ਡੂੰਘੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਰੋਪੜ ਜ਼ਿਲ੍ਹੇ ’ਚ ਚਮਕੌਰ ਸਾਹਿਬ ਵਿਖੇ ‘ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ’ (IKG-PTU) ਦਾ ਕਾਲਜ ਖੋਲ੍ਹਣ ਦਾ ਐਲਾਨ ਕਰ ਚੁੱਕੀ ਹੈ ਤੇ ਇਸ ਨੂੰ ‘ਸਕਿੱਲ ਯੂਨੀਵਰਸਿਟੀ’ ਨਾਂਅ ਦਿੱਤਾ ਜਾ ਰਿਹਾ ਹੈ।
ਇਹ ਸਕਿੱਲ–ਯੂਨੀਵਰਸਿਟੀ ਕਾਇਮ ਕਰਨ ਦਾ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਸਾਲ 2017 ਦੇ ਸਾਲਾਨਾ ਬਜਟ ਪੇਸ਼ ਕਰਦੇ ਸਮੇਂ ਕੀਤਾ ਗਿਆ ਸੀ। ਪਰ ਆਰਥਿਕ ਸੰਕਟ ਦੇ ਚੱਲਦਿਆਂ ਸਰਕਾਰ ਨੇ 1,000 ਕਰੋੜ ਰੁਪਏ ਦੀ ਲਾਗਤ ਨਾਲ IKG-PTU ਦਾ ਇੱਕ ਹੁਨਰ–ਵਿਕਾਸ ਕਾਲਜ ਖੋਲ੍ਹਣ ਦਾ ਵਿਚਾਰ ਰੱਖਿਆ ਸੀ। ਯੂਨੀਵਰਸਿਟੀ ਦੇ ਬੋਰਡ ਆਫ਼ ਗਵਰਨਰਜ਼ ਨੇ ਚਮਕੌਰ ਸਾਹਿਬ ਵਿਖੇ 42 ਏਕੜ ਜ਼ਮੀਨ ਅਕਵਾਇਰ ਕਰਨ ਲਈ 19 ਕਰੋੜ ਰੁਪਏ ਮਨਜ਼ੂਰ ਕੀਤੇ ਸਨ।
ਬੋਰਡ ਆਫ਼ ਗਵਰਨਰਜ਼ ਦੀ ਉਸ ਮੀਟਿੰਗ ਦੀ ਕਾਰਵਾਈ ਦੇ ਵੇਰਵਿਆਂ ਵਿੱਚ ਦਰਜ ਹੈ ਕਿ ਇਹ ਕਾਲਜ ਯੂਨੀਵਰਸਿਟੀ ਦਾ ਹੋਵੇਗਾ ਤੇ ਇਸ ਦਾ ਨਾਂਅ ‘ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ’ ਹੋਵੇਗਾ।
ਸਰਕਾਰ ਨੇ ਬੋਰਡ ਆਫ਼ ਗਵਰਨਰਜ਼ ਨੂੰ ਦੱਸਿਆ ਸੀ ਕਿ ਚਮਕੌਰ ਸਾਹਿਬ ਦਾ ਕਾਲਜ ਸ਼ਾਨਦਾਰ ਹੋਵੇਗਾ ਤੇ ਯੂਨੀਵਰਸਿਟੀ ਨੂੰ ਉਸ ਕਾਲਜ ਦੀ ਇਮਾਰਤ ਦੀ ਉਸਾਰੀ ਤੇ ਹੋਰ ਬੁਨਿਆਦੀ ਢਾਂਚੇ ਦਾ ਖ਼ਰਚਾ ਝੱਲਣਾ ਹੋਵੇਗਾ। ਪ੍ਰਾਈਵੇਟ ਇੰਡਸਟ੍ਰੀਅਲ ਭਾਈਵਾਲ ਇਸ ਕਾਲਜ ਵਿੱਚ ਹੁਨਰਮੰਦੀ ਦੀ ਸਿਖਲਾਈ ਮੁਹੱਈਆ ਕਰਵਾਉਣਗੇ।
ਭਾਵੇਂ ਇਹ ਕਾਲਜ IKG-PTU ਦਾ ਹੀ ਇੱਕ ਕਾਲਜ ਹੋਵੇਗਾ ਪਰ ਤਕਨੀਕੀ ਸਿੱਖਿਆ ਬਾਰੇ ਪੰਜਾਬ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਨੂੰ ‘ਸਕਿੱਲ ਯੂਨੀਵਰਸਿਟੀ’ ਦਾ ਨਾਂਅ ਦਿੱਤਾ ਸੀ।
ਸ੍ਰੀ ਚੰਨੀ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਇਹ ਮੰਨਿਆ ਕਿ ਇਹ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਹੀ ਇੱਕ ਕਾਲਜ ਹੋਵੇਗਾ ਪਰ ਜਦੋਂ ਇਸ ਦਾ ਬੁਨਿਆਦੀ ਢਾਂਚਾ ਸਥਾਪਤ ਹੋ ਜਾਵੇਗਾ, ਤਦ ਇਸ ਨੂੰ ਇੱਕ ਸਕਿੱਲ–ਯੂਨੀਵਰਸਿਟੀ ਵਜੋਂ ਵਿਕਸਤ ਕੀਤਾ ਜਾਵੇਗਾ।
ਇੰਝ ਹੁਣ ਸੁਆਲ ਇਹ ਉੱਠ ਰਹੇ ਹਨ ਕਿ ਕੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਹੁਣ ਚੁਸਤੀ ਵਰਤ ਕੇ IKG-PTU ਦੇ ਫ਼ੰਡਾਂ ਦੀ ਵਰਤੋਂ ਇੱਕ ਹੋਰ ਯੂਨੀਵਰਸਿਟੀ ਸਥਾਪਤ ਕਰਨ ਲਈ ਕਰ ਰਹੀ ਹੈ।
ਯੂਨੀਵਰਸਿਟੀ ਦੇ ਵਾਈਸ–ਚਾਂਸਲਰ ਅਜੇ ਕੁਮਾਰ ਇਸ ਮਾਮਲੇ ਉੱਤੇ ਕੋਈ ਟਿੱਪਣੀ ਕਰਨ ਲਈ ਉਪਲਬਧ ਨਾ ਹੋ ਸਕੇ।