ਪੰਜਾਬ ਦੇ ਉੱਚ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਪੰਜਾਬ ਅਨਏਡਿਡ ਕਾਲਜਿਜ਼ ਐਸੋਸਿਏਸ਼ਨ (ਪੁੱਕਾ) ਦੇ 15 ਮੈਂਬਰੀ ਵਫ਼ਦ ਨੂੰ ਹਰੀ ਝੰਡੀ ਦਿਖਾ ਕੇ ਕੈਨੇਡਾ ਲਈ ਰਵਾਨਾ ਕੀਤਾ। ਵਫ਼ਦ ਦਾ ਉਦੇਸ਼ ਕੈਨੇਡਾ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਅਤੇ ਪੁੱਕਾ ਮੈਂਬਰਾਂ ਵਿਚਕਾਰ ਰਣਨੀਤਕ ਤਾਲਮੇਲ ਦੀਆਂ ਸੰਭਾਵਨਾਵਾਂ ਬਾਰੇ ਵਿੱਚ ਗੱਲਬਾਤ ਕਰਨਾ ਹੈ।
ਉੱਚੇਰੀ ਸਿੱਖਿਆ ਮੰਤਰੀ ਨੇ ਪੁੱਕਾ ਵਫ਼ਦ ਨੂੰ ਇਸ ਉਪਰਾਲੇ ਲਈ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਦੇ ਕਾਲਜਾਂ ਵਿੱਚ ਬੁਨਿਆਦੀ ਢਾਂਚਾ, ਟੈਕਨਾਲੋਜੀ, ਕੋਰਸ ਪਾਠਕ੍ਰਮ, ਪ੍ਰੈਕਟੀਕਲ ਅਤੇ ਹੁਨਰ ਸਿਖਲਾਈ ਆਦਿ ਨੂੰ ਅਪਗ੍ਰੇਡ ਕਰਨ ਲਈ ਵਚਨਬੱਧ ਹੈ ਤਾਂ ਜੋ ਇਸ ਨੂੰ ਅੰਤਰਰਾਸ਼ਟਰੀ ਪੱਧਰ ਦਾ ਹਾਣੀ ਬਣਾਇਆ ਜਾ ਸਕੇ। ਇਹ ਭਾਰਤੀ ਅਤੇ ਅੰਤਰਰਾਸ਼ਟਰੀ ਸਿੱਖਿਆ ਪ੍ਰਣਾਲੀ ਵਿਚਕਾਰ ਸੰਤੁਲਨ ਬਣਾਈ ਰੱਖਣ ਵਿੱਚ ਸਹਾਇਤਾ ਕਰੇਗਾ ਜਿਸ ਨਾਲ ਪੰਜਾਬ ਵਿੱਚ ਦੇ ਨੌਜਵਾਨਾਂ ਲਈ ਅੰਤਰਰਾਸ਼ਟਰੀ ਪੱਧਰ 'ਤੇ ਬਰਾਬਰ ਨੌਕਰੀ ਦੇ ਮੌਕੇ ਪੈਦਾ ਹੋਣਗੇ।
ਵਫ਼ਦ ਦੀ ਅਗਵਾਈ ਕਰ ਰਹੇ ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਇਹ ਵਫ਼ਦ ਵੈਨਕੂਵਰ, ਕੈਲਗਰੀ, ਐਡਮਿੰਟਨ, ਕੰਪਲੂਪਸ, ਵਿਕਟੋਰਿਆ, ਸਰੀ, ਐਬਾਰਟਸਫੋਰਡ, ਕੈਲੋਨਾ ਆਦਿ ਸਮੇਤ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰੇਗਾ।
ਕੈਨੇਡਾ ਇੰਟਰਨੈਸ਼ਨਲ ਅੇਜੁਕੇਸ਼ਨ ਕੰਸੋਰਟੀਅਮ, ਸ਼੍ਰੀ ਕ੍ਰਿਸ਼ਨਾ ਮੂਰਤੀ ਨੇ ਕਿਹਾ ਕਿ ਭਾਰਤ ਖਾਸ ਕਰਕੇ ਪੰਜਾਬ ਵਿੱਚ ਕੈਨੇਡੀਅਨ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਵੱਡੀ ਮੰਗ ਹੈ। ਉਨ੍ਹਾਂ ਕਿਹਾ ਕਿ ਆਪਣੀ ਉੱਚ ਸਿੱਖਿਆ ਦੇ ਲਈ ਹਰ ਸਾਲ ਅੰਦਾਜ਼ਨ ਲਗਭਗ 1.50 ਲੱਖ ਵਿਦਿਆਰਥੀ ਪੰਜਾਬ ਤੋ ਕੈਨੇਡਾ ਜਾ ਰਹੇ ਹਨ ਜਿਸ ਦੀ ਸਿੱਖਿਆ ਤੇ ਔਸਤ ਖ਼ਰਚਾ ਲਗਭਗ 15 ਲੱਖ ਦਾ ਹੈ।
ਪੰਜਾਬ ਕਾਲਜਾਂ ਦੇ ਰਣਨੀਤਿਕ ਗੱਠਜੋੜ ਦੇ ਨਾਲ ਵਿਦਿਆਰਥੀਆਂ ਨੂੰ ਕਰੇਡਿਟ ਟਰਾਂਸਫ਼ਰ ਵਿਕਲਪ ਦੇ ਨਾਲ ਮਾਈਗ੍ਰੇਟ ਕੀਤਾ ਜਾ ਸਕਦਾ ਹੈ, ਜਿਸ ਨਾਲ ਉਹ ਭਾਰਤ ਵਿੱਚ ਆਪਣੇ 2 ਸਾਲ ਅਤੇ ਕੈਨੇਡਾ ਵਿੱਚ 1-2 ਸਾਲ ਪੂਰੇ ਕਰ ਸਕਦੇ ਹਨ।