾਨਾ ਸਫ਼ਰ ‘ਸਹਿਕਦਾ ਸ਼ਹਿਰ` ਤੋਂ ਸ਼ੁਰੂ ਹੋਇਆ ਸੀ। ਹੁਣ ਤੱਕ ਉਨ੍ਹਾਂ ਦੇ 12 ਕਾਵਿ-ਸੰਗ੍ਰਹਿ ਛਪ ਚੁੱਕੇ ਹਨ। ਆਪਣੀ ਲੰਮੇਰੀ ਸਾਹਿਤਕ ਯਾਤਰਾ ਦੌਰਾਨ ਉਨ੍ਹਾਂ ਕਈ ਪੁਸਤਕਾਂ ਸੰਪਾਦਤ ਕੀਤੀਆਂ ਹਨ ਤੇ ਉਹ ਆਪਣਾ ‘ਚਰਚਾ` ਨਾਂਅ ਦਾ ਇੱਕ ਸਾਹਿਤਕ ਪਰਚਾ ਵੀ ਪ੍ਰਕਾਸਿ਼ਤ ਕਰਦੇ ਰਹੇ ਹਨ।


ਯਾਰਾਂ ਦੇ ਯਾਰ ਮੋਹਨਜੀਤ ਸਾਹਿਤਕ ਹਲਕਿਆਂ ਵਿੱਚ ਨਾ ਕੇਵਲ ਆਪਣੀਆਂ ਵਧੀਆ ਲਿਖਤਾਂ ਲਈ, ਸਗੋਂ ਆਪਣੇ ਮਿਲਾਪੜੇ ਸੁਭਾਅ ਤੇ ਸਾਦਗੀ ਲਈ ਵੀ ਜਾਣੇ ਜਾਂਦੇ ਹਨ।


ਪੁਰਸਕਾਰ ਜਿੱਤਣ ਵਾਲੇ ਕਾਵਿ-ਸੰਗ੍ਰਹਿ ‘ਕੋਣੇ ਦਾ ਸੂਰਜ` ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਉੱਘੇ ਪੰਜਾਬੀ ਸ਼ਾਇਰ ਤੇ ਨਾਟਕਕਾਰ ਸਵਰਾਜਬੀਰ ਨੇ ਕਿਹਾ: ‘ਪੁਰਸਕਾਰ-ਜੇਤੂ ਕਿਤਾਬ ‘ਕੋਣੇ ਦਾ ਸੂਰਜ` ਦਰਅਸਲ ਓੜੀਸ਼ਾ ਦੇ ਕੋਨਾਰਕ ਮੰਦਰ ਦੀ ਉਸਾਰੀ ਦਾ ਸ਼ਾਇਰਾਨਾ ਵਰਨਣ ਹੈ। ਇਸ ਵਿੱਚ ਬਹੁ-ਪਰਤੀ ਸੰਵਾਦ ਹੈ, ਜਿਸ ਵਿੱਚ ਇਤਿਹਾਸ, ਕਲਾ ਤੇ ਸਮੇਂ-ਸਮੇਂ ਦੀਆਂ ਤਾਕਤਾਂ ਦੀਆਂ ਸਮੀਕਰਨਾਂ ਨੂੰ ਕਲਾਵੇ `ਚ ਲਿਆ ਗਿਆ ਹੈ। ਇਸ ਲਾਮਿਸਾਲ ਕਾਵਿ ਸੰਗ੍ਰਹਿ ਦੀ ਸ਼ੁਰੂਆਤ ਮੁੱਖ ਆਰਕੀਟੈਕਟ ਤੇ ਬੁੱਤ-ਤਰਾਸ਼ ਦੇ ਨਜ਼ਰੀਏ ਤੋਂ ਹੁੰਦੀ ਹੈ। ਇਸ ਵਿੱਚ ਉਸ ਵੱਲੋਂ ਤੇ ਉਸ ਦੇ ਸਾਥੀ ਕਾਰੀਗਰਾਂ ਵੱਲੋਂ ਝੱਲੀਆਂ ਗਈਆਂ ਔਕੜਾਂ ਦਾ ਵਰਨਣ ਸਹਿਜੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dr Mohanjit got Sahit Academy Award rather late