ਨਸ਼ਾ ਦਿਨ-ਬ-ਦਿਨ ਪੰਜਾਬ 'ਚ ਪੈਰ ਪਸਾਰਦਾ ਜਾ ਰਿਹਾ ਹੈ ਜਿਸ ਦੀਆਂ ਤਸਵੀਰਾਂ ਹਰ ਰੋਜ਼ ਕਿਸੇ ਨਾ ਕਿਸੇ ਰੂਪ ਚ ਵੇਖਣ ਨੂੰ ਮਿਲ ਰਹੀ ਹੈ। ਤਾਜ਼ਾ ਮਾਮਲਾ ਜ਼ਿਲ੍ਹਾ ਮੋਹਾਲੀ ਅਧੀਨ ਆਉਂਦੇ ਖਰੜ ਕਸਬੇ ਦਾ ਹੈ। ਜਿੱਥੇ ਬੁੱਧਵਾਰ ਦੇਰ ਰਾਤ ਇੱਕ ਨਸ਼ੇੜੀ ਪੁੱਤ ਨੇ ਆਪਣੇ ਹੀ ਪਿਓ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਘਟਨਾ ਮੁੰਡੀ ਖਰੜ ਦੀ ਹੈ। ਮੁਲਜ਼ਮ ਦੀ ਪਛਾਣ ਰਿੰਕੂ ਵਜੋਂ ਹੋਈ ਹੈ। ਰਿੰਕੂ ਨਸ਼ੇ ਕਰਨ ਦਾ ਆਦੀ ਸੀ। ਉਸ ਦਾ ਪਿਓ ਹੰਸਰਾਜ (50) ਉਸ ਨੂੰ ਹਮੇਸ਼ਾ ਨਸ਼ਾ ਨਾ ਕਰਨ ਲਈ ਕਹਿੰਦਾ ਰਹਿੰਦਾ ਸੀ।
ਬੁੱਧਵਾਰ ਰਾਤ ਵੀ ਰਿੰਕੂ ਜਦੋਂ ਨਸ਼ਾ ਕਰਕੇ ਘਰ ਆਇਆ ਤਾਂ ਉਸ ਦੇ ਪਿਓ ਹੰਸਰਾਜ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਕਾਰਨ ਦੋਹਾਂ 'ਚ ਬਹਿਸਬਾਜ਼ੀ ਹੋ ਗਈ। ਮੁਲਜ਼ਮ ਰਿੰਕੂ ਨੇ ਗੁੱਸੇ 'ਚ ਇੱਟ ਨਾਲ ਆਪਣੇ ਪਿਓ ਦੇ ਸਿਰ 'ਚ ਕਈ ਵਾਰ ਕੀਤੇ, ਜਿਸ ਕਾਰਨ ਹੰਸਰਾਜ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਘਰ 'ਚ ਪੈ ਰਿਹਾ ਰੌਲਾ ਸੁਣ ਕੇ ਆਸਪਾਸ ਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਰਿੰਕੂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਰਿੰਕੂ ਨਸ਼ਾ ਕਰਨ ਦਾ ਆਦੀ ਸੀ ਅਤੇ ਜਦੋਂ ਉਸ ਨੇ ਆਪਣੇ ਪਿਤਾ 'ਤੇ ਹਮਲਾ ਕੀਤਾ ਉਦੋਂ ਉਸ ਨੇ ਸੁਲਫਾ ਪੀਤਾ ਹੋਇਆ ਸੀ। ਥਾਣਾ ਖਰੜ ਪੁਲਿਸ ਨੇ ਉਸ ਵਿਰੁੱਧ ਧਾਰਾ 302 (ਕਤਲ) ਤਹਿਤ ਮਾਮਲਾ ਦਰਜ ਕਰ ਲਿਆ ਹੈ।