ਪੰਜਾਬ ਪੁਲਿਸ ਦੇ ਮੁਖੀ (ਡੀਜੀਪੀ) ਸੁਰੇਸ਼ ਅਰੋੜਾ ਨੇ ਅੱਜ ਕਿਹਾ ਕਿ ਸੂਬੇ `ਚੋਂ ਨਸਿ਼ਆਂ ਦੀ ਦੁਰਵਰਤੋਂ ਤੇ ਸਮੱਗਲਿੰਗ ਦੀ ਸਮੱਸਿਆ ਦਾ ਮੁਕੰਮਲ ਖ਼ਾਤਮਾ ਕਰਨ ਲਈ ਜਿ਼ਲ੍ਹਾ ਪੁਲਿਸ ਤੇ ਵਿਸ਼ੇਸ਼ ਟਾਸਕ ਫ਼ੋਰਸ ਦੇ ਜਵਾਨ ਆਪਸ ਵਿੱਚ ਪੂਰੇ ਤਾਲਮੇਲ ਨਾਲ ਕੰਮ ਕਰਨਗੇ। ਸ੍ਰੀ ਅਰੋੜਾ ਨੇ ਪੰਜਾਬ ਪੁਲਿਸ ਦੇ ਸਾਰੇ ਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦ੍ਰਿਸ਼ਟੀਕੋਣ ਅਨੁਸਾਰ ਪੰਜਾਬ ਨੂੰ ਪੂਰੀ ਤਰ੍ਹਾਂ ‘ਨਸਿ਼ਆਂ ਤੋ਼ਂ ਮੁਕਤ` ਬਣਾਉਣ ਲਈ ਇੱਕ ਟੀਮ ਵਜੋਂ ਕੰਮ ਕਰਨ ਅਤੇ ਇਸ ਟੀਚੇ ਦੀ ਪ੍ਰਾਪਤੀ ਲਈ ਆਪਣਾ ਪੂਰਾ ਤਾਣ ਲਾ ਦੇਣ।
ਡੀਜੀਪੀ ਨੇ ਪੁਲਿਸ ਬਲਾਂ ਨੂੰ ਹੱਲਾਸ਼ੇਰੀ ਦਿੰਦਿਆਂ ਦਹਿਸ਼ਤਗਰਦੀ, ਜੱਥੇਬੰਦਕ ਅਪਰਾਧ ਤੇ ਨਸਿ਼ਆਂ ਦੇ ਸਮੱਗਲਰਾਂ ਪੂਰੀ ਤਰ੍ਹਾਂ ਚੌਕਸ ਰਹਿਣ ਦਾ ਸੱਦਾ ਦਿੱਤਾ ਅਤੇ ਅਜਿਹੀਆਂ ਸਮੱਸਿਆਵਾਂ ਦਾ ਟਾਕਰਾ ਕਰਨਾ ਲਈ ਤਕਨਾਲੋਜੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਸਲਾਹ ਵੀ ਦਿੱਤੀ।
ਅੱਜ ਸ੍ਰੀ ਸੁਰੇਸ਼ ਅਰੋੜਾ ਨੇ ਪੰਜਾਬ ਦੇ ਸਾਰੇ ਐੱਸਐੱਸਪੀਜ਼ ਤੇ ਪੁਲਿਸ ਕਮਿਸ਼ਨਰਾਂ ਨਾਲ ਇੱਕ ਮੀਟਿੰਗ ਕਰ ਕੇ ਸਮੁੱਚੇ ਹਾਲਾਤ ਦਾ ਜਾਇਜ਼ਾ ਲਿਆ। ਇਸ ਮੀਟਿੰਗ ਵਿੱਚ ਡੀਜੀਪੀ (ਇੰਟੈਲੀਜੈਂਸ) ਦਿਨਕਰ ਗੁਪਤਾ, ਡੀਜੀਪੀ (ਸਪੈਸ਼ਲ ਟਾਸਕ ਫ਼ੋਰਸ) ਮੁਹੰਮਦ ਮੁਸਤਫ਼ਾ ਤੇ ਡੀਜੀਪੀ (ਕਾਨੂੰਨ ਤੇ ਵਿਵਸਥਾ) ਐੱਚਐੱਸ ਢਿਲੋਂ ਜਿਹੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਵੀ ਸਿ਼ਰਕਤ ਕੀਤੀ।
ਡੀਜੀਪੀ ਨੇ ਪੁਲਿਸ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਸਾਰੀਆਂ ਜਨਤਕ ਥਾਵਾਂ `ਤੇ ਸੀਸੀਟੀਵੀ ਕੈਮਰੇ ਜ਼ਰੂਰ ਲਗਵਾਏ ਜਾਣ ਅਤੇ ਆਧੁਨਿਕ ਉਪਕਰਣਾਂ ਦੀ ਸਮਰੱਥਾ ਵਿੱਚ ਸੁਧਾਰ ਲਿਆਂਦਾ ਜਾਵੇ ਤੇ ਇਹ ਸਭ ਚਲਾਉਣ ਦੀ ਸਿਖਲਾਈ ਵੀ ਦਿੱਤੀ ਜਾਵੇ। ਪੁਲਿਸ ਦੇ ਜਵਾਨਾਂ ਨੂੰ ਆਪਣੇ-ਆਪ ਨੂੰ ਬਚਾਉਣ, ਕੇਨ-ਸ਼ੀਲਡਾਂ ਤੇ ਗ਼ੈਰ-ਘਾਤਕ ਉਪਕਰਣ ਵਰਤਣ ਦੀ ਪੂਰੀ ਟ੍ਰੇਨਿੰਗ ਮਿਲਣੀ ਚਾਹੀਦੀ ਹੈ।
ਇੰਟੈਲੀਜੈਂਸ ਚੀਫ਼ ਦਿਨਕਰ ਗੁਪਤਾ ਨੇ ਪੰਜਾਬ ਦੀ ਸੁਰੱਖਿਆ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਕਿਉਂਕਿ ਕੌਮਾਂਤਰੀ ਸਰਹੱਦ ਦੇ ਨਾਲ ਲੱਗਦਾ ਹੈ; ਇਸੇ ਲਈ ਦਹਿਸ਼ਤਗਰਦ ਤੱਤ ਸਦਾ ਹੀ ਕੋਈ ਨਾ ਕੋਈ ਸਮੱਸਿਆ ਖੜ੍ਹੀ ਕਰਨ ਲਈ ਤਿਆਰ ਰਹਿੰਦੇ ਹਨ। ਫਿਰ ਉਨ੍ਹਾਂ ਉੱਤਰੀ ਅਮਰੀਕਾ ਤੇ ਯੂਰੋਪ `ਚ ਬੈਠੇ ਕੱਟੜਪ੍ਰਸਤਾਂ ਦੀ ਹਮਾਇਤ ਵੀ ਹਾਸਲ ਹੈ। ਉਨ੍ਹਾਂ ਸੂਬੇ ਵਿੱਚ ਵਧੇਰੇ ਚੌਕਸੀ ਦੀ ਲੋੜ `ਤੇ ਜ਼ੋਰ ਦਿੱਤਾ।
ਡੀਜੀਪੀ (ਕਾਨੂੰਨ ਤੇ ਵਿਵਸਥਾ) ਹਰਦੀਪ ਢਿਲੋਂ ਨੇ ਆਉਂਦੇ ਤਿਉਹਾਰਾਂ ਦੇ ਮੌਸਮ ਨੂੰ ਧਿਆਨ `ਚ ਰੱਖਦਿਆਂ ਕਾਨੂੰਨ ਤੇ ਵਿਵਸਥਾ ਦੀਆਂ ਸਾਰੀਆਂ ਚੁਣੌਤੀਆਂ ਦਾ ਡਟ ਕੇ ਟਾਕਰਾ ਕਰਨ ਤੇ ਸਾਰੀਆਂ ਤਿਆਰੀਆਂ ਹੁਣੇ ਤੋਂ ਮੁਕੰਮਲ ਕਰਨ ਲਈ ਫ਼ੀਲਡ ਅਫ਼ਸਰਾਂ ਨੂੰ ਕਿਹਾ। ਉਨ੍ਹਾਂ ਕਿਹਾ ਕਿ ਸਮੁੱਚਾ ਪੁਲਿਸ ਬਲ ਡੀਜੀਪੀ ਦੀ ਅਗਵਾਈ ਹੇਠ ਪੂਰੀ ਤਰ੍ਹਾਂ ਇੱਕਜੁਟਤਾ ਨਾਲ ਕੰਮ ਕਰੇਗਾ।