ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

DSP ਅਤੁਲ ਸੋਨੀ ਪੰਜਾਬੀ ਫ਼ਿਲਮ ‘ਜੱਗਾ’ ’ਚ ਕਰ ਰਿਹੈ ‘ਬਦਮਾਸ਼ੀ’

DSP ਅਤੁਲ ਸੋਨੀ ਪੰਜਾਬੀ ਫ਼ਿਲਮ ‘ਜੱਗਾ’ ’ਚ ਕਰ ਰਿਹੈ ‘ਬਦਮਾਸ਼ੀ’

ਆਪਣੀ ਪਤਨੀ ’ਤੇ ਗੋਲੀ ਚਲਾਉਣ ਕਾਰਨ ਮੁਅੱਤਲ ਹੋਏ ਪੰਜਾਬ ਪੁਲਿਸ ਦੇ ਡੀਐੱਸਪੀ (DSP) ਅਤੁਲ ਸੋਨੀ ਹੁਣ ਇੱਕ ਪੰਜਾਬੀ ਫ਼ਿਲਮ ’ਚ ਖਲਨਾਇਕ (ਬਦਮਾਸ਼ ਜਾਂ ਵਿਲੇਨ) ਵਜੋਂ ਵਿਖਾਈ ਦੇਣਗੇ। ‘ਜੱਗਾ – ਜਗਰਾਵਾਂ ਜੋਗਾ’ ਨਾਂਅ ਦੀ ਇਹ ਫ਼ਿਲਮ ਵੈਲੇਨਟਾਈਨ ਡੇਅ ਮੌਕੇ 14 ਫ਼ਰਵਰੀ ਨੂੰ ਰਿਲੀਜ਼ ਹੋ ਰਹੀ ਹੈ।

 

 

ਚੇਤੇ ਰਹੇ ਕਿ ਬੀਤੀ 18 ਜਨਵਰੀ ਨੂੰ ਅਤੁਲ ਸੋਨੀ ਨੇ ਕਥਿਤ ਤੌਰ ’ਤੇ ਆਪਣੀ ਪਤਨੀ ਉੱਤੇ ਗੋਲੀ ਚਲਾਈ ਸੀ।

 

 

ਅਤੁਲ ਸੋਨੀ ਹੈਂਡਬਾਲ ਦੀ ਖੇਡ ਵਿੱਚ ਸਮੁੱਚੇ ਵਿਸ਼ਵ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕੋਸੋਵੋ ’ਚ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਦਾ ਹਿੱਸਾ ਵੀ ਰਹਿ ਚੁੱਕੇ ਹਨ। ਅਤੁਲ ਸੋਨੀ ਉਂਝ ‘ਸਿੰਘਮ’ ਦੇ ਨਾਂਅ ਨਾਲ ਵੀ ਜਾਣੇ ਜਾਂਦੇ ਹਨ। ਉਹ ਬਾਡੀ–ਬਿਲਡਰ ਵੀ ਹਨ ਤੇ ਆਪਣੇ ਮਜ਼ਬੂਤ ਪੱਠਿਆਂ ਕਰਕੇ ਵੀ ਜਾਣੇ ਜਾਂਦੇ ਹਨ।

 

 

ਜਦ ਤੋਂ ਪਤਨੀ ’ਤੇ ਕਥਿਤ ਗੋਲੀ ਚਲਾਉਣ ਦੀ ਘਟਨਾ ਵਾਪਰੀ ਹੈ, ਤਦ ਤੋਂ ਅਤੁਲ ਸੋਨੀ ਦੀ ਕੋਈ ਉੱਘ–ਸੁੱਘ ਨਹੀਂ ਹੈ। ਉਂਝ ਉਹ ਆਪਣੇ ਫ਼ੇਸਬੁੱਕ ਅਤੇ ਇੰਸਟਾਗ੍ਰਾਮ ਖਾਤਿਆਂ ਉੱਤੇ ਫ਼ਿਲਮ ‘ਜੱਗਾ’ ਨੂੰ ਪ੍ਰੋਮੋਟ ਕਰਦੇ ਰਹੇ ਹਨ ਪਰ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ।

 

 

ਮੋਹਾਲੀ ਦੀ ਅਦਾਲਤ ਅਤੁਲ ਸੋਨੀ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਉਨ੍ਹਾਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਵੀ ਰੱਦ ਕੀਤੀ ਜਾ ਚੁੱਕੀ ਹੈ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਹਥਿਆਰ ਨਾਲ ਗੋਲੀ ਚਲਾਈ ਗਈਸੀ; ਉਹ ਅਤੁਲ ਸੋਨੀ ਦੇ ਘਰ ’ਚੋਂ ਹੀ ਬਰਾਮਦ ਹੋ ਚੁੱਕਾ ਹੈ – ਇਸ ਲਈ ਉਨ੍ਹਾਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਬਹੁਤ ਜ਼ਰੂਰੀ ਹੈ।

 

 

ਇਸ ਮਾਮਲੇ ਦਾ ਇੱਕ ਹੋਰ ਦਿਲਚਸਪ ਪੱਖ ਇਹ ਵੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਬੀਤੇ ਦਿਨੀਂ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ਉੱਤੇ ਬਣੀ ਫ਼ਿਲਮ ‘ਸ਼ੂਟਰ’ ਉੱਤੇ ਪਾਬੰਦੀ ਲਾਈ ਸੀ ਕਿਉਂਕਿ ਉਹ ਕਥਿਤ ਤੌਰ ’ਤੇ ਹਿੰਸਾ, ਘਿਨਾਉਣੇ ਅਪਰਾਧਾਂ, ਫਿਰੌਤੀਆਂ ਵਸੂਲਣ ਤੇ ਲੋਕਾਂ ਨੂੰ ਧਮਕੀਆਂ ਦੇਣ ਨੂੰ ਹੱਲਾਸ਼ੇਰੀ ਦਿੰਦੀ ਸੀ। ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਅਤੁਲ ਸੋਨੀ ਦੀ ਫ਼ਿਲਮ ਵੀ ਗੈਂਗਸਟਰਾਂ ਉੱਤੇ ਹੀ ਆਧਾਰਤ ਹੈ।

 

 

ਬਤਰਾ ਸ਼ੋਅਬਿਜ਼ ਦੀ ਐਕਸ਼ਨ ਭਰਪੂਰ ਪੰਜਾਬੀ ਫ਼ਿਲਮ ‘ਜੱਗਾ’ ਵਿੱਚ ਇੱਕ ਵਿਅਕਤੀ ਨੂੰ ਮਜਬੂਰਨ ਅਪਰਾਧ ਜਗਤ ਵਿੱਚ ਜਾਣਾ ਪੈਂਦਾ ਹੈ। ਇਸ ਵਿੱਚ ਮੁੱਖ ਭੂਮਿਕਾ ‘ਵਿਹਲੀ ਜਨਤਾ’ ਐਲਬਮ ਤੋਂ ਪ੍ਰਸਿੱਧ ਹੋਏ ਪੰਜਾਬੀ ਗਾਇਕ ਕੁਲਬੀਰ ਝਿੰਜਰ ਨੇ ਨਿਭਾਈ ਹੈ। ਪਹਿਲਾਂ ਇਹ ਫ਼ਿਲਮ ਪਿਛਲੇ ਸਾਲ 31 ਮਈ ਨੂੰ ਰਿਲੀਜ਼ ਹੋਣੀ ਸੀ ਪਰ ਇਹ ਫ਼ਿਲਮ ਸੈਂਸਰ ਬੋਰਡ ਦੇ ਇਤਰਾਜ਼ਾਂ ਵਿੱਚ ਕਿਤੇ ਫਸ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:DSP Atul Soni is a villain in Punjabi Film Jagga