ਅਗਲੀ ਕਹਾਣੀ

ਪੰਜਾਬ 'ਚ ਨਸ਼ਿਆਂ ਨਾਲ ਸਬੰਧਤ ਮੌਤਾਂ ਦੀ ਜਾਂਚ ਦੇ ਹੁਕਮ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਾਲ ਹੀ 'ਚ ਨਸ਼ਿਆਂ ਨਾਲ ਸਬੰਧਤ ਮੌਤਾਂ ਦੀ ਜਾਂਚ ਦੇ ਹੁਕਮ

-- ਸਿਆਸੀ ਇਲਹਾਕ ਦਾ ਬਿਨਾਂ ਲਿਹਾਜ਼ ਕੀਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਭਰੋਸਾ

-- ਨਸ਼ਿਆਂ ਵਿਰੁੱਧ ਜਾਗਰੁਕਤਾ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦਾ ਸੱਦਾ

 

ਪੰਜਾਬ ਮੰਤਰੀ ਮੰਡਲ ਵੱਲੋਂ ਨਸ਼ਿਆਂ ਦੇ ਸਮਗਲਰਾਂ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਸਬੰਧੀ ਕੇਂਦਰ ਸਰਕਾਰ ਨੂੰ ਸਿਫ਼ਾਰਸ਼ ਕੀਤੇ ਜਾਣ ਤੋਂ ਇਕ ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿਚ ਨਸ਼ਿਆਂ ਨਾਲ ਹੋਈਆਂ ਮੌਤਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ ਜਿਸ ਤੋਂ ਬਾਅਦ ਦੋਸ਼ੀਆਂ ਵਿਰੁੱਧ ਉਨ੍ਹਾਂ ਦੇ ਸਿਆਸੀ ਇਲਹਾਕ ਦਾ ਬਿਨਾਂ ਲਿਹਾਜ਼ ਕੀਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ |

 

ਨਸ਼ਿਆਂ ਦੀ ਵਰਤੋਂ ਨੂੰ ਇਕ ਬਿਮਾਰੀ ਦੱਸਦੇ ਅਤੇ ਇਸ ਦੇ ਜ਼ਰੂਰੀ ਇਲਾਜ਼ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਨਸ਼ਿਆਂ ਦੇ ਪੀੜਤਾਂ ਦੇ ਮੁੜ ਵਸੇਬੇ ਦੀ ਜ਼ਰੂਰਤ 'ਤੇ ਜ਼ੋਰ ਦੇਣ ਦੇ ਨਾਲ-ਨਾਲ ਨਸ਼ਿਆਂ ਵਿਰੁੱਧ ਲੋਕ ਲਹਿਰ ਖੜ੍ਹੇ ਕੀਤੇ ਜਾਣ ਦੀ ਮੁਹਿੰਮ 'ਤੇ ਜ਼ੋਰ ਦਿੱਤਾ ਹੈ | ਜਾਗਰੂਕਤਾ ਪੈਦਾ ਕੀਤੇ ਜਾਣ ਅਤੇ ਕਾਰਵਾਈ ਕੀਤੇ ਜਾਣ ਵਿਚ ਵਿਖਰੇਵਾਂ ਹੋਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਾਗਰੂਕਤਾ ਕਿਸੇ ਇਕ ਏਜੰਸੀ ਵੱਲੋਂ ਪੈਦਾ ਨਹੀਂ ਕੀਤੀ ਜਾ ਸਕਦੀ | ਇਸ ਸਬੰਧੀ ਲੋਕਾਂ ਦੀ ਸ਼ਮੂਲੀਅਤ ਨਾਲ ਸਮੂਹਿਕ ਕੋਸ਼ਿਸ਼ਾਂ ਦੀ ਜ਼ਰੂਰਤ ਹੈ |

 

ਮੁੱਖ ਮੰਤਰੀ ਨੇ ਸਮਾਜਿਕ ਕਾਰਕੁੰਨਾ ਦੇ ਇਕ ਗਰੁੱਪ ਨਾਲ ਵਿਚਾਰ ਚਰਚਾ ਦੌਰਾਨ ਉਪਰੋਕਤ ਵਿਚਾਰ ਪ੍ਰਗਟਾਏ | ਇਹ ਗਰੁੱਪ ਅੱਜ ਨਸ਼ਿਆਂ ਦੀ ਸਮੱਸਿਆ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਉਨ੍ਹਾਂ ਦੇ ਸਰਕਾਰੀ ਨਿਵਾਸ ਸਥਾਨ 'ਤੇ ਆਇਆ ਸੀ | ਇਨ੍ਹਾਂ ਕਾਰਕੁੰਨਾਂ ਵਿਚ ਇਕ ਸਾਬਕਾ ਪੀੜਤ ਵੀ ਸ਼ਾਮਲ ਸੀ | ਇਨ੍ਹਾਂ ਨੇ ਹਾਲ ਹੀ ਵਿਚ ਇਸ ਸਮੱਸਿਆ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸੋਸ਼ਲ ਮੀਡੀਆ ਵਿਚ ''ਨਸ਼ਿਆਂ ਵਿਰੁੱਧ ਕਾਲਾ ਹਫ਼ਤਾ'' ਮੁਹਿੰਮ ਸ਼ੁਰੂ ਕੀਤੀ ਹੈ |

 

ਇਸ ਗਰੁੱਪ ਵਿਚ ਡਾਕਟਰ ਭੁਪਿੰਦਰ ਸਿੰਘ, ਹਾਕਮ ਸਿੰਘ, ਬਲਜੀਤ ਪਨੰੂ ਅਤੇ ਬਲਜਿੰਦਰ ਸਿੰਘ(ਮਿੰਟੂ) ਸ਼ਾਮਲ ਸਨ | ਮਿੰਟੂ ਆਪ ਕਿਸੇ ਸਮੇਂ ਨਸ਼ਿਆਂ ਤੋਂ ਪੀੜਤ ਸੀ |

 

ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਚੁੱਕੇ ਸਖ਼ਤ ਕਦਮਾਂ ਦਾ ਸਵਾਗਤ ਕੀਤਾ | ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਦੇ ਸੁਭਾਅ ਅਤੇ ਇਸ ਮੁੱਦੇ ਬਾਰੇ ਅਨੁਭੂਤੀ ਵਿਚ ਸਪਸ਼ਟ ਤਬਦੀਲੀ ਆਈ ਹੈ |

 

ਮੁੱਖ ਮੰਤਰੀ ਨੇ ਦੱਸਿਆ ਕਿ ਉਹ ਨਸ਼ਿਆਂ ਵਿਰੱੁਧ ਜੰਗ ਦੀ ਪ੍ਰਗਤੀ ਦਾ ਜਾਇਜਾ ਲੈਣ ਲਈ ਹਰ ਸੋਮਵਾਰ ਸ਼ਾਮ ਤਿੰਨ ਵਜੇ ਮੀਟਿੰਗ ਕਰਿਆ ਕਰਨਗੇ |

 

ਇਨ੍ਹਾਂ ਕਾਰਕੁੰਨਾਂ ਨੇ ਇਸ ਸਬੰਧ ਵਿਚ ਅਕਾਲੀਆਂ 'ਤੇ ਦੋਸ਼ ਮੜ੍ਹਿਆ ਜਿਨ੍ਹਾਂ ਨੇ ਨੌਜਵਾਨਾਂ ਦੀ ਊਰਜਾ ਨੂੰ ਸਹੀ ਪਾਸੇ ਲਾਉਣ ਲਈ ਕੁਝ ਵੀ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੇ ਖੇਡਾਂ ਅਤੇ ਹੋਰ ਸਰਗਰਮੀਆਂ ਵਿਚ ਫੰਡਾਂ ਨੂੰ ਘਟਾ ਦਿੱਤਾ ਜਿਸ ਨਾਲ ਇਨ੍ਹਾਂ ਨੌਜਵਾਨਾਂ ਨੂੰ ਰੁਝੇਵੇਂ ਵਿਚ ਰੱਖਿਆ ਜਾ ਸਕਦਾ ਸੀ ਅਤੇ ਉਸ ਨੇ ਇਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਵੱਲ ਜਾਣ ਲਈ ਖੁੱਲਾ ਛੱਡ ਦਿੱਤਾ |

 

ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਇਨ੍ਹਾਂ ਕਾਰਕੁੰਨਾਂ ਨੂੰ ਹਰ ਸਹਿਯੋਗ ਦੇਣ ਦਾ ਵਾਅਦਾ ਕੀਤਾ| ਉਨ੍ਹਾਂ ਨੇ ਸਰਕਾਰ ਵੱਲੋਂ ਪਹਿਲਾਂ ਹੀ ਸ਼ੁਰੂ ਕੀਤੇ ਐਾਟੀ ਡਰੱਗ ਅਬਿਉਜ਼ ਪਰਿਵੈਨਸ਼ਨ ਆਫਿਸਰਜ਼ ਪ੍ਰੋਗਰਾਮ ਦੇ ਨਾਲ ਤਾਲਮੇਲ ਰਾਹੀਂ ਪਿੰਡਾਂ ਵਿਚ ਰੈਲੀਆਂ ਅਤੇ ਮੋਮਬੱਤੀ ਮਾਰਚ ਕਰਨ ਦਾ ਸੁਝਾਅ ਦਿੱਤਾ | ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀਜ਼. ਇਨ੍ਹਾਂ ਵਿਚ ਸ਼ਮੂਲੀਅਤ ਕਰਨਗੇ |

 

ਉਨ੍ਹਾਂ ਨੂੰ ਸਮਾਂ ਦਿੱਤੇ ਜਾਣ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਾਰਕੁੰਨਾਂ ਨੇ ਹਰੇਕ ਪਿੰਡ ਵਿਚ ਨਸ਼ਿਆਂ ਦੇ ਆਦੀਆਂ ਦੀ ਸ਼ਨਾਖ਼ਤ ਕਰਨ ਲਈ 10-15 ਨੌਜਵਾਨ ਆਧਾਰਤ ਕਮੇਟੀਆਂ ਬਣਾਉਣ ਦਾ ਸੁਝਾਅ ਦਿੱਤਾ | ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਨਿੱਜੀ ਹਸਪਤਾਲਾਂ ਨੂੰ ਨਸ਼ਈਆਂ ਨੂੰ ਇਲਾਜ਼ ਮੁਹੱਈਆ ਕਰਵਾਉਣ ਵਾਸਤੇ ਆਖਿਆ ਜਾਵੇ | ਇਸ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਨਸ਼ਈਆਂ ਵਾਸਤੇ ਕੁੱਝ ਬੈੱਡ ਰਾਖਵੇਂ ਰੱਖਣ ਲਈ ਨਿੱਜੀ ਹਸਪਤਾਲਾਂ ਨਾਲ ਗੱਲਬਾਤ ਕਰਨ ਲਈ ਆਖਿਆ |

 

ਉਨ੍ਹਾਂ ਨੇ ਨਸ਼ੇ ਦੇ ਡੀਲਰਾਂ ਅਤੇ ਪੁਲਿਸ ਮੁਲਾਜ਼ਮਾਂ ਖਾਸਕਰ ਐਸ.ਆਈ. ਅਤੇ ਏ.ਐਸ.ਆਈ. ਪੱਧਰ ਦੇ ਮੁਲਾਜ਼ਮਾਂ ਵਿਚ ''ਨੇੜੇ ਦਾ ਗੱਠਜੋੜ'' ਹੋਣ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਕਿਹਾ ਕਿ ਅਜਿਹੇ ਪੁਲਿਸ ਮੁਲਾਜ਼ਮਾਂ ਦੀ ਸ਼ਨਾਖ਼ਤ ਦੱਸਣ ਤੋਂ ਲੋਕ ਡਰਦੇ ਹਨ | ਉਨ੍ਹਾਂ ਨੇ ਲੋਕਾਂ ਵਿਚ ਨਿੱਘਰ ਭਰੋਸਾ ਪੈਦਾ ਕਰਨ ਲਈ ਸਖ਼ਤ ਕਦਮ ਚੁੱਕਣ ਵਾਸਤੇ ਅਪੀਲ ਕੀਤੀ |

 

ਕਾਰਕੁੰਨਾਂ ਨੇ ਭੁੱਕੀ ਅਤੇ ਅਫੀਮ ਵਰਗੇ ਰਵਾਇਤੀ ਨਸ਼ਿਆਂ ਵਿਚ ਢਿੱਲ ਦਿੱਤੇ ਜਾਣ ਵਾਸਤੇ ਕਦਮ ਚੁੱਕਣ ਦਾ ਸੁਝਾਅ ਦਿੱਤਾ | ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰੇ ਨਸ਼ਈਆਂ ਦੀ ਡਾਕਟਰੀ ਜਾਂਚ ਦਾ ਵੀ ਸੁਝਾਅ ਦਿੱਤਾ | ਉਨ੍ਹਾਂ ਕਿਹਾ ਕਿ ਨਸ਼ਈਆਂ ਲਈ ਇਕ ਹੈਲਪਲਾਈਨ ਤਿਆਰ ਕੀਤੀ ਜਾਵੇ | ਉਨ੍ਹਾਂ ਨੇ ਔਰਤਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿਚ ਮਦਦ ਮੁਹੱਈਆ ਕਰਵਾਉਣ ਲਈ ਐਸ.ਟੀ.ਐਫ. ਵਿਚ ਇਕ ਮਹਿਲਾ ਅਫ਼ਸਰ ਤਾਇਨਾਤ ਕੀਤੇ ਜਾਣ ਦਾ ਵੀ ਸੁਝਾਅ ਦਿੱਤਾ |

 

ਨਸ਼ਿਆਂ ਨੂੰ ਤਿਆਗਣ ਵਾਲੇ ਮਿੰਟੂ ਨੇ ਦੱਸਿਆ ਕਿ ਉਹ ਖੁਦ ਨਸ਼ਿਆਂ ਵਿਚ ਲੱਗ ਗਿਆ ਸੀ ਅਤੇ ਉਹ ਇਨ੍ਹਾਂ ਦੇ ਇਵਜ਼ ਵਿਚ ਹੋਰ ਚੀਜ਼ਾਂ ਦੀ ਮਦਦ ਨਾਲ ਨਸ਼ਿਆਂ ਵਿਚੋਂ ਬਾਹਰ ਨਿਕਲਿਆ |

 

ਇਸ ਮੌਕੇ ਹਾਜ਼ਰ ਹੋਰਣਾਂ ਵਿਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਹਾਜ਼ਰ ਸਨ |

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Drug related deaths shall be probed