ਬਾਸਮਤੀ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਪੰਜਾਬ ਸਰਕਾਰ ਵੱਲੋਂ ਸੂਬੇ ਵਿਚਲੇ ਸਾਰੇ ਬਾਸਮਤੀ ਉਤਪਾਦਕਾਂ ਦੀ ਰਜਿਸਟ੍ਰੇਸ਼ਨ ਦਾ ਮਹੱਤਵਪੂਰਨ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ।
ਇਸ ਪ੍ਰਾਜੈਕਟ ਤਹਿਤ ਉਹਨਾਂ ਦੇ ਨਿੱਜੀ ਵੇਰਵੇ ਅਤੇ ਉਹਨਾਂ ਦੇ ਉਤਪਾਦਾਂ ਸਬੰਧੀ ਜਾਣਕਾਰੀ ਭਾਰਤ ਸਰਕਾਰ ਦੇ ਬਾਸਮਤੀ ਪੋਰਟਲ ’ਤੇ ਅਪਲੋਡ ਕੀਤੀ ਜਾ ਰਹੀ ਹੈ। ਇਹ ਪ੍ਰਕਿਰਿਆ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡੱਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏ.ਪੀ.ਈ.ਡੀ.ਏ.) ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਸਕੱਤਰ ਖੇਤੀਬਾੜੀ, ਸ. ਕੇ.ਐਸ. ਪਨੂੰ ਨੇ ਕਿਹਾ ਕਿ ਸੂਬੇ ਵਿੱਚ ਇਹ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੇ ਜ਼ੋਰਾਂ ’ਤੇ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਭਾਗ ਦਾ ਫੀਲਡ ਸਟਾਫ਼ ਬਾਸਮਤੀ ਚਾਵਲ ਉਤਪਾਦਕਾਂ ਦੇ ਨਾਮ ਅਤੇ ਮੋਬਾਈਲ ਨੰਬਰਾਂ ਦੇ ਨਾਲ ਨਾਲ ਉਨ੍ਹਾਂ ਦੇ ਖੇਤਾਂ ਦੀ ਭੂਗੋਲਿਕ ਸਥਿਤੀ ਸੰਬੰਧੀ ਵੇਰਵੇ ਪੋਰਟਲ ਉੱਤੇ ਅਪਲੋਡ ਕਰਵਾ ਰਿਹਾ ਹੈ।
ਇਸ ਤੋਂ ਇਲਾਵਾ ਕਿਸਾਨਾਂ ਦੁਆਰਾ ਫ਼ਸਲਾਂ ਲਈ ਵਰਤੀਆਂ ਜਾਂਦੀਆਂ ਖਾਦਾਂ ਅਤੇ ਕੀਟਨਾਸ਼ਕਾਂ ਦੇ ਵੇਰਵੇ ਸਬੰਧੀ ਜਾਣਕਾਰੀ ਵੀ ਦਰਜ ਕੀਤੀ ਜਾ ਰਹੀ ਹੈ ਤਾਂ ਜੋ ਖਰੀਦਦਾਰਾਂ ਨੂੰ ਫਸਲ ਦੀ ਗੁਣੱਵਤਾ ਬਾਰੇ ਅਗਾਉਂ ਜਾਣਕਾਰੀ ਮਿਲ ਸਕੇ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਤਕਰੀਬਨ 70,000 ਬਾਸਮਤੀ ਕਿਸਾਨ ਰਜਿਸਟਰ ਕੀਤੇ ਗਏ ਹਨ ਜਦਕਿ 1,37,864 ਹੈਕਟੇਅਰ ਵਿੱਚ ਫੈਲੇ 25,000 ਖੇਤਾਂ ਦੀ ਟੈਗਿੰਗ ਵੀ ਕੀਤੀ ਗਈ ਹੈ।
ਸ. ਪਨੂੰ ਨੇ ਕਿਹਾ ਕਿ ਰਜਿਸਟ੍ਰੇਸ਼ਨ ਪ੍ਰਕਿਰਿਆ ਮੁਕੰਮਲ ਹੋਣ ਬਾਅਦ ਕਿਸਾਨਾਂ ਨੂੰ ਵਿਸ਼ੇਸ਼ ਆਈ.ਡੀ. ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਹਨ ਅਤੇ ਦੱਸਿਆ ਕਿ ਹੁਣ ਤੱਕ 15,000 ਸਰਟੀਫਿਕੇਟ ਜਾਰੀ ਕੀਤੇ ਜਾ ਚੁੱਕੇ ਹਨ।