ਪੰਜਾਬ ਸਰਕਾਰ ਵੱਲੋਂ ਸੂਬੇ ਦੇ ਮਿਡ-ਡੇ-ਮੀਲ ਨੂੰ ਬੱਚਿਆਂ ਲਈ ਹੋਰ ਲਾਭਾਦਾਇਕ ਬਣਾਉਣ ਲਈ ਹਾਲ ਹੀ ਵਿੱਚ ਪੰਜਾਬ ਦੇ ਫੂਡ ਕਮਿਸ਼ਨ ਚੇਅਰਮੈਨ ਸ੍ਰੀ ਡੀ.ਪੀ ਰੈਡੀ ਅਤੇ ਮੈਂਬਰਾਂ ਵੱਲੋਂ ਆਂਦਰਾ ਪ੍ਰਦੇਸ਼ AP – Aandhra Pradesh) ਦੇ ਦੌਰੇ ਦੌਰਾਨ ਅਕਸ਼ੇ ਪਾਤਰਾ ਦੀ ਸੈਂਟਰਲੀ ਮੈਕਨਾਈਜ਼ਡ ਕਿਚਨ ਦਾ ਦੌਰਾ ਕੀਤਾ ਗਿਆ ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਕਿਸ ਤਰ੍ਹਾਂ ਮਿਡ ਡੇ ਮੀਲ ਲਈ ਸਕੂਲ ਦੇ ਬੱਚਿਆਂ ਵਾਸਤੇ ਤਾਜ਼ਾ ਤੇ ਗਰਮਾ-ਗਰਮ ਖ਼ਾਣਾ ਤਿਆਰ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਫੂਡ ਕਮਿਸ਼ਨ ਚੇਅਰਮੈਨ ਸ੍ਰੀ ਡੀ.ਪੀ ਰੈਡੀ ਨੇ ਅੱਗੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਹ ਇੱਕ ਪ੍ਰਭਾਵਸ਼ਾਲੀ ਮਾਡਲ ਹੈ, ਜਿਸ ਵਿੱਚ 25 ਕਿਲੋ ਮੀਟਰ ਦੇ ਘੇਰੇ ਵਿੱਚ ਆਉਂਦੇ ਸਕੂਲੀ ਬੱਚਿਆਂ ਲਈ ਭੋਜਨ ਦੀ ਵਿਵਸਥਾ ਕਰਨ ਹਿੱਤ ਸੁਚਾਰੂ ਰੂਪ ਵਿੱਚ ਸੈਂਟਰਲਾਈਜ਼ਡ ਰਸੋਈਆਂ ਸਥਾਪਤ ਕੀਤੀਆਂ ਗਈਆਂ ਹਨ। ਸਕੂਲਾਂ ਵਿੱਚ ਭੋਜਨ ਉਪਲਬਧ ਕਰਾਉਣ ਲਈ ਜੀ.ਪੀ.ਐਸ ਦੀ ਸਹੂਲਤ ਵਾਲੇ ਵਾਹਨ ਵਰਤੇ ਜਾ ਰਹੇ ਹਨ।
ਚੇਅਰਮੈਨ ਨੇ ਦੱਸਿਆ ਕਿ ਇਸ ਪ੍ਰਣਾਲੀ ਸਬੰਧੀ ਭਰਪੂਰ ਜਾਣਕਾਰੀ ਤੇ ਜਾਇਜ਼ਾ ਲੇਣ ਲਈ ਅਕਸ਼ੇ ਪਾਤਰਾ ਤੇ ਇਸਕੋਨ ਗਰੁੱਪ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਤੇ ਇਸ ਮੀਟਿੰਗ ਵਿੱਚ ਸ੍ਰੀ ਕ੍ਰਿਸ਼ਨ ਕੁਮਾਰ, ਆਈ.ਏ.ਐਸ., ਸਿੱਖਿਆ ਸਕੱਤਰ ਪੰਜਾਬ, ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਡਾਇਰੈਕਟਰ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਹੋਏ।
ਸ੍ਰੀ ਰੈਡੀ ਨੇ ਕਿਹਾ ਕਿ ਅਕਸ਼ੇ ਪਾਤਰਾ ਗਰੁੱਪ ਦੇ ਨੁਮਾਇੰਦੇ ਸ੍ਰੀ ਰਘੂਪਥੀ ਦਾਸ ਨੇ ਇੱਛਾ ਪ੍ਰਗਟਾਈ ਕਿ ਜੇਕਰ ਸੂਬੇ ਦੇ ਸਿੱਖਿਆ ਵਿਭਾਗ ਵੱਲੋਂ ਇਸ ਪ੍ਰਸਤਾਵ ਪ੍ਰਤੀ ਸਹਿਮਤੀ ਬਣਦੀ ਹੈ ਤਾਂ ਬਿਲਕੁਲ ਅਜਿਹੇ ਉਪਰਾਲੇ ਪੰਜਾਬ ਵਿੱਚ ਸ਼ੁਰੂ ਕੀਤੇ ਜਾ ਸਕਦੇ ਹਨ। ਉਹ ਪਹਿਲਾਂ ਹੀ ਸਾਲ 2000 ਤੋਂ ਮਿਡ ਡੇ ਮੀਲ ਸਕੀਮ ਤਹਿਤ 12 ਸੂਬਿਆਂ ਵਿੱਚ ਭੋਜਨ ਮੁਹੱਈਆ ਕਰਵਾ ਰਹੇ ਹੈ। ਇਸਕੋਨ ਗਰੁੱਪ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਉਹ ਵੀ ਅਕਸ਼ੇ ਪਾਤਰਾ ਗਰੁੱਪ ਵਾਂਗ ਹੀ ਕੰਮ ਕਰ ਰਹੇ ਹਨ ਅਤੇ ਦੋਵੇਂ ਗਰੁੱਪ ਪੰਜਾਬ ਵਿੱਚ ਇਸੇ ਤਰਜ਼ ਦਾ ਮਾਡਲ ਸ਼ੁਰੂ ਕਰਨ ਲਈ ਸੁਹਿਰਦ ਹਨ।
ਮਿਡ ਡੇ ਮੀਲ ਦੇ ਨਾਲ -ਨਾਲ ਆਂਗਣਵਾੜੀਆਂ ਲਈ ਵੀ ਭੋਜਨ ਦੀ ਪੂਰਤੀ ਸਬੰਧੀ ਸੰਭਾਵਨਾ ਤਲਾਸ਼ਣ ਲਈ ਚੇਅਰਮੈਨ ਨੇ ਦੋਵੇਂ ਗਰੁੱਪਾਂ ਦੇ ਨੁਮਾਇੰਦਿਆਂ ਤੋਂ ਸੁਝਾਅ ਮੰਗੇ ਅਤੇ ਅਕਸ਼ੇ ਪਾਤਰਾ ਗਰੁੱਪ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਆਂਗਣਵਾੜੀਆਂ ਲਈ ਵੀ ਭੋਜਨ ਦੀ ਵਿਵਸਥਾ ਕੀਤੀ ਜਾ ਸਕਦੀ ਹੈ ਕਿਉਂ ਜੋ ਕਈ ਸੂਬਿਆਂ ਵਿੱਚ ਉਨ੍ਹਾਂ ਦੇ ਗਰੁੱਪ ਵੱਲੋਂ ਆਂਗਣਵਾੜੀਆਂ ਲਈ ਭੋਜਨ ਦੀ ਸਪਲਾਈ ਦਿੱਤੀ ਜਾ ਰਹੀ ਹੈ।
ਸਿੱਖਿਆ ਸਕੱਤਰ ਨੇ ਸੁਝਾਅ ਦਿੱਤਾ ਕਿ ਪਹਿਲਾਂ ਇਹ ਸਕੀਮ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤੀ ਜਾਵੇ ਅਤੇ ਪਾਇਲਟ ਪ੍ਰੋਜੈਕਟ ਦੀ ਕਾਮਯਾਬੀ ਤੋਂ ਬਾਅਦ ਸਮੁੱਚੇ ਪੰਜਾਬ ਵਿੱਚ ਇਸਨੂੰ ਲਾਗੂ ਕਰਨ ਬਾਰੇ ਵਿਚਾਰਿਆ ਜਾਵੇਗਾ। ਉਨ੍ਹਾਂ ਮਿਡ ਡੇ ਮੀਲ ਸਕੀਮ ਵਿੱਚ ਅਕਸ਼ੇ ਪਾਤਰਾ ਤੇ ਇਸਕੋਨ ਗਰੁੱਪ ਦਾ ਸਹਿਯੋਗ ਲਿਆ ਜਾਵੇਗਾ। ਸਿੱਖਿਆ ਸਕੱਤਰ ਨੇ ਉਕਤ ਸੰਗਠਨਾਂ ਵੱਲੋਂ ਹੋਰਾਂ ਸੂਬਿਆਂ ਨਾਲ ਸਹੀਬੱਧ ਕੀਤੇ ਐਮ.ਓ.ਯੂ (ਸਮਝੌਤਾ) ਦੀ ਕਾਪੀ ਦੀ ਮੰਗ ਕੀਤੀ। ਪ੍ਰੋਜੈਕਟ ਦੇ ਵਿਸਤ੍ਰਿਤ ਅਧਿਐਨ ਤੋਂ ਬਾਅਦ ਹੀ ਇਹ ਫੈਸਲਾ ਲਿਆ ਜਾਵੇਗਾ ਅਤੇ ਦੋਵੇਂ ਗਰੁੱਪਾਂ (ਅਕਸ਼ੇ ਪਾਤਰਾ ਤੇ ਇਸਕੋਨ) ਨੂੰ ਇੱਕ-ਇੱਕ ਜ਼ਿਲ੍ਹਾ ਪਾਇਲਟ ਪ੍ਰੋਜੈਕਟ ਵਜੋਂ ਦਿੱਤਾ ਜਾਵੇਗਾ।
ਸਿੱਖਿਆ ਸਕੱਤਰ ਨੇ ਇਹ ਸੁਝਾਅ ਵੀ ਦਿੱਤਾ ਕਿ ਸਿੱਖਿਆ ਵਿਭਾਗ ਅਧਿਆਪਕਾਂ ਦਾ ਇੱਕ ਵਫਦ ਰਾਜਸਥਾਨ ਵਿੱਚ ਅਕਸ਼ੇ ਪਾਤਰਾ ਸਮੂਹ ਵੱਲੋਂ ਚਲਾਈ ਜਾ ਰਹੀ ਸੈਂਟਰਲਾਈਜ਼ਡ ਰਸੋਈ ਦਾ ਦੌਰਾ ਵੀ ਕਰੇਗਾ ਤਾਂ ਜੋ ਉੱਥੇ ਚਲਾਈ ਜਾ ਰਹੀ ਮਿਡ ਡੇ ਮੀਲ ਸਕੀਮ ਦੇ ਕੰਮ ਕਾਜ ਨੂੰ ਦੇਖਿਆ ਜਾ ਸਕੇ।
.